ਹੈਦਰਾਬਾਦ : ਸੀ ਪੀ ਆਈ ਦੇ ਜਨਰਲ ਸਕੱਤਰ ਡੀ ਰਾਜਾ ਨੇ ਕਿਹਾ ਕਿ ਆਜ਼ਾਦੀ ਸੰਗਰਾਮ ਤੇ ਹੈਦਰਾਬਾਦ ਦੇ ਨਿਜ਼ਾਮ ਦੇ ਰਾਜ ਖਿਲਾਫ ਖੱਬੇਪੱਖੀਆਂ ਨੇ ਦਲੇਰਾਨਾ ਰੋਲ ਨਿਭਾਇਆ ਸੀ, ਜਦਕਿ ਭਾਜਪਾ ਦੇ ਪਹਿਲੇ ਰੂਪ ਜਨਸੰਘ ਤੇ ਆਰ ਐੱਸ ਐੱਸ ਦਾ ਆਜ਼ਾਦੀ ਦੀ ਲੜਾਈ ਵਿਚ ਕੋਈ ਰੋਲ ਨਹੀਂ ਰਿਹਾ।
ਪਾਰਟੀ ਵੱਲੋਂ ਆਯੋਜਤ ਇਕ ਹਫਤੇ ਦੇ ‘ਤਿਲੰਗਾਨਾ ਹਥਿਆਰਬੰਦ ਸੰਘਰਸ਼’ ਸਮਾਰੋਹ ਦੀ ਸਮਾਪਤੀ ’ਤੇ ਕਾਮਰੇਡ ਰਾਜਾ ਨੇ ਕਿਹਾ ਕਿ ਖੱਬੇਪੱਖੀਆਂ ਵੱਲੋਂ ਨਿਭਾਏ ਗਏ ਦਲੇਰਾਨਾ ਰੋਲ ਦਾ ਜ਼ਿਕਰ ਕੀਤੇ ਬਿਨਾਂ ਕੋਈ ਆਧੁਨਿਕ ਭਾਰਤ ਤੇ ਤਿਲੰਗਾਨਾ ਦਾ ਇਤਿਹਾਸ ਨਹੀਂ ਲਿਖ ਸਕਦਾ। ਨਿਜ਼ਾਮ ਸ਼ਾਸਨ ਦੇ ਅਧੀਨ ਰਹੇ ਹੈਦਰਾਬਾਦ ਨੂੰ ‘ਅਪ੍ਰੇਸ਼ਨ ਪੋਲੋ’ ਨਾਂਅ ਦੇ ਪੁਲਸ ਅਪ੍ਰੇਸ਼ਨ ਦੇ ਬਾਅਦ ਭਾਰਤੀ ਸੰਘ ਵਿਚ ਮਿਲਾ ਲਿਆ ਗਿਆ ਸੀ। ਅਪ੍ਰੇਸ਼ਨ ਪੋਲੋ 17 ਸਤੰਬਰ 1948 ਨੂੰ ਸ਼ੁਰੂ ਹੋਇਆ ਸੀ। ਇਸ ਦੀ 75ਵੀਂ ਵਰ੍ਹੇਗੰਢ ਦੇ ਮੌਕੇ ਆਯੋਜਤ ਪ੍ਰੋਗਰਾਮ ਵਿਚ ਕਾਮਰੇਡ ਰਾਜਾ ਨੇ ਕਿਹਾ-ਇਤਿਹਾਸ ਦਾ ਇਹ ਵਿਰੋਧਾਭਾਸ ਹੈ ਕਿ ਭਾਜਪਾ ਇਸ ਦਿਨ ਨੂੰ ਮਨਾ ਰਹੀ ਹੈ, ਇੱਥੋਂ ਤੱਕ ਕਿ ਭਾਰਤ ਰਾਸ਼ਟਰ ਸਮਿਤੀ ਵੀ ਇਹ ਦਿਨ ਮਨਾ ਰਹੀ ਹੈ। ਚਾਹੇ ਕਿਸੇ ਵੀ ਨਾਂਅ ਨਾਲ ਇਸ ਨੂੰ ਮਨਾਇਆ ਜਾਏ ਪਰ ਭਾਜਪਾ ਦਾ ਕੀ ਰੋਲ ਸੀ? ਭਾਜਪਾ ਦਾ ਪਹਿਲਾ ਰੂਪ ਜਨਸੰਘ ਹੈ, ਜਿਸ ਦਾ ਵਿਚਾਰਕ ਗੁਰੂ ਆਰ ਐੱਸ ਐੱਸ ਹੈ। ਉਨ੍ਹਾਂ ਦਾ ਸਾਡੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਕੋਈ ਰੋਲ ਨਹੀਂ ਹੈ।