ਨਵੀਂ ਦਿੱਲੀ : ਬਿ੍ਰਟਿਸ਼-ਭਾਰਤੀ ਨਾਵਲਕਾਰ ਸਲਮਾਨ ਰਸ਼ਦੀ ਦਾ ਵਿਵਾਦਪੂਰਨ ਨਾਵਲ ‘ਦ ਸੈਟੇਨਿਕ ਵਰਸਿਜ਼’ (ਸ਼ੈਤਾਨ ਦੀਆਂ ਆਇਤਾਂ) ਉਸ ਵੇਲੇ ਦੀ ਰਾਜੀਵ ਗਾਂਧੀ ਸਰਕਾਰ ਵੱਲੋਂ ਪਾਬੰਦੀ ਲਾਏ ਜਾਣ ਤੋਂ 36 ਸਾਲ ਬਾਅਦ ਹੁਣ ਚੁੱਪ-ਚੁਪੀਤੇ ਭਾਰਤ ਆ ਗਿਆ ਹੈ। ਇਸ ਨੂੰ ਇਸਲਾਮ ਵਿਰੋਧੀ ਕੁਫ਼ਰ ਕਰਾਰ ਦਿੱਤਾ ਗਿਆ ਸੀ ਅਤੇ ਦੁਨੀਆ ਭਰ ਦੇ ਮੁਸਲਿਮ ਭਾਈਚਾਰੇ ਵੱਲੋਂ ਇਸ ਦਾ ਸਖਤ ਵਿਰੋਧ ਕੀਤਾ ਗਿਆ ਸੀ। ਇਸ ਦਾ ‘ਸੀਮਤ ਸਟਾਕ’ ਪਿਛਲੇ ਕੁਝ ਦਿਨਾਂ ਤੋਂ ਕੌਮੀ ਰਾਜਧਾਨੀ ਦੇ ਬਾਹਰੀ ਸਨਜ਼ ਬੁੱਕਸੈਲਰਜ਼ ’ਤੇ ਵਿਕ ਰਿਹਾ ਹੈ। ਬਾਹਰੀ ਸਨਜ਼ ਬੁੱਕਸੈਲਰਜ਼ ਦੀ ਮਾਲਕ ਰਜਨੀ ਮਲਹੋਤਰਾ ਨੇ ਦੱਸਿਆਸਾਨੂੰ ਨਾਵਲ ਪ੍ਰਾਪਤ ਹੋਇਆਂ ਕੁਝ ਦਿਨ ਹੋਏ ਹਨ ਅਤੇ ਹੁਣ ਤੱਕ ਦਾ ਹੁੰਗਾਰਾ ਬਹੁਤ ਵਧੀਆ ਰਿਹਾ ਹੈ। ਵਿਕਰੀ ਚੰਗੀ ਚੱਲ ਰਹੀ ਹੈ। ਇਸ ਦੀ ਕੀਮਤ 1,999 ਰੁਪਏ ਹੈ, ਜੋ ਸਿਰਫ ਦਿੱਲੀ-ਐੱਨ ਸੀ ਆਰ ’ਚ ਬਾਹਰੀ ਸਨਜ਼ ਬੁੱਕਸੈਲਰਜ਼ ਦੇ ਸਟੋਰਾਂ ’ਤੇ ਉਪਲੱਬਧ ਹੈ।
ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਉਤੇ ਇੱਕ ਪੋਸਟ ’ਚ ਕਿਤਾਬਫ਼ਰੋਸ਼ ਅਦਾਰੇ ਨੇ ਕਿਹਾਇਸ ਸ਼ਾਨਦਾਰ ਅਤੇ ਭੜਕਾਊ ਨਾਵਲ ਨੇ ਆਪਣੇ ਕਲਪਨਾਮਈ ਕਹਾਣੀ ਸੁਣਾਉਣ ਦੇ ਢੰਗ ਅਤੇ ਦਲੇਰ ਥੀਮਾਂ ਨਾਲ ਦਹਾਕਿਆਂ ਤੋਂ ਪਾਠਕਾਂ ਨੂੰ ਮੋਹਿਤ ਕੀਤਾ ਹੈ। ਇਹ ਆਪਣੀ ਰਿਲੀਜ਼ ਤੋਂ ਹੀ ਜ਼ੋਰਦਾਰ ਆਲਮੀ ਵਿਵਾਦ ਦਾ ਕੇਂਦਰ ਵੀ ਰਿਹਾ ਹੈ, ਜਿਸ ਨੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ, ਅਕੀਦੇ ਅਤੇ ਕਲਾ ਆਦਿ ਬਾਰੇ ਬਹਿਸਾਂ ਛੇੜ ਦਿੱਤੀਆਂ।
ਕਿਤਾਬ ਦੇ ਪ੍ਰਕਾਸ਼ਕ ਪੈਂਗੁਇਨ ਰੈਂਡਮ ਹਾਊਸ ਇੰਡੀਆ ਦੀ ਮੁੱਖ ਸੰਪਾਦਕ ਮਾਨਸੀ ਸੁਬਰਾਮਨੀਅਮ ਨੇ ਵੀ ਰਸ਼ਦੀ ਦੇ ਹਵਾਲੇ ਨਾਲ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਪੋਸਟ ਕੀਤਾ ਹੈ। ਉਸ ਨੇ ਕਿਹਾਭਾਸ਼ਾ ਦਲੇਰੀ ਹੈ : ਇੱਕ ਵਿਚਾਰ ਨੂੰ ਚਿਤਵਣ ਦੀ, ਇਸ ਨੂੰ ਬੋਲਣ ਦੀ ਅਤੇ ਅਜਿਹਾ ਕਰਦਿਆਂ ਇਸ ਨੂੰ ਸੱਚ ਬਣਾਉਣ ਦੀ ਯੋਗਤਾ ਦੀ। ਆਖਰ ‘ਸ਼ੈਤਾਨ ਦੀਆਂ ਆਇਤਾਂ’ ਨਾਵਲ ਨੂੰ 36 ਸਾਲਾਂ ਦੀ ਪਾਬੰਦੀ ਤੋਂ ਬਾਅਦ ਭਾਰਤ ’ਚ ਵੇਚਣ ਦੀ ਇਜਾਜ਼ਤ ਮਿਲੀ ਹੈ। ਕਿਤਾਬਾਂ ਦੀਆਂ ਹੋਰ ਦੁਕਾਨਾਂ, ਜਿਵੇਂ ਮਿਡਲੈਂਡ ਬੁੱਕ ਸ਼ਾਪ ਅਤੇ ਓਮ ਬੁੱਕ ਸ਼ਾਪ ਆਦਿ ਦੀ ਨਾਵਲ ਨੂੰ ਦਰਾਮਦ ਕਰਨ ਦੀ ਯੋਜਨਾ ਨਹੀਂ ਹੈ। ਇਸ ਤੋਂ ਪਹਿਲਾਂ ਬੀਤੇ ਨਵੰਬਰ ’ਚ ਦਿੱਲੀ ਹਾਈ ਕੋਰਟ ਨੇ ਰਾਜੀਵ ਗਾਂਧੀ ਸਰਕਾਰ ਵੱਲੋਂ ਨਾਵਲ ’ਤੇ ਲਾਈ ਪਾਬੰਦੀ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ ਕਾਰਵਾਈ ਇਹ ਕਹਿੰਦਿਆਂ ਬੰਦ ਕਰ ਦਿੱਤੀ ਸੀ ਕਿ ਅਧਿਕਾਰੀ ਸੰਬੰਧਤ ਨੋਟੀਫਿਕੇਸ਼ਨ ਪੇਸ਼ ਕਰਨ ’ਚ ਨਾਕਾਮ ਰਹੇ ਹਨ। ਹਾਈ ਕੋਰਟ ਨੇ ਆਪਣੇ ਹੁਕਮਾਂ ਵਿੱਚ ਕਿਹਾ ਸੀ, ਇਸ ਲਈ ਇਹ ਮੰਨ ਲਿਆ ਜਾਣਾ ਚਾਹੀਦਾ ਹੈ ਕਿ ਇਹ ਮੌਜੂਦ ਨਹੀਂ ਹੈ।
ਇਹ ਹੁਕਮ ਸਰਕਾਰੀ ਅਧਿਕਾਰੀਆਂ ਵੱਲੋਂ 5 ਅਕਤੂਬਰ, 1988 ਦਾ ਉਹ ਨੋਟੀਫਿਕੇਸ਼ਨ ਪੇਸ਼ ਕਰਨ ’ਚ ਅਸਫਲ ਰਹਿਣ ਤੋਂ ਬਾਅਦ ਆਇਆ, ਜਿਸ ਤਹਿਤ ਨਾਵਲ ਦੀ ਦਰਾਮਦ ਉਤੇ ਪਾਬੰਦੀ ਲਗਾਈ ਗਈ ਸੀ। ਹਾਈ ਕੋਰਟ ਨੇ ਕਿਹਾ ਸੀਇਨ੍ਹਾਂ ਹਾਲਾਤ ਦੇ ਮੱਦੇਨਜ਼ਰ, ਸਾਡੇ ਕੋਲ ਇਹ ਮੰਨਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਕਿ ਅਜਿਹਾ ਕੋਈ ਨੋਟੀਫਿਕੇਸ਼ਨ ਮੌਜੂਦ ਨਹੀਂ ਹੈ ਅਤੇ ਇਸ ਲਈ ਅਸੀਂ ਇਸ ਦੀ ਵਾਜਬੀਅਤ ਦੀ ਘੋਖ ਨਹੀਂ ਕਰ ਸਕਦੇ ਅਤੇ ਰਿਟ ਪਟੀਸ਼ਨ ਨੂੰ ਬੇਕਾਰ ਹੋਣ ਕਾਰਨ ਇਸ ਦਾ ਨਿਬੇੜਾ ਕੀਤਾ ਜਾਂਦਾ ਹੈ।
ਨਾਵਲ ਆਪਣੇ ਪ੍ਰਕਾਸ਼ਨ ਤੋਂ ਥੋੜ੍ਹੀ ਦੇਰ ਬਾਅਦ ਹੀ ਭਾਰੀ ਵਿਵਾਦ ਵਿਚ ਘਿਰ ਗਿਆ ਸੀ। ਇਸ ਕਾਰਨ ਉਸ ਸਮੇਂ ਈਰਾਨ ਦੇ ਸੁਪਰੀਮ ਆਗੂ ਰੂਹੇੇਲਾ ਖੁਮੈਨੀ ਨੇ ਰਸ਼ਦੀ ਅਤੇ ਉਸ ਦੇ ਪ੍ਰਕਾਸ਼ਕਾਂ ਨੂੰ ਮਾਰਨ ਲਈ ਫਤਵਾ ਜਾਰੀ ਕੀਤਾ ਸੀ। ਇਸ ਦੇ ਸਿੱਟੇ ਵਜੋਂ ਰਸ਼ਦੀ ਨੇ ਯੂ ਕੇ ਅਤੇ ਅਮਰੀਕਾ ’ਚ ਲਗਭਗ 10 ਸਾਲ ਲੁਕ ਕੇ ਬਿਤਾਏ ਸਨ। ਜੁਲਾਈ 1991 ’ਚ ਇਸ ਨਾਵਲਕਾਰ ਦੇ ਜਾਪਾਨੀ ਅਨੁਵਾਦਕ ਹਿਤੋਸ਼ੀ ਇਗਰਾਸ਼ੀ ਦਾ ਉਸ ਦੇ ਦਫਤਰ ’ਚ ਕਤਲ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ 12 ਅਗਸਤ, 2022 ਨੂੰ ਲਿਬਨਾਨੀ-ਅਮਰੀਕੀ ਹਾਦੀ ਮਾਤਰ ਨੇ ਰਸ਼ਦੀ ’ਤੇ ਇਕ ਲੈਕਚਰ ਦਿੰਦੇ ਸਮੇਂ ਸਟੇਜ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ। ਇਸ ਹਮਲੇ ਕਾਰਨ ਸਲਮਾਨ ਰਸ਼ਦੀ ਦੀ ਇਕ ਅੱਖ ਦੀ ਰੌਸ਼ਨੀ ਜਾਂਦੀ ਰਹੀ ਸੀ। ਉਂਝ ਇਹ ਨਾਵਲ ਭਾਵੇਂ ਬਾਹਰੀ ਸਨਜ਼ ਵਿਖੇ ਖਰੀਦਣ ਲਈ ਉਪਲੱਬਧ ਹੈ, ਪਰ ਇਸ ਪ੍ਰਤੀ ਪਾਠਕਾਂ ਨੇ ਮਿਲੀ-ਜੁਲੀ ਪ੍ਰਤੀਕਿਰਿਆ ਦਿੱਤੀ ਹੈ, ਖਾਸਕਰ ਇਸ ਦੀ ਕੀਮਤ ਕਾਰਨ। ਬਹੁਤੇ ਪਾਠਕ ਨਾਵਲ ਨੂੰ ਕਾਫੀ ਮਹਿੰਗਾ ਮੰਨ ਰਹੇ ਹਨ, ਪਰ ਇਸ ਦੇ ਬਾਵਜੂਦ ਪਾਠਕਾਂ ਵਿੱਚ ਇਸ ਪ੍ਰਤੀ ਭਾਰੀ ਦਿਲਚਸਪੀ ਵੀ ਬਣੀ ਹੋਈ ਹੈ।



