ਨਵੀਂ ਦਿੱਲੀ : ਸੰਸਦ ਦੇ ਵਿਸ਼ੇਸ਼ ਅਜਲਾਸ ਦੇ ਪਹਿਲੇ ਦਿਨ ਸੋਮਵਾਰ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਬਦਲਣਾ ਹੈ ਤਾਂ ਦੇਸ਼ ਦੇ ਹਾਲਾਤ ਬਦਲੋ। ਮੰਗਲਵਾਰ ਤੋਂ ਸੰਸਦ ਦੀ ਕਾਰਵਾਈ ਨਵੀਂ ਸੰਸਦ ਵਿਚ ਚੱਲੇਗੀ। ਪੁਰਾਣੀ ਸੰਸਦ ਵਿਚ ਬਿਤਾਏ ਦਿਨਾਂ ਨੂੰ ਯਾਦ ਕਰਦਿਆਂ ਕਾਂਗਰਸ ਪ੍ਰਧਾਨ ਖੜਗੇ ਨੇ ਕਿਹਾ-ਇਨ੍ਹਾਂ 75 ਸਾਲਾਂ ਵਿਚ ਅਸੀਂ ਬਹੁਤ ਕੁਝ ਦੇਖਿਆ ਤੇ ਸਿੱਖਿਆ। ਮੈਂ 52 ਸਾਲ ਇਥੇ ਬਿਤਾਏ। ਇਸ ਭਵਨ ਵਿਚ ਹੀ ਸੰਵਿਧਾਨ ਬਣਿਆ। 26 ਨਵੰਬਰ 1949 ਵਿਚ ਸੰਵਿਧਾਨ ਸਭਾ ਦੀ ਬਹਿਸ ਸੁਣਨ ਲਈ ਕਰੀਬ 53 ਹਜ਼ਾਰ ਲੋਕ ਆਏ ਸਨ। ਉਹ ਅਜਿਹਾ ਵਕਤ ਸੀ, ਜਦ ਸਭ ਨੂੰ ਨਾਲ ਲੈ ਕੇ ਚੱਲਿਆ ਜਾਂਦਾ ਸੀ। ਉਸ ਸਮੇਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਸਨ।
ਉਨ੍ਹਾ ਅੱਗੇ ਕਿਹਾ-ਬਦਲਣਾ ਹੈ ਤਾਂ ਹੁਣ ਹਾਲਾਤ ਬਦਲੋ, ਨਾਂਅ ਬਦਲਣ ਨਾਲ ਕੀ ਹੁੰਦਾ ਹੈ? ਦੇਣਾ ਹੈ ਤਾਂ ਨੌਜਵਾਨਾਂ ਨੂੰ ਰੁਜ਼ਗਾਰ ਦਿਓ, ਸਭ ਨੂੰ ਬੇਰੁਜ਼ਗਾਰ ਕਰਕੇ ਕੀ ਹੁੰਦਾ ਹੈ। ਦਿਲ ਨੂੰ ਥੋੜ੍ਹਾ ਵੱਡਾ ਕਰਕੇ ਦੇਖੋ ਲੋਕਾਂ ਨੂੰ ਮਾਰਨ ਨਾਲ ਕੀ ਹੁੰਦਾ ਹੈ। ਕੁਝ ਨਹੀਂ ਕਰ ਸਕਦੇ ਤਾਂ ਕੁਰਸੀ ਛੱਡ ਦਿਓ, ਗੱਲ-ਗੱਲ ’ਤੇ ਡਰਾਉਣ ਨਾਲ ਕੀ ਹੁੰਦਾ ਹੈ। ਆਪਣੀ ਹੁਕਮਰਾਨੀ ’ਤੇ ਤੁਹਾਨੂੰ ਗਰੂਰ ਹੈ। ਲੋਕਾਂ ਨੂੰ ਡਰਾਉਣ-ਧਮਕਾਉਣ ਨਾਲ ਕੀ ਹੁੰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ’ਚ ਕਿਹਾ ਕਿ ਨਵੇਂ ਕੰਪਲੈਕਸ ’ਚ ਜਾਣ ਤੋਂ ਪਹਿਲਾਂ ਇਸ ਸੰਸਦ ਭਵਨ ਨਾਲ ਜੁੜੇ ਪ੍ਰੇਰਨਾਦਾਇਕ ਪਲਾਂ ਨੂੰ ਯਾਦ ਕਰਨ ਦਾ ਸਮਾਂ ਆ ਗਿਆ ਹੈ। ਇਹ ਪੁਰਾਣਾ ਸੰਸਦ ਭਵਨ ਸਾਡੇ ਦੇਸ਼ਵਾਸੀਆਂ ਦੇ ਪਸੀਨੇ, ਮਿਹਨਤ ਅਤੇ ਪੈਸੇ ਨਾਲ ਬਣਿਆ ਹੈ। ਜੀ-20 ਸੰਮੇਲਨ ਦੀ ਸਫਲਤਾ ਕਿਸੇ ਇਕ ਵਿਅਕਤੀ ਜਾਂ ਕਿਸੇ ਇਕ ਪਾਰਟੀ ਦੀ ਨਹੀਂ, ਸਗੋਂ ਪੂਰੇ ਦੇਸ਼ ਦੀ ਸਫਲਤਾ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਨਿਰਮਾਣ ’ਚ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਲਾਲ ਬਹਾਦਰ ਸ਼ਾਸਤਰੀ, ਪੀ ਵੀ ਨਰਸਿਮਹਾ ਰਾਓ, ਅਟਲ ਬਿਹਾਰੀ ਵਾਜਪਾਈ ਅਤੇ ਮਨਮੋਹਨ ਸਿੰਘ ਸਮੇਤ ਕਈ ਨੇਤਾਵਾਂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪਿਛਲੇ 75 ਸਾਲਾਂ ’ਚ ਇਹ ਭਾਰਤੀ ਲੋਕਤੰਤਰ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਸੰਸਦ ਵਿਚ ਆਮ ਲੋਕਾਂ ਦਾ ਭਰੋਸਾ ਵਧਿਆ ਹੈ। ਆਪਣੇ ਸੁਭਾਅ ਮੁਤਾਬਕ ਮੋਦੀ ਨੇ ਇਹ ਵੀ ਕਿਹਾ ਕਿ ਐਮਰਜੰਸੀ ਤੇ ਨੋਟ ਬਦਲੇ ਵੋਟ ਵਰਗੇ ਮਾਮਲੇ ਵੀ ਪੁਰਾਣੇ ਸੰਸਦ ਭਵਨ ਨੇ ਦੇਖੇ।