ਕੀਵ : ਯੂਕਰੇਨ ਦੇ ਸਾਥੀ ਪੋਲੈਂਡ ਨੇ ਉਸ ਨੂੰ ਹਥਿਆਰ ਸਪਲਾਈ ਨਾ ਕਰਨ ਦਾ ਐਲਾਨ ਕੀਤਾ ਹੈ। ਇਹ ਬਿਆਨ ਯੂਕਰੇਨ ਤੋਂ ਹੰਗਰੀ, ਪੋਲੈਂਡ ਅਤੇ ਸਲੋਵਾਕੀਆ ਆਉਣ ਵਾਲੇ ਅਨਾਜ ਅਤੇ ਹੋਰ ਖਾਧ ਪਦਾਰਥਾਂ ’ਤੇ ਪਾਬੰਦੀ ਲਾਉਣ ਖਿਲਾਫ਼ ਵਿਸ਼ਵ ਵਪਾਰ ਸੰਗਠਨ (ਡਬਲਯੂ ਟੀ ਓ) ’ਚ ਯੂਕਰੇਨ ਦੀ ਸ਼ਿਕਾਇਤ ਦਰਜ ਕਰਾਉਣ ਤੋਂ ਇੱਕ ਦਿਨ ਬਾਅਦ ਆਇਆ ਹੈ। ਪੋਲੈਂਡ ਅਤੇ ਯੂਕਰੇਨ ’ਚ ਅਨਾਜ ਦੇ ਐਕਸਪੋਰਟ ਨੂੰ ਲੈ ਕੇ ਤਣਾਅ ਵਧਦਾ ਜਾ ਰਿਹਾ ਹੈ। ਪੋਲੈਂਡ ਦੇ ਪ੍ਰਧਾਨ ਮੰਤਰੀ ਮਾਟਸਜ ਮੋਰਾਵਿਏਕੀ ਨੇ ਕਿਹਾ ਕਿ ਉਹ ਯੂਕਰੇਨ ਨੂੰ ਹਥਿਆਰ ਦੇਣ ਦੀ ਜਗ੍ਹਾ ਆਪਣੇ ਦੇਸ਼ ’ਚ ਜ਼ਿਆਦਾ ਮਾਡਰਨ ਅਤੇ ਐਡਵਾਂਸ ਹਥਿਆਰ ਬਣਾਉਣ ’ਤੇ ਧਿਆਨ ਕੇਂਦਰਤ ਕਰੇਗਾ। ਪੋਲੈਂਡ ਜੰਗ ਦੀ ਸ਼ੁਰੂਆਤ ਤੋਂ ਯੂਕਰੇਨ ਨੂੰ ਹਥਿਆਰ ਦਿੰਦਾ ਆ ਰਿਹਾ ਹੈ। ਸਭ ਤੋਂ ਪਹਿਲਾਂ ਯੂਕਰੇਨ ਨੂੰ ਫਾਇਟਰ ਜੈੱਟ ਦੇਣ ਦਾ ਐਲਾਨ ਪੋਲੈਂਡ ਨੇ ਹੀ ਕੀਤਾ ਸੀ। ਪੋਲੈਂਡ ਨੇ ਹੀ ਜਰਮਨੀ ਤੋਂ ਯੂਕਰੇਨ ਨੂੰ ਲੇਪਰਡ ਦੋ ਬੈਟਲ ਟੈਂਕ ਦੇਣ ਦੀ ਅਪੀਲ ਵੀ ਕੀਤੀ ਸੀ। ਜੰਗ ਤੋਂ ਬਾਅਦ ਪੋਲੈਂਡ ਹੁਣ ਤੱਕ ਯੂਕਰੇਨ ਦੇ ਲੱਖਾਂ ਲੋਕਾਂ ਨੂੰ ਪਨਾਹ ਦੇ ਚੁੱਕਾ ਹੈ।
ਯੂਕਰੇਨ ਨੇ ਵਰਲਡ ਟਰੇਡ ਆਰਗੇਨਾਈਜ਼ੇਸ਼ਨ ’ਚ ਕਈ ਦੇਸ਼ਾਂ ਵੱਲੋਂ ਲਾਏ ਗਏ ਅਨਾਜ ਪਾਬੰਦੀ ਖਿਲਾਫ਼ ਕੇਸ ਦਰਜ ਕਰਵਾਇਆ ਹੈ। ਉਸ ਨੇ ਪੋਲੈਂਡ ਸਮੇਤ ਕਈ ਦੇਸ਼ਾਂ ’ਤੇ ਅੰਤਰਰਾਸ਼ਟਰੀ ਨਿਯਮਾਂ ਦਾ ਉਲੰਘਣ ਕਰਨ ਦਾ ਦੋਸ਼ ਲਾਇਆ। ਯੂਕਰੇਨ ਦੀ ਵਿੱਤ ਮੰਤਰੀ ਨੇ ਕਿਹਾ, ਇਹ ਬੇਹੱਦ ਜ਼ਰੂਰੀ ਹੈ ਕਿ ਅਸੀਂ ਇਹ ਸਾਬਿਤ ਕਰੀਏ ਕਿ ਕੁਝ ਦੇਸ਼ ਇਕੱਲੇ ਯੂਕਰੇਨੀ ਸਾਮਾਨ ਦੇ ਇੰਪੋਰਟ ’ਤੇ ਪਾਬੰਦੀ ਨਹੀਂ ਲਾ ਸਕਦੇ।
ਜੰਗ ਕਾਰਨ ‘ਬਲੈਕ ਸੀ’ ਦੇ ਰਸਤੇ ਨੂੰ ਬੰਦ ਕਰਨ ’ਤੇ ਅਨਾਜ ਵਿਵਾਦ ਸ਼ੁਰੂ ਹੋਇਆ, ਜਿਸ ਕਾਰਨ ਯੂਕਰੇਨ ਦਾ ਅਨਾਜ ਦੁਨੀਆ ਭਰ ਦੇ ਕਈ ਦੇਸ਼ਾਂ ’ਚ ਨਾ ਜਾ ਕੇ ਸੈਂਟਰਲ ਯੂਰਪ ਦੇ ਦੇਸ਼ਾਂ ’ਚ ਰਹਿ ਗਿਆ, ਜਿਸ ਕਾਰਨ ਯੂਰਪ ਦੇ ਕਈ ਦੇਸ਼ਾਂ ਦੇ ਕਿਸਾਨ ਪ੍ਰੇਸ਼ਾਨ ਹੋ ਗਏ, ਕਿਉਂਕਿ ਉਨ੍ਹਾਂ ਦੀਆਂ ਆਪਣੀਆਂ ਫਸਲਾਂ ਦੀਆਂ ਕੀਮਤਾਂ ਬਹੁਤ ਘਟ ਗਈਆਂ। ਇਸ ਨੂੰ ਦੇਖਦੇ ਹੋਏ ਯੂਰਪੀਅਨ ਯੂਨੀਅਨ ਨੇ ਅਨਾਜ ਦੇ ਇੰਪੋਰਟ ’ਤੇ ਪਾਬੰਦੀ ਲਾ ਦਿੱਤੀ।




