ਜੈਪੁਰ : ਕਾਂਗਰਸ ਨੇ ਰਾਜਸਥਾਨ ’ਚ ਵਰਕਰ ਸੰਮੇਲਨ ਦੇ ਨਾਲ ਹੀ ਚੋਣ ਅਭਿਆਨ ਦੀ ਸ਼ੁਰੂਆਤ ਕਰ ਦਿੱਤੀ। ਜੈਪੁਰ ’ਚ ਵਰਕਰ ਸੰਮੇਲਨ ’ਚ ਕਾਂਗਰਸ ਨੇ ਵਾਅਦਾ ਕੀਤਾ ਕਿ ਜੇ ਕੇਂਦਰ ’ਚ ਸਰਕਾਰ ਆਉਂਦੀ ਹੈ ਤਾਂ ਮਹਿਲਾ ਰਾਖਵਾਂਕਰਨ ਤਤਕਾਲ ਦਿੱਤਾ ਜਾਵੇਗਾ। ਸੰਮੇਲਨ ’ਚ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੇਸ਼ ਦਾ ਨਾਂਅ ਬਦਲਣਾ ਚਾਹੁੰਦੀ ਸੀ। ਉਹ ਇੰਡੀਆ ਦਾ ਨਾਂਅ ਭਾਰਤ ਕਰਨਾ ਚਾਹੁੰਦੇ ਸਨ, ਇਸ ਲਈ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਸੀ, ਪਰ ਇਸ ਨੂੰ ਰੋਕ ਕੇ ਮਹਿਲਾ ਰਾਖਵਾਂਕਰਨ ਬਿੱਲ ਲਿਆਂਦਾ ਗਿਆ। ਉਨ੍ਹਾ ਕਿਹਾ ਕਿ ਪੂਰੀ ਆਪੋਜ਼ੀਸ਼ਨ ਨੇ ਮਹਿਲਾ ਰਾਖਵਾਂਕਰਨ ਬਿੱਲ ਦਾ ਸਮਰਥਨ ਕੀਤਾ। ਅਸੀਂ ਚਾਹੁੰਦੇ ਹਾਂ ਕਿ ਮਹਿਲਾ ਰਾਖਵਾਂਕਰਨ ਬਿੱਲ ਅੱਜ ਤੋਂ ਹੀ ਲਾਗੂ ਹੋਵੇ, ਪਰ ਭਾਜਪਾ 10 ਸਾਲ ਬਾਅਦ ਇਸ ਨੂੰ ਲਾਗੂ ਕਰਨਾ ਚਾਹੁੰਦੀ ਹੈ।
ਰਾਹੁਲ ਨੇ ਕਿਹਾਹਿੰਦੁਸਤਾਨ ’ਚ ਕੀ ਹੋਵੇਗਾ, ਇਹ ਸਿਰਫ਼ 90 ਲੋਕ ਤੈਅ ਕਰਦੇ ਹਨ। ਅੱਜ ਦਾ ਹਿੰਦੁਸਤਾਨ ਉਹ ਹੀ ਚਲਾਉਂਦੇ ਹਨ। ਇਨ੍ਹਾਂ 90 ’ਚ ਓ ਬੀ ਸੀ ਵਰਗ ਦੇ ਕੇਵਲ ਤਿੰਨ ਲੋਕ ਹਨ। ਰਾਹੁਲ ਨੇ ਦੋਸ਼ ਲਾਇਆ ਕਿ ਸਰਕਾਰ ’ਚ ਓ ਬੀ ਸੀ ਵਰਗ ਦੇ ਲੋਕਾਂ ਕੋਲ ਕੋਈ ਪਾਵਰ ਨਹੀਂ। ਉਨ੍ਹਾ ਇਸ ਮਾਮਲੇ ਨੂੰ ਲੈ ਕੇ ਆਵਾਜ਼ ਉਠਾਉਣ ਦੀ ਕੋਸ਼ਿਸ ਕੀਤੀ, ਪਰ ਉਸ ਨੂੰ ਦਬਾਅ ਦਿੱਤਾ ਗਿਆ।
ਉਹਨਾ ਕਿਹਾ ਕਿ ਇਹ ਵਰਕਰਾਂ ਦਾ ਸੰਮੇਲਨ ਹੈ, ਦੂਰ-ਦੂਰ ਤੋਂ ਲੋਕ ਆਏ ਹਨ। ਜਿਸ ਤਰ੍ਹਾਂ ਰਾਜਸਥਾਨ ’ਚ ਰਣਥੰਭੌਰ ਹੈ ਅਤੇ ਉਥੇ ਇੱਕ ਸ਼ੇਰ ਨੂੰ ਦੇਖਣ ਲਈ ਕਈ ਘੰਟੇ ਲੱਗ ਜਾਂਦੇ ਹਨ, ਉਹ ਸ਼ੇਰ ਵੀ ਇੱਕ ਝਲਕ ਵਿਖਾ ਕੇ ਭੱਜ ਜਾਂਦਾ ਹੈ। ਮੈਂ ਪਹਿਲੀ ਵਾਰ ਦੇਖਿਆ, ਇੱਥੇ ਹਜ਼ਾਰਾਂ ਬੱਬਰ ਸ਼ੇਰ ਇੱਕੋ ਸਾਥ ਬੈਠੇ ਹਨ। ਨਫ਼ਰਤ ਦਾ ਬਾਜ਼ਾਰ ਨਹੀਂ, ਮੁਹੱਬਤ ਦੀ ਦੁਕਾਨ ਹੈ।
ਕਾਂਗਰਸ ਨੇਤਾ ਨੇ ਮਹਾਰਾਣੀ ਕਾਲਜ ਦੇ ਸਮਾਗਮ ’ਚ ਸ਼ਿਰਕਤ ਕੀਤੀ ਅਤੇ ਜੈਪੁਰ ਦੇ ਆਪਣੇ ਇੱਕ ਦਿਨਾ ਦੌਰੇ ਦੌਰਾਨ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ। ਵਿਦਿਆਰਥਣਾਂ ਨਾਲ ਕੁਝ ਦੇਰ ਗੱਲਬਾਤ ਕਰਨ ਤੋਂ ਬਾਅਦ ਉਹ ਹੈਲਮਟ ਪਾ ਕੇ ਸਕੂਟਰੀ ’ਤੇ ਬੈਠੇ। ਕੁੜੀ ਸਕੂਟਰੀ ਚਲਾ ਰਹੀ ਸੀ। ਉਹ ਸੁਰੱਖਿਆ ਕਾਫਲੇ ਦੇ ਵਿਚਕਾਰ ਸਕੂਟਰੀ ’ਤੇ ਕੁਝ ਦੂਰੀ ਤੱਕ ਗਏ।
ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਨਿਸ਼ਾਨਾ ਲਾਉਂਦੇ ਕਿਹਾ ਕਿ ਅਸੀਂ ਸਿਰਫ਼ ਭਾਜਪਾ ਨਾਲ ਹੀ ਨਹੀਂ ਲੜ ਰਹੇ, ਚੋਣਾਂ ’ਚ ਭਾਜਪਾ ਨੇ ਸਾਡੇ ਖਿਲਾਫ਼ ਚਾਰ ਉਮੀਦਵਾਰ ਉਤਾਰੇ ਹਨ। ਇੱਕ ਉਨ੍ਹਾਂ ਦਾ ਆਪਣਾ ਹੈ, ਇੱਕ ਈ ਡੀ ਦਾ ਹੈ, ਇੱਕ ਸੀ ਬੀ ਆਈ ਦਾ ਹੈ ਅਤੇ ਇੱਕ ਇਨਕਮ ਟੈਕਸ ਦਾ ਹੈ। ਇਨ੍ਹਾਂ ਸਾਰਿਆਂ ਖਿਲਾਫ਼ ਅਸੀਂ ਜਿੱਤਣਾ ਹੈ। ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਸੈਸ਼ਨ ਸਦਨ ਦੀ ਨਵੀਂ ਬਿਲਡਿੰਗ ਦਿਖਾਉਣ ਲਈ ਕਈ ਵੱਡੇ ਫ਼ਿਲਮੀ ਅਦਾਕਾਰਾਂ ਨੂੰ ਬੁਲਾਇਆ। ਇਹ ਸੰਸਦ ਚਰਚਾ ਕਰਨ ਦੀ ਜਗ੍ਹਾ ਹੈ, ਐਗਜ਼ੀਬੀਸ਼ਨ ਕਰਨ ਦੀ ਜਗ੍ਹਾ ਨਹੀਂ। ਮਹਿਲਾ ਰਾਖਵਾਂਕਰਨ ਬਿੱਲ ਸਭ ਤੋਂ ਪਹਿਲਾਂ ਕਾਂਗਰਸ ਸਰਕਾਰ ਹੀ ਲਿਆਈ ਸੀ। ਉਸ ਸਮੇਂ ਇਨ੍ਹਾਂ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਸੀ, ਜੋ ਅੱਜ ਸਰਕਾਰ ’ਚ ਹਨ। ਇਹ ਲੋਕ ਬਹੁਤ ਸਿਆਣੇ ਹਨ। ਭਾਜਪਾ ਫਿਰ ਤੋਂ ਸੱਤਾ ’ਚ ਆ ਗਈ ਤਾਂ ਮਨੂੰ ਦੇ ਦਿਨ ਆਉਣਗੇ ਅਤੇ ਤੁਸੀਂ ਫਿਰ ਤੋਂ ਗੁਲਾਮ ਬਣ ਜਾਓਗੇ। ਕੀ ਤੁਸੀਂ ਫਿਰ ਤੋਂ ਗੁਲਾਮ ਬਣਨਾ ਚਾਹੁੰਦੇ ਹੋ?
ਸੰਮੇਲਨ ਦੌਰਾਨ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਅੱਜ ਪੂਰਾ ਕਾਂਗਰਸ ਪਰਵਾਰ ਜੈਪੁਰ ’ਚ ਬੈਠਾ ਹੈ। ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਕਾਂਗਰਸ ਕਮੇਟੀ ਦਾ ਭਵਨ ਬਣ ਰਿਹਾ ਹੈ। ਅੱਜ ਰਾਜਸਥਾਨ ਆਰਥਕ ਵਿਕਾਸ ਦਰ ’ਚ ਉਤਰੀ ਭਾਰਤ ’ਚ ਨੰਬਰ ਇੱਕ ’ਤੇ ਆ ਗਿਆ ਹੈ। ਇਹ ਬਹੁਤ ਮਾਣ ਵਾਲੀ ਗੱਲ ਹੈ। ਰਾਜਸਥਾਨ ’ਚ ਗੁੱਡ ਗਵਰਨੈਂਸ ਹੋਈ ਹੈ। ਸਾਡਾ ਸੰਕਲਪ ਹੋਣਾ ਚਾਹੀਦਾ ਕਿ ਕਿਸੇ ਵੀ ਕੀਮਤ ’ਤੇ ਇਸ ਵਾਰ ਫਿਰ ਤੋਂ ਸਾਡੀ ਸਰਕਾਰ ਬਣਨੀ ਚਾਹੀਦੀ ਹੈ। ਰਾਹੁਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਹਿਲਾ ਰਾਖਵਾਂਕਰਨ ਬਿੱਲ ’ਤੇ ਭਾਜਪਾ ਚਾਹੁੰਦੀ ਹੈ ਕਿ ਮਹਿਲਾ ਰਾਖਵਾਂਕਰਨ ਬਿੱਲ ਇਕ ਸਾਲ ’ਚ ਲਾਗੂ ਹੋਵੇ, ਅਸੀਂ ਚਾਹੁੰਦ ਹਾਂ ਕਿ ਅੱਜ ਹੀ ਲਾਗੂ ਹੋਵੇ। ਸੰਸਦ ਜਾਣ ਤੋਂ ਬਾਅਦ ਮੈਂ ਪ੍ਰੈੱਸ ਨਾਲ ਗੱਲਬਾਤ ਕੀਤੀ, ਉਸੇ ਦਿਨ ਮੋਦੀ ਨੇ ਸਦਨ ਦਾ ਸੈਸ਼ਨ ਬੁਲਾ ਲਿਆ। ਪਹਿਲਾਂ ਹਿੰਦੁਸਤਾਨ ਦਾ ਨਾਂਅ ਬਦਲਣ ਦੀ ਗੱਲ ਆਈ, ਜਦਕਿ ਇੰਡੀਆ ਅਤੇ ਭਾਰਤ ਦੋਵੇਂ ਨਾਂਅ ਸੰਵਿਧਾਨ ’ਚ ਹਨ। ਕੋਈ ਝਗੜਾ ਨਹੀਂ, ਪਰ ਇਨ੍ਹਾਂ ਕੋਸ਼ਿਸ਼ ਕੀਤੀ ਕਿ ਦੇਸ਼ ਦੇ ਲੋਕਾਂ ਨੂੰ ਲੜਾਓ, ਪਰ ਜਨਤਾ ਤਿਆਰ ਨਹੀਂ ਹੋਈ ਤਾਂ ਇਨ੍ਹਾਂ ਸੋਚਿਆ ਹੁਣ ਕੀ ਕਰੀਏ ਤਾਂ ਮਹਿਲਾ ਰਾਖਵਾਂਕਰਨ ਬਿੱਲ ਲੈ ਕੇ ਆਏ। ਅਸੀਂ ਪੁੱਛਿਆ ਓ ਬੀ ਸੀ ਮਹਿਲਾਵਾਂ ਨੂੰ ਰਾਖਵਾਂਕਰਨ ਕਿਉਂ ਨਹੀਂ ਦਿੱਤਾ?





