ਨਵੀਂ ਦਿੱਲੀ : ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਜਾਂਚ ਵਿਚ ਭਾਰਤ ਨੂੰ ਕੈਨੇਡਾ ਨਾਲ ਸਹਿਯੋਗ ਕਰਨ ਦੀਆਂ ਮੱਤਾਂ ਦੇਣ ਵਾਲੇ ਅਮਰੀਕਾ ਦੇ ਪਾਕਿਸਤਾਨ ਤੇ ਭਾਰਤ ਵਿਚਲੇ ਰਾਜਦੂਤਾਂ ਨੇ ਕਸ਼ਮੀਰ ਬਾਰੇ ਬਿਆਨਬਾਜ਼ੀ ਕਰਕੇ ਸਨਸਨੀ ਪੈਦਾ ਕਰ ਦਿੱਤੀ ਹੈ। ਇੰਜ ਲੱਗਦਾ ਹੈ ਕਿ ਭਾਰਤ ‘ਤੇ ਦਬਾਅ ਬਣਾਉਣ ਲਈ ਅਮਰੀਕਾ ਨੇ ਨਵੀਂ ਚਾਲ ਚੱਲੀ ਹੈ।
ਮੰਗਲਵਾਰ ਭਾਰਤ ਵਿਚਲੇ ਅਮਰੀਕੀ ਰਾਜਦੂਤ ਐਰਿਕ ਗਾਰਸੇਟੀ ਨੇ ਕਿਹਾ ਕਿ ਭਾਰਤ ਨੂੰ ਕਸ਼ਮੀਰ ਵਿਵਾਦ ਪਾਕਿਸਤਾਨ ਨਾਲ ਮਿਲ ਬੈਠ ਕੇ ਹੱਲ ਕਰਨਾ ਚਾਹੀਦਾ ਹੈ। ਉਨ੍ਹਾ ਇਹ ਗੱਲ ਉਦੋਂ ਕੀਤੀ, ਜਦੋਂ ਉਹਨਾ ਨੂੰ ਪਾਕਿਸਤਾਨ ਵਿਚਲੇ ਅਮਰੀਕੀ ਰਾਜਦੂਤ ਡੋਨਾਲਡ ਬਲੋਮ ਦੀ ਮਕਬੂਜ਼ਾ ਕਸ਼ਮੀਰ ਦੀ ਯਾਤਰਾ ਦੇ ਸੰਬੰਧ ਵਿਚ ਪੁੱਛਿਆ ਗਿਆ ਸੀ, ਜਿੱਥੇ ਉਨ੍ਹਾ ਮਕਬੂਜ਼ਾ ਕਸ਼ਮੀਰ ਨੂੰ ‘ਆਜ਼ਾਦ ਜੰਮੂ-ਕਸ਼ਮੀਰ’ ਕਹਿ ਕੇ ਗੱਲਾਂ ਕੀਤੀਆਂ।
ਦੋਹਾਂ ਰਾਜਦੂਤਾਂ ਦੇ ਬਿਆਨ ਇਸ ਕਰਕੇ ਅਹਿਮ ਹਨ, ਕਿਉਂਕਿ ਲੰਮੇ ਸਮੇਂ ਬਾਅਦ ਅਮਰੀਕਾ ਦੇ ਉੱਚੇ ਅਹੁਦੇ ‘ਤੇ ਬਿਰਾਜਮਾਨ ਬੰਦਿਆਂ ਨੇ ਕਸ਼ਮੀਰ ਬਾਰੇ ਅਜਿਹੀਆਂ ਟਿੱਪਣੀਆਂ ਕੀਤੀਆਂ ਹਨ। ਇਹ ਸਵਾਲ ਕੁਦਰਤੀ ਉਠਦਾ ਹੈ ਕਿ ਕੀ ਬਲੋਮ ਦੀ ਮਕਬੂਜ਼ਾ ਕਸ਼ਮੀਰ ਬਾਰੇ ਪਾਕਿਸਤਾਨੀ ਬੋਲੀ ਬੋਲਣਾ ਤੇ ਗਾਰਸੇਟੀ ਦਾ ਉਸ ਦੀ ਟਿੱਪਣੀ ਨਾਲ ਆਪਣੀ ਗੱਲ ਜੋੜਨਾ ਭਾਰਤ ਨੂੰ ਕੋਈ ਸੰਦੇਸ਼ ਦੇਣ ਦਾ ਜਤਨ ਹੈ। ਭਾਰਤ ਕਸ਼ਮੀਰ ਵਿਚ ਪਾਕਿਸਤਾਨ ਦੀ ਕਿਸੇ ਭੂਮਿਕਾ ਨੂੰ ਨਹੀਂ ਮੰਨਦਾ। ਉਸ ਦਾ ਸਟੈਂਡ ਹੈ ਕਿ ਮਕਬੂਜ਼ਾ ਕਸ਼ਮੀਰ ਭਾਰਤ ਦਾ ਹੈ ਤੇ ਪਾਕਿਸਤਾਨ ਨੇ ਕਬਜ਼ਾਇਆ ਹੋਇਆ ਹੈ।
ਉੱਧਰ, ਸੱਤਾਧਾਰੀ ਡੈਮੋਕਰੇਟਿਕ ਪਾਰਟੀ ਦੀ ਸਾਂਸਦ ਇਲਹਾਨ ਉਮਰ ਨੇ ਕਿਹਾ ਹੈ ਕਿ ਉਹ ਜੋਅ ਬਾਇਡਨ ਪ੍ਰਸ਼ਾਸਨ ਤੋਂ ਜਾਣਨਾ ਚਾਹੁੰਦੀ ਹੈ ਕਿ ਕੀ ਅਮਰੀਕਾ ਵਿਚ ਵੀ ਸਿੱਖਾਂ ਨੂੰ ਖਤਰਾ ਹੈ ਤੇ ਇਸ ਸਿਲਸਿਲੇ ਵਿਚ ਪ੍ਰਸ਼ਾਸਨ ਕੀ ਕਦਮ ਚੁੱਕ ਰਿਹਾ ਹੈ। ਜ਼ਾਹਰ ਹੈ ਕਿ ਅਮਰੀਕਾ ਕੈਨੇਡਾ ਵਾਲੇ ਮਾਮਲੇ ਨੂੰ ਗਰਮ ਰੱਖਣਾ ਚਾਹੁੰਦਾ ਹੈ। ਭਾਰਤ ਨੂੰ ਲੈ ਕੇ ਅਮਰੀਕੀ ਤੇ ਬ੍ਰਿਟਿਸ਼ ਅਖਬਾਰਾਂ ਵੀ ਤਲਖ ਟਿੱਪਣੀਆਂ ਕਰ ਰਹੀਆਂ ਹਨ। ਬ੍ਰਿਟਿਸ਼ ਪੱਤਰਕਾ ‘ਦੀ ਇਕਾਨੋਮਿਸਟ’ ਨੇ ਮੰਗਲਵਾਰ ਇਹ ਟਿੱਪਣੀ ਪ੍ਰਕਾਸ਼ਤ ਕੀਤੀ ਕਿ ਉਸ ਦੀ ਅਮਰੀਕਾ ਨਾਲ ਬਿਹਤਰ ਸੰਬੰਧਾਂ ਬਾਰੇ ਸਹਿਮਤੀ ਟੁੱਟ ਵੀ ਸਕਦੀ ਹੈ। ਇਸੇ ਪੱਤਰਕਾ ਨੇ ਪਿਛਲੇ ਹਫਤੇ ਲਿਖਿਆ ਸੀ ਕਿ ਭਾਰਤ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਉਸ ਦੀ ਓਨੀ ਤਾਕਤ ਨਹੀਂ, ਜਿੰਨੀ ਉਹ ਸਮਝਦਾ ਹੈ। ਪੱਛਮੀ ਅਖਬਾਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾ ਦੀ ਸਰਕਾਰ ਬਾਰੇ ਪਿਛਲੇ ਦਿਨਾਂ ਤੋਂ ਸੁਰ ਬਦਲ ਲਈ ਹੈ। ‘ਨਿਊ ਯਾਰਕ ਟਾਈਮਜ਼’ ਨੇ ਮੋਦੀ ਨੂੰ ਤਾਨਾਸ਼ਾਹ ਤੱਕ ਕਹਿ ਦਿੱਤਾ, ਜਦਕਿ ਬ੍ਰਿਟਿਸ਼ ਅਖਬਾਰ ‘ਦੀ ਫਾਈਨੈਂਸ਼ੀਅਲ ਟਾਈਮਜ਼’ ਨੇ ਮੋਦੀ ਨੂੰ ਪੱਛਮ ਲਈ ਸਮੱਸਿਆ ਦੱਸ ਦਿੱਤਾ।
ਚੀਨ ਤੇ ਰੂਸ ਖਿਲਾਫ ਪੂਰੀ ਤਰ੍ਹਾਂ ਆਪਣੇ ਨਾਲ ਰਲਾਉਣ ਲਈ ਇਸ ਅਮਰੀਕੀ ਤੇ ਪੱਛਮੀ ਦਬਾਅ ਦਾ ਜਵਾਬ ਦਿੰਦਿਆਂ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਬੀਤੇ ਦਿਨ ਸੰਯੁਕਤ ਰਾਸ਼ਟਰ ਵਿਚ ਕਿਹਾ ਕਿ ਹੁਣ ਉਹ ਦੌਰ ਚਲੇ ਗਿਆ, ਜਦੋਂ ਕੁਝ ਦੇਸ਼ ਦੁਨੀਆ ਦਾ ਏਜੰਡਾ ਤੈਅ ਕਰਦੇ ਸਨ। (ਚੀਨੀ ਆਗੂ ਵੀ ਇਹੀ ਗੱਲ ਕਹਿੰਦੇ ਹਨ।)
ਕੈਨੇਡਾ ਦੇ ਸੰਬੰਧ ਵਿਚ ਜੈਸ਼ੰਕਰ ਨੇ ਨਿਊ ਯਾਰਕ ਵਿਚ ਇਕ ਚਰਚਾ ਦੌਰਾਨ ਕਿਹਾ ਕਿ ਨਿਯਮ ਬਣਾਉਣ ਵਾਲੇ ਦੇਸ਼ ਪ੍ਰਦੇਸ਼ਕ ਅਖੰਡਤਾ ਤੇ ਹੋਰਨਾਂ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਦੀ ਨੀਤੀ ਨੂੰ ਆਪਣੀ ਸੁਵਿਧਾ ਮੁਤਾਬਕ ਲਾਗੂ ਕਰਦੇ ਹਨ।