ਚੰਡੀਗੜ੍ਹ : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ ਆਈ ਏ) ਨੇ ਪਾਬੰਦੀਸ਼ੁਦਾ ਸੰਗਠਨ ਸਿੱਖ ਫਾਰ ਜਸਟਿਸ ਦੇ ਨੇਤਾ ਗੁਰਪਤਵੰਤ ਸਿੰਘ ਪੰਨੂ ਦੀਆਂ ਪੰਜਾਬ ਅਤੇ ਚੰਡੀਗੜ੍ਹ ’ਚ ਜਾਇਦਾਦਾਂ ਜ਼ਬਤ ਕਰ ਲਈਆਂ ਹਨ। ਪੰਨੂ ਕੈਨੇਡਾ ਅਤੇ ਹੋਰ ਦੇਸ਼ਾਂ ’ਚ ਭਾਰਤ ਵਿਰੋਧੀ ਗੱਲਾਂ ਕਰਦਾ ਰਹਿੰਦਾ ਹੈ। ਭਾਰਤ ’ਚ ਗੁਰਪਤਵੰਤ ਖਿਲਾਫ਼ ਦੇਸ਼ ਵਿਰੋਧੀ ਸਾਜ਼ਿਸ਼ ਸਮੇਤ ਕੁੱਲ 7 ਕੇਸ ਦਰਜ ਹਨ। ਕੈਨੇਡਾਂ ਨੂੰ ਵੀ ਇਸ ਦੀ ਕਈ ਵਾਰ ਜਾਣਕਾਰੀ ਦਿੱਤੀ ਗਈ ਹੈ। ਕੈਨੇਡਾ ਨੇ ਗੁਰਪਤਵੰਤ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਪੰਨੂ ਇਸ ਸਮੇਂ ਅਮਰੀਕਾ ’ਚ ਰਹਿ ਰਿਹਾ ਹੈ ਅਤੇ ਉਥੋਂ ਲਗਾਤਾਰ ਭਾਰਤ ਖਿਲਾਫ ਵੀਡੀਓ ਜਾਰੀ ਕਰਦਾ ਰਹਿੰਦਾ ਹੈ। ਦਰਅਸਲ ਉਸ ਦੀਆਂ ਸੰਪਤੀਆਂ ਚੰਡੀਗੜ੍ਹ ਅਤੇ ਅੰਮਿ੍ਰਤਸਰ ’ਚ ਹਨ। ਪੰਜਾਬ ’ਚ ਐੱਨ ਆਈ ਏ ਵੱਲੋਂ ਪੰਨੂ ਦੀਆਂ ਜਿਹੜੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ, ਉਨ੍ਹਾਂ ’ਚ ਅੰਮਿ੍ਰਤਸਰ ਜ਼ਿਲ੍ਹੇ ਦੇ ਬਾਹਰਵਾਰ ਸਥਿਤ ਜੱਦੀ ਪਿੰਡ ਖਾਨਕੋਟ ’ਚ 46 ਕਨਾਲ ਦੀ ਖੇਤੀ ਸੰਪਤੀ ਅਤੇ ਸੈਕਟਰ 15 ਸੀ, ਚੰਡੀਗੜ੍ਹ ’ਚ ਸਥਿਤ ਉਸ ਦਾ ਘਰ ਹੈ। ਜ਼ਬਤ ਕਰਨ ਦਾ ਮਤਲਬ ਇਹ ਹੈ ਕਿ ਹੁਣ ਪੰਨੂ ਦਾ ਜਾਇਦਾਦ ’ਤੇ ਹੱਕ ਖਤਮ ਹੋ ਗਿਆ ਹੈ ਅਤੇ ਇਹ ਜਾਇਦਾਦ ਹੁਣ ਸਰਕਾਰ ਦੀ ਹੈ। 2020 ’ਚ ਵੀ ਉਸ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਸਨ, ਜਿਸ ਦਾ ਅਸਲ ’ਚ ਮਤਲਬ ਇਹ ਸੀ ਕਿ ਉਹ ਜਾਇਦਾਦ ਨੂੰ ਵੇਚ ਨਹੀਂ ਸਕਦਾ ਸੀ। ਇਸ ਕਦਮ ਤੋਂ ਬਾਅਦ ਪੰਨੂ ਨੇ ਜਾਇਦਾਦ ਦੇ ਮਾਲਕੀ ਹੱਕ ਖੋਹ ਲਏ ਹਨ। ਕਾਨੂੰਨੀ ਤੌਰ ’ਤੇ ਪੰਨੂ ਹੁਣ ਇਨ੍ਹਾਂ ਜਾਇਦਾਦਾਂ ਦਾ ਮਾਲਕ ਨਹੀਂ ਰਿਹਾ। ਇਹ ਜਾਇਦਾਦ ਹੁਣ ਸਰਕਾਰ ਦੀ ਹੈ।





