ਨਵੀਂ ਦਿੱਲੀ : ਮਨੀਪੁਰ ‘ਚ ਤਾਜ਼ਾ ਹਿੰਸਾ ਅਤੇ ਫਿਰ ਤੋਂ ਇੰਟਰਨੈੱਟ ਬੰਦ ਕੀਤੇ ਜਾਣ ਦੀਆਂ ਖ਼ਬਰਾਂ ਤੋਂ ਬਾਅਦ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ ਲਾਇਆ। ਉਨ੍ਹਾ ਸੋਸ਼ਲ ਮੀਡੀਆਂ ਟਵਿੱਟਰ ‘ਤੇ ਕਿਹਾ ਕਿ 147 ਦਿਨ ਤੋਂ ਮਨੀਪੁਰ ਦੇ ਲੋਕ ਪ੍ਰੇਸ਼ਾਨ ਹਨ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਲ ਸੂਬੇ ਦਾ ਦੌਰਾ ਕਰਨ ਦਾ ਸਮਾਂ ਨਹੀਂ। ਉਨ੍ਹਾ ਕਿਹਾ ਕਿ ਮਨੀਪੁਰ ਹਿੰਸਾ ‘ਚ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਤਸਵੀਰਾਂ ਨੇ ਇੱਕ ਵਾਰ ਫਿਰ ਪੂਰੇ ਦੇਸ਼ ਨੂੰ ਸ਼ਰਮਿੰਦਾ ਕਰ ਦਿੱਤਾ ਹੈ। ਹੁਣ ਇਹ ਸਪੱਸ਼ਟ ਹੈ ਕਿ ਇਸ ਸੰਘਰਸ਼ ‘ਚ ਔਰਤਾਂ ਅਤੇ ਬੱਚਿਆਂ ਖਿਲਾਫ਼ ਹਿੰਸਾ ਨੂੰ ਹਥਿਆਰ ਬਣਾਇਆ ਗਿਆ ਹੈ। ਉਨ੍ਹਾ ਕਿਹਾ ਕਿ ਖੂਬਸੂਰਤ ਸੂਬਾ ਮਨੀਪੁਰ ਭਾਜਪਾ ਕਾਰਨ ਯੁੱਧ ਦੇ ਮੈਦਾਨ ‘ਚ ਬਦਲ ਦਿੱਤਾ ਗਿਆ ਹੈ। ਉਨ੍ਹਾ ਕਿਹਾ—ਹੁਣ ਸਮਾਂ ਆ ਗਿਆ ਹੈ, ਪ੍ਰਧਾਨ ਮੰਤਰੀ ਮਨੀਪੁਰ ਦੇ ਮੁੱਖ ਮੰਤਰੀ ਨੂੰ ਬਰਖਾਸਤ ਕਰਨ। ਮਨੀਪੁਰ ਦੀ ਰਾਜਧਾਨੀ ਇੰਫਾਲ ਦੇ ਸਿੰਗਜਾਮੇਈ ਇਲਾਕੇ ‘ਚ ਵਿਦਿਆਰਥੀ ਅਤੇ ਆਰ ਏ ਐੱਫ਼ ਵਿਚਾਲੇ ਝੜਪ ਤੋਂ ਬਾਅਦ ਬੁੱਧਵਾਰ ਸਥਿਤੀ ਸ਼ਾਂਤ ਪਰ ਤਣਾਅਪੂਰਨ ਰਹੀ।