ਨਵੀਂ ਦਿੱਲੀ : ਦੱਖਣੀ ਦਿੱਲੀ ਦੇ ਪਾਸ਼ ਇਲਾਕੇ ਗ੍ਰੇਟਰ ਕੈਲਾਸ਼ ’ਚ ਭਾਰਤੀ ਜਨਤਾ ਪਾਰਟੀ ਦੇ ਇੱਕ ਨੌਜਵਾਨ ਨੇਤਾ ਨੇ ਖੁਦਕੁਸ਼ੀ ਕਰ ਲਈ। ਪੁਲਸ ਮੁਤਾਬਕ ਭਾਜਪਾ ਨੌਜਵਾਨ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਕਰਨ ਬਾਂਕਾ ਨੇ 20 ਸਤੰਬਰ ਨੂੰ ਖੁਦ ਨੂੰ ਆਪਣੇ ਲਾਇਸੰਸੀ ਪਿਸਤੌਲ ਨਾਲ ਗੋਲੀ ਮਾਰ ਲਈ। ਅਸਲ ’ਚ ਪੁਲਸ ਨੂੰ ਪਹਿਲਾਂ ਟੈਲੀਫੋਨ ’ਤੇ ਸੂਚਨਾ ਮਿਲੀ ਸੀ ਕਿ ਕਰਨ ਬਾਂਕਾ ਬਾਥਰੂਮ ’ਚ ਤਿਲਕ ਗਿਆ ਹੈ ਅਤੇ ਉਸ ਦੇ ਸਿਰ ’ਚ ਸੱਟ ਲੱਗੀ ਹੈ, ਜਿਸ ਤੋਂ ਬਾਅਦ ਉਸ ਨੂੰ ਮੈਕਸ ਹਸਪਤਾਲ ’ਚ ਭਰਤੀ ਕਰਾਇਆ ਗਿਆ। ਇਸ ਤੋਂ ਬਾਅਦ ਜਦ ਪੁਲਸ ਦੀ ਟੀਮ ਮੈਕਸ ਹਸਪਤਾਲ ਪਹੁੰਚੀ ਤਾਂ ਪਤਾ ਚੱਲਿਆ ਕਿ ਕਰਨ ਨੇ ਬਾਥਰੂਮ ’ਚ ਖੁਦ ਨੂੰ ਗੋਲੀ ਮਾਰੀ ਸੀ। ਜਾਂਚ ਦੌਰਾਨ ਪੁਲਸ ਨੂੰ ਪਤਾ ਚੱਲਿਆ ਕਿ ਉਹ ਆਪਣੇ ਨਾਲ ਇੱਕ ਪੀ ਐੱਸ ਓ ਵੀ ਰੱਖਦਾ ਸੀ ਅਤੇ ਜਿਸ ਪਿਸਤੌਲ ਦਾ ਇਸਤੇਮਾਲ ਕਰਨ ਨੇ ਖੁਦਕੁਸ਼ੀ ਲਈ ਕੀਤਾ, ਉਹ ਉਸ ਦੇ ਪੀ ਐੱਸ ਓ ਦਿਨੇਸ਼ ਦਾ ਸੀ। ਜਾਂਚ ਦੌਰਾਨ ਪਤਾ ਚੱਲਿਆ ਕਿ ਕਰਨ ਇਨ੍ਹਾਂ ਦਿਨਾਂ ’ਚ ਪੈਸੇ ਦੀ ਤੰਗੀ ’ਚੋਂ ਲੰਘ ਰਿਹਾ ਸੀ ਅਤੇ ਜਾਣ-ਪਛਾਣ ਵਾਲਿਆਂ ਤੋਂ ਪੈਸੇ ਮੰਗ ਰਿਹਾ ਸੀ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।





