ਚੰਡੀਗੜ੍ਹ : ਹਰਿਆਣਾ ਸਰਕਾਰ ਦਾ ਮੁੱਖ ਸਕੱਤਰ ਬਣ ਕੇ ਲੋਕਾਂ ਨਾਲ ਕਰੋੜਾਂ ਦੀ ਠੱਗੀ ਮਾਰਨ ਵਾਲੇ ਨਕਲੀ ਅਫਸਰ ਨੂੰ ਖਰੜ ਸੀ ਆਈ ਏ ਸਟਾਫ ਵੱਲੋਂ ਗਿ੍ਰਫਤਾਰ ਕੀਤਾ ਹੈ। ਸੀ ਆਈ ਏ ਦੇ ਏ ਐੱਸ ਆਈ ਗੁਰਪ੍ਰਤਾਪ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਸਰਬਜੀਤ ਸਿੰਘ ਸੰਧੂ ਮੋਹਾਲੀ ਦੇ ਸੈਕਟਰ-82 ਦੇ ਵਾਸੀ ਵਜੋਂ ਹੋਈ । ਏ ਐਸ ਆਈ ਨੇ ਦੱਸਿਆ ਕਿ ਮੁਲਜ਼ਮ ਨੂੰ ਖਰੜ ਸ਼ਿਵਜੋਤ ਇਨਕਲੇਵ ਕੋਲੋਂ ਕਾਬੂ ਕੀਤਾ ਜਿੱਥੇ ਇਹ ਨਕਲੀ ਅਫਸਰ ਬਣ ਲੋਕਾਂ ਨਾਲ ਠੱਗੀਆਂ ਮਾਰਦਾ ਸੀ, ਉੱਥੇ ਹੀ ਇਹ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂਅ ’ਤੇ ਨਕਲੀ ਵੀਜ਼ੇ ਲਗਾ ਕੇ ਕਰੋੜਾਂ ਦੀ ਜਾਇਦਾਦ ਬਣਾ ਚੁੱਕਿਆ ਹੈ। ਉਨ੍ਹਾ ਦੱਸਿਆ ਕਿ ਆਪਣੀ ਫਾਰਚੂਨਰ ਗੱਡੀ ਉਪਰ ਲਾਲ ਬੱਤੀ ਲਗਾ ਕੇ ਘੁੰਮਦਾ ਸੀ ਅਤੇ ਆਪਣੇ ਨਾਲ ਦੋ ਗੱਡੀਆਂ ’ਚ ਰਿਟਾਇਰ ਫੌਜੀਆਂ ਨੂੰ ਸਕਿਉਰਿਟੀ ਗਾਰਡ ਵਜੋਂ ਰੱਖਿਆ ਹੋਇਆ ਸੀ। ਪੁਲਸ ਵੱਲੋਂ ਮੁਲਜ਼ਮ ਖਿਲਾਫ ਖਰੜ ਸਿਟੀ ਥਾਣੇ ’ਚ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਅਦਾਲਤ ’ਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਤਿੰਨ ਦਿਨਾਂ ਦੇ ਪੁਲਸ ਰਿਮਾਂਡ ਦੇ ਹੁਕਮ ਸੁਣਾਏ ਹਨ। ਪੁਲਸ ਨੇ ਦੱਸਿਆ ਕਿ ਮੁਲਜ਼ਮ ਬਹੁਤ ਚਲਾਕ ਹੈ। ਜਦੋਂ ਵੀ ਉਹ ਕਿਤੇ ਜਾਂਦਾ ਸੀ ਤਾਂ ਕਾਰ ’ਤੇ ਹਰਿਆਣਾ ਦੇ ਮੁੱਖ ਸਕੱਤਰ ਦਾ ਝੰਡਾ ਅਤੇ ਨੀਲੀ ਬੱਤੀ ਲਗਾ ਦਿੰਦਾ ਸੀ। ਇਸ ਦੇ ਨਾਲ ਹੀ ਅਗਲੀ ਕਾਰ ’ਤੇ ਪਾਇਲਟ ਦਾ ਝੰਡਾ ਅਤੇ ਲਾਲ ਬੱਤੀ ਲਗਾਈ ਜਾਂਦੀ ਸੀ, ਜਦਕਿ ਪਿਛਲੀ ਕਾਰ ’ਤੇ ਐਸਕਾਰਟ ਦਾ ਝੰਡਾ ਲਾਇਆ ਜਾਂਦਾ ਸੀ। ਏਨਾ ਹੀ ਨਹੀਂ, ਲਾਇਸੈਂਸੀ ਹਥਿਆਰਾਂ ਵਾਲੇ ਸਾਬਕਾ ਸੈਨਿਕਾਂ ਨੂੰ ਆਪਣੇ ਸੁਰੱਖਿਆ ਗਾਰਡਾਂ ’ਚ ਗੰਨਮੈਨ ਵਜੋਂ ਰੱਖਿਆ ਹੋਇਆ ਸੀ।




