ਜਲੰਧਰ (ਰਾਜੇਸ਼ ਥਾਪਾ)-ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਬ ਭਾਰਤ ਨੌਜਵਾਨ ਸਭਾ ਪੰਜਾਬ ਦੇ ਸੱਦੇ ’ਤੇ ਵੀਰਵਾਰ ਇਥੇ ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ ਵਿੱਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਜੰਗੇ ਆਜ਼ਾਦੀ ਦੇ ਮਹਾਨ ਸ਼ਹੀਦ ਪਰਮਗੁਣੀ ਭਗਤ ਸਿੰਘ ਦੇ 116 ਸਾਲਾ ਜਨਮ ਦਿਨ ’ਤੇ ਸਭ ਲਈ ਰੁਜ਼ਗਾਰ ਦੀ ਗਾਰੰਟੀ ਲਈ ‘ਬਨੇਗਾ’ ਭਾਵ ‘ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ’, ਨਵੇਂ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ 6 ਘੰਟੇ ਦੀ ਕਾਨੂੰਨੀ ਕੰਮ ਦਿਹਾੜੀ, ਹਰ ਇਕ ਲਈ ਮੁਫ਼ਤ, ਲਾਜ਼ਮੀ ਅਤੇ ਵਿਗਿਆਨਕ ਵਿੱਦਿਆ, ਹਰ ਇਕ ਲਈ ਮੁਫ਼ਤ ਇਲਾਜ, ਮਨੁੱਖਾ ਸ਼ਕਤੀ ਦੀ ਮੁਕੰਮਲ ਯੋਜਨਾਬੰਦੀ, ਬਲਾਕ ਪੱਧਰ ’ਤੇ ਸੱਭਿਆਚਾਰਕ ਸਰਗਰਮੀਆਂ ਦੇ ਕੇਂਦਰ ਸ਼ਹੀਦ ਭਗਤ ਸਿੰਘ ਭਵਨਾਂ ਦੀ ਉਸਾਰੀ, ਪੰਜਾਬ ਦੇ ਦਰਿਆਈ ਪਾਣੀਆਂ ਦਾ ਭੰਡਾਰਨ, ਲਾਹੇਵੰਦ ਖੇਤੀ ਨੀਤੀ ਅਤੇ ਨਸ਼ਿਆਂ ਦੀ ਰੋਕਥਾਮ ਲਈ ਹਜ਼ਾਰਾਂ ਨੌਜਵਾਨਾਂ ਅਤੇ ਵਿਦਿਆਰਥੀਆਂ ਵੱਲੋਂ ਵਿਸ਼ਾਲ ਵਲੰਟੀਅਰ ਸੰਮੇਲਨ ਅਤੇ ਮਾਰਚ ਕੀਤਾ ਗਿਆ, ਜਿਸ ਵਿੱਚ ਪੰਜਾਬ ਭਰ ਵਿੱਚੋਂ ਵੱਡੀ ਗਿਣਤੀ ਵਿੱਚ ਨੌਜਵਾਨ, ਵਿਦਿਆਰਥੀ ਅਤੇ ਆਮ ਲੋਕ ਇਨਕਲਾਬੀ ਜਾਹੋ-ਜਲਾਲ ਨਾਲ ਸ਼ਾਮਲ ਹੋਏ।
ਇਸ ਵਲੰਟੀਅਰ ਸੰਮੇਲਨ ਅਤੇ ਮਾਰਚ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਢਾਬਾਂ ਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਸਕੱਤਰ ਚਰਨਜੀਤ ਸਿੰਘ ਛਾਂਗਾ ਰਾਏ ਨੇ ਕੀਤੀ। ਸੰਮੇਲਨ ਵਿਚ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਸਾਥੀ ਜਗਰੂਪ ਸਿੰਘ, ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਕੌਮੀ ਪ੍ਰਧਾਨ ਪਿ੍ਰਥੀਪਾਲ ਸਿੰਘ ਮਾੜੀਮੇਘਾ, ਸਾਬਕਾ ਸੂਬਾ ਪ੍ਰਧਾਨ ਕਸ਼ਮੀਰ ਸਿੰਘ ਗਦਾਈਆ ਅਤੇ ਸਾਬਕਾ ਸੂਬਾ ਸਕੱਤਰ ਕੁਲਦੀਪ ਭੋਲਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਤਿਆਰੀ ਕਮੇਟੀ ਦੇ ਕਨਵੀਨਰ ਐਡਵੋਕੇਟ ਰਾਜਿੰਦਰ ਸਿੰਘ ਮੰਡ ਨੇ ਵਲੰਟੀਅਰ ਸੰਮੇਲਨ ਦਾ ਉਦਘਾਟਨ ਕਰਦਿਆਂ ਸਭ ਨੂੰ ਜੀ ਆਇਆਂ ਕਿਹਾ।
ਹਾਜ਼ਰ ਵਲੰਟੀਅਰਾਂ ਨੂੰ ਵਿਸ਼ੇਸ਼ ਤੌਰ ’ਤੇ ਸੰਬੋਧਨ ਕਰਦਿਆਂ ਸਾਥੀ ਜਗਰੂਪ ਸਿੰਘ ਨੇ ਭਗਤ ਸਿੰਘ ਦੇ ਜਨਮ ਦਿਨ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪਰਮਗੁਣੀ ਭਗਤ ਸਿੰਘ ਵੱਲੋਂ ਆਪਣੇ ਸੱਚੇ ਆਦਰਸ਼ ਖਾਤਰ ਕੀਤੀ ਕੁਰਬਾਨੀ ਜਿਥੇ ਅੱਜ ਵੀ ਜਵਾਨੀ ਵਿੱਚ ਕੁਝ ਕਰ ਗੁਜ਼ਰਨ ਦੀ ਨਵੀਂ ਰੂਹ ਫੂਕਦੀ ਹੈ, ਉਥੇ ਉਹਨਾ ਵੱਲੋਂ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਸਮਾਜਵਾਦੀ ਲੀਹਾਂ ’ਤੇ ਚਲਾਉਣ ਲਈ ਸੁਝਾਇਆ ਇਨਕਲਾਬੀ ਪ੍ਰੋਗਰਾਮ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੀ ਜਵਾਨੀ ਲਈ ਰੁਜ਼ਗਾਰ ਦਾ ਪ੍ਰਬੰਧ ਕਰਨ ਅਤੇ ਖੇਤੀ ਕਾਨੂੰਨਾਂ ਦੀ ਮਾਰ ਹੇਠ ਆਉਣ ਵਾਲੀ ਕਿਸਾਨੀ ਨੂੰ ਬਚਾਉਣ ਦੀ ਸਮਰੱਥਾ ਰੱਖਦਾ ਹੈ, ਪਰ ਅੱਜ ਪੰਜਾਬ ਵਿੱਚ ਭਗਤ ਸਿੰਘ ਦਾ ਨਾਂਅ ਅਤੇ ਉਹਨਾ ਦਾ ਬੁਲੰਦ ਕੀਤਾ ਨਾਅਰਾ ਇਨਕਲਾਬ ਜ਼ਿੰਦਾਬਾਦ ਨੂੰ ਵਰਤ ਕੇ ਸੱਤਾ ਵਿਚ ਆਈ ਪੰਜਾਬ ਸਰਕਾਰ ਨੇ ਦੇਸ਼ ਅਤੇ ਦੁਨੀਆ ਦੀ ਸਰਮਾਏਦਾਰੀ ਦੇ ਇਸ਼ਾਰੇ ’ਤੇ ਪੰਜਾਬ ਦੇ ਕਾਮਿਆਂ ਤੋਂ ਕੰਮ ਖੋਹਣ ਲਈ 8 ਘੰਟੇ ਦੀ ਬਜਾਏ 12 ਘੰਟੇ ਕੰਮ ਦਿਹਾੜੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜੋ ਕਿ ਨਿਹਾਇਤ ਹੀ ਨਿੰਦਣਯੋਗ ਕਾਰਾ ਹੈ ਅਤੇ ਪਰਮਗੁਣੀ ਭਗਤ ਸਿੰਘ ਦੀ ਵਿਚਾਰਧਾਰਾ ਦੇ ਉਲਟ ਹੈ। ਉਹਨਾ ਕਿਹਾ ਕਿ 12 ਘੰਟੇ ਦੀ ਕੰਮ ਦਿਹਾੜੀ ਕਰਨ ਨਾਲ ਕੰਮ ’ਤੇ ਲੱਗੇ 33 ਫੀਸਦੀ ਕਾਮੇ ਬੇਰੁਜ਼ਗਾਰ ਹੋਣਗੇ ਅਤੇ ਕੰਮ ਕਰਨ ਵਾਲਿਆਂ ’ਤੇ ਕੰਮ ਦਾ ਬੋਝ ਵਧੇਗਾ। ਉਹਨਾ ਭਗਤ ਸਿੰਘ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਗਤ ਸਿੰਘ ਤਾਂ ਆਪਣੀਆਂ ਲਿਖਤਾਂ ਰਾਹੀਂ ਕੰਮ ਦੇ ਘੰਟੇ ਜ਼ਰੂਰਤ ਅਨੁਸਾਰ ਘੱਟ ਕਰਨ ’ਤੇ ਜ਼ੋਰ ਦਿੰਦਾ ਹੈ। ਉਹਨਾ ਨੌਜਵਾਨਾਂ, ਵਿਦਿਆਰਥੀਆਂ ਅਤੇ ਕਾਮਿਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਉਹ 6 ਘੰਟੇ ਦੀ ਕਾਨੂੰਨੀ ਕੰਮ ਦਿਹਾੜੀ ਲਈ ਸੰਘਰਸ਼ ਕਰਨ।
ਏ ਆਈ ਐੱਸ ਐੱਫ ਦੇ ਪ੍ਰਮੁੱਖ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਰਮਗੁਣੀ ਭਗਤ ਸਿੰਘ ਦੀ ਵਿਚਾਰਧਾਰਾ ਅੱਜ ਵੀ ਦੇਸ਼ ਦੇ ਲੱਖਾਂ ਲੋਕਾਂ ਨੂੰ ਆਪਣੇ ਸੰਘਰਸ਼ਾਂ ਨੂੰ ਤੇਜ਼ ਕਰਨ ਲਈ ਅਗਵਾਈ ਦੇ ਰਹੀ ਹੈ। ਜਦੋਂ ਅਸੀਂ ਪਰਮਗੁਣੀ ਭਗਤ ਸਿੰਘ ਦੇ ਜਨਮ ਦਿਨ ’ਤੇ ਇਹ ਪ੍ਰੋਗਰਾਮ ਕਰ ਰਹੇ ਹਾਂ ਤਾਂ ਇਸ ਵੇਲੇ ਦੇਸ਼ ਦਾ ਵਿਦਿਆਰਥੀ ਅਤੇ ਸਿੱਖਿਆ ਬਹੁਤ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਕਾਰਪੋਰੇਟ ਪੱਖੀ ਸਰਕਾਰ ਨੈਸ਼ਨਲ ਸਿੱਖਿਆ ਨੀਤੀ ਨੂੰ ਵਿਦਿਆਰਥੀਆਂ ਅਤੇ ਸਾਡੇ ਦੇਸ਼ ਦੇ ਵਿੱਦਿਅਕ ਢਾਂਚੇ ਉਪਰ ਥੋਪ ਰਹੀ ਹੈ, ਜਿਸ ਨਾਲ ਸਿੱਖਿਆ ਆਮ ਅਤੇ ਮੱਧ ਵਰਗੀ ਵਿਦਿਆਰਥੀਆਂ ਤੋਂ ਦੂਰ ਹੋ ਜਾਵੇਗੀ। ਸਿੱਖਿਆ ਬਚਾਉਣ ਦੀ ਲੜਾਈ ਲੜਨ ਵਾਲੇ ਵਿਦਿਆਰਥੀਆਂ ਦੀ ਆਵਾਜ਼ ਬੰਦ ਕਰਨ ਲਈ ਉਹਨਾਂ ’ਤੇ ਝੂਠੇ ਮੁਕੱਦਮੇ ਅਤੇ ਜਾਨਲੇਵਾ ਹਮਲੇ ਕੀਤੇ ਜਾ ਰਹੇ ਹਨ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਰੁਜ਼ਗਾਰ ਪ੍ਰਾਪਤੀ ਅਤੇ ਖੇਤੀ ਨੂੰ ਬਚਾਉਣ ਦੀ ਲੜਾਈ ਦੇ ਨਾਲ-ਨਾਲ ਸਿੱਖਿਆ ਨੂੰ ਬਚਾਉਣ ਦੀ ਲੜਾਈ ਵੀ ਪ੍ਰਮੁੱਖ ਹੈ, ਜਿਸ ਲਈ ਲੜਨਾ ਨੌਜਵਾਨਾਂ ਅਤੇ ਵਿਦਿਆਰਥੀਆਂ ਲਈ ਜ਼ਰੂਰੀ ਹੈ। ਉਹਨਾਂ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਪਰਮਗੁਣੀ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਅਗਵਾਈ ਲੈ ਕੇ ਦੇਸ਼ ਪੱਧਰ ’ਤੇ ਸਿੱਖਿਆ ਬਚਾਉਣ ਲਈ ਮੋਹਰੀ ਹੋ ਕੇ ਲੜ ਰਹੀ ਹੈ।
ਪਰਮਜੀਤ ਸਿੰਘ ਢਾਬਾਂ, ਚਰਨਜੀਤ ਸਿੰਘ ਛਾਂਗਾ ਰਾਏ, ਕਸ਼ਮੀਰ ਸਿੰਘ ਗਦਾਈਆ ਅਤੇ ਕੁਲਦੀਪ ਭੋਲਾ ਨੇ ਕਿਹਾ ਕਿ ਪਰਮਗੁਣੀ ਭਗਤ ਸਿੰਘ ਦਾ ਸ਼ਾਨਦਾਰ ਇਨਕਲਾਬੀ ਜੀਵਨ ਨੌਜਵਾਨਾਂ ਲਈ ਹਮੇਸ਼ਾ ਹੀ ਰਾਹ ਦਸੇਰਾ ਰਿਹਾ ਹੈ। ਉਹਨਾਂ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਰੁਜ਼ਗਾਰ ਪ੍ਰਾਪਤੀ ਮੁਹਿੰਮ ਵੱਲੋਂ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਦੀ ਪਾਈ ਪਿਰਤ ਜਿੱਥੇ ਇਸ ਦਿਨ ਨੂੰ ਤਿਉਹਾਰ ਬਣਾਉਣ ਵਾਲੇ ਮਕਸਦ ਵਿੱਚ ਸਫਲ ਹੋ ਰਹੀ ਹੈ, ਓਥੇ ਬੁੱਧੀਜੀਵੀਆਂ ਵੱਲੋਂ ਭਗਤ ਸਿੰਘ ਦੇ ਸੱਚੇ ਇਨਕਲਾਬੀ ਬਿੰਬ ਨੂੰ ਖੋਜ ਕੇ ਲੋਕਾਂ ਸਾਹਮਣੇ ਵੱਖ-ਵੱਖ ਢੰਗਾਂ ਰਾਹੀਂ ਪੇਸ਼ ਕਰਨ ਦੀ ਕਵਾਇਦ ਨੇ ਭਗਤ ਸਿੰਘ ਦੀ ਮਹਾਨਤਾ ਨੂੰ ਹੋਰ ਵਧਾਇਆ ਹੈ। ਉਹਨਾਂ ਅੱਜ ਦੇ ਦਿਨ ’ਤੇ ਇਕ ਵਿਸ਼ੇਸ਼ ਐਲਾਨ ਕਰਦਿਆਂ ਕਿਹਾ ਕਿ ਸਰਬ ਭਾਰਤ ਨੌਜਵਾਨ ਸਭਾ ਦੀ ਕੇਂਦਰੀ ਕਮੇਟੀ ਦੇ ਫੈਸਲੇ ਅਨੁਸਾਰ ‘ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ’ (ਬਨੇਗਾ) ਅਤੇ 6 ਘੰਟੇ ਦੀ ਕੰਮ ਦਿਹਾੜੀ ਦੀ ਪ੍ਰਾਪਤੀ ਲਈ ਨੌਜਵਾਨਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਉਤਰੀ ਭਾਰਤ ਵਿਚ ਕੀਤੇ ਜਾਣ ਵਾਲੇ ਜਥਾ ਮਾਰਚ ਦਾ ਆਗਾਜ਼ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਨ 16 ਨਵੰਬਰ ਤੋਂ ਉਹਨਾ ਦੇ ਜੱਦੀ ਪਿੰਡ ਸਰਾਭਾ ਤੋਂ ਕੀਤਾ ਜਾਵੇਗਾ। ਇਹ ਜੱਥਾ ਮਾਰਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਹੁੰਦਾ ਹੋਇਆ ਉੱਤਰੀ ਭਾਰਤ ਦੇ ਸਾਰੇ ਸੂਬਿਆਂ ਵਿੱਚ ਜਾਗਰੂਕਤਾ ਪੈਦਾ ਕਰੇਗਾ। ਆਗੂਆਂ ਕਿਹਾ ਕਿ ਉਕਤ ਜੱਥਾ ਮਾਰਚ ਦੀ ਸਫਲਤਾ ਅਤੇ ਜਥੇਬੰਦਕ ਢਾਂਚੇ ਵਿੱਚ ਨਿਖਾਰ ਲਿਆਉਣ ਲਈ ਅਕਤੂਬਰ ਦੇ ਦੂਜੇ ਹਫਤੇ 3 ਰੋਜ਼ਾ ਸੂਬਾਈ ਵਰਕਸ਼ਾਪ ਵੀ ਕੀਤੀ ਜਾਵੇਗੀ।
ਇਸ ਸੰਮੇਲਨ ਵਿੱਚ ਬੁਲਾਰਿਆਂ ਦੇ ਉਤਸ਼ਾਹਪੂਰਵਕ ਭਾਸ਼ਣਾਂ ਤੋਂ ਇਲਾਵਾ ਨੌਜਵਾਨਾਂ ਅਤੇ ਵਿਦਿਆਰਥੀਆਂ ਵੱਲੋਂ ਭਗਤ ਸਿੰਘ ਦੇ ਜੀਵਨ ਫਲਸਫੇ ਨੂੰ ਪੇਸ਼ ਕਰਦੇ ਇਨਕਲਾਬੀ ਗੀਤ, ਕਵਿਤਾਵਾਂ ਅਤੇ ਹੋਰ ਵੱਖ-ਵੱਖ ਵੰਨਗੀਆਂ ਪੇਸ਼ ਕਰਕੇ ਮਾਹੌਲ ਨੂੰ ਜੋਸ਼ੀਲੇ ਅਤੇ ਇਨਕਲਾਬੀ ਰੰਗ ਵਿੱਚ ਰੰਗਿਆ ਗਿਆ। ਸੰਮੇਲਨ ਵਿੱਚ ਬੇਰੁਜ਼ਗਾਰੀ ਦੇ ਮੁਕੰਮਲ ਖਾਤਮੇ ਲਈ ‘ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਅਤੇ ਇਹਦੇ ਅਮਲ ਲਈ 6 ਘੰਟੇ ਦੀ ਕਾਨੂੰਨੀ ਕੰਮ ਦਿਹਾੜੀ’ ਦੀ ਪ੍ਰਾਪਤੀ, ਨਸ਼ਿਆਂ ਦੇ ਮੁਕੰਮਲ ਖਾਤਮੇ, ਕੌਮੀ ਸਿੱਖਿਆ ਨੀਤੀ ਦੀ ਬਜਾਏ ਜਨਤਕ ਸਿੱਖਿਆ ਨੀਤੀ ਅਤੇ ਸਹਿਯੋਗੀ ਲਾਹੇਵੰਦ ਖੇਤੀ ਨੀਤੀ ਦੀ ਪ੍ਰਾਪਤੀ ਲਈ ਸੰਘਰਸ਼ ਤੇਜ਼ ਕਰਨ ਲਈ ਮਤੇ ਪੇਸ਼ ਕੀਤੇ ਗਏ, ਜੋ ਸਮੁੱਚੇ ਵਲੰਟੀਅਰਾਂ ਵੱਲੋਂ ਸਰਬਸੰਮਤੀ ਨਾਲ ਪ੍ਰਵਾਨ ਕੀਤੇ ਗਏ। ਵਲੰਟੀਅਰ ਸੰਮੇਲਨ ਉਪਰੰਤ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਵਰਦੀਧਾਰੀ ਵਲੰਟੀਅਰਾਂ ਵੱਲੋਂ ਮਾਰਚ ਕਰਕੇ ਆਮ ਲੋਕਾਂ ਨੂੰ ਸੰਘਰਸ਼ਾਂ ਨੂੰ ਤੇਜ਼ ਕਰਨ ਦਾ ਸੱਦਾ ਦਿੱਤਾ ਗਿਆ। ਸੰਮੇਲਨ ਦੇ ਮੰਚ ਤੋਂ 28 ਸਤੰਬਰ ਵਾਲੀ ਰਾਤ ਨੂੰ ਘਰਾਂ ਦੇ ਬਨੇਰਿਆਂ ’ਤੇ ਦੀਪਮਾਲਾ ਕਰਨ ਲਈ ਵੀ ਸੱਦਾ ਦਿੱਤਾ ਗਿਆ। ਸੰਮੇਲਨ ਵਿੱਚ ਹਾਜ਼ਰ ਸੰਗਤਾਂ ਲਈ ਲਾਇਆ ਲੰਗਰ ਮਰਹੂਮ ਕਾਮਰੇਡ ਰੂਪ ਸਿੰਘ ਬੁਰਜ ਹਮੀਰਾ ਸਾਬਕਾ ਚੇਅਰਮੈਨ ਬਲਾਕ ਸੰਮਤੀ ਨਿਹਾਲ ਸਿੰਘ ਵਾਲਾ ਨੂੰ ਸਮਰਪਿਤ ਸੀ। ਵਲੰਟੀਅਰ ਸੰਮੇਲਨ ਨੂੰ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਮੀਤ ਸਕੱਤਰ ਹਰਭਜਨ ਛੱਪੜੀ ਵਾਲਾ, ਸੂਬਾ ਮੀਤ ਪ੍ਰਧਾਨ ਅਤੇ ਹਰਮੇਲ਼ ਉਭਾ, ਸੂਬਾ ਮੀਤ ਸਕੱਤਰ ਨਵਜੀਤ ਸੰਗਰੂਰ, ਕੌਮੀ ਕੌਂਸਲ ਮੈਂਬਰ ਵਿਸ਼ਾਲ ਵਲਟੋਹਾ, ਜਸਪ੍ਰੀਤ ਕੌਰ ਬਧਨੀ, ਮੋਗਾ ਤੋਂ ਜ਼ਿਲ੍ਹਾ ਸਕੱਤਰ ਗੁਰਦਿੱਤ ਦੀਨਾ, ਜ਼ਿਲ੍ਹਾ ਪ੍ਰਧਾਨ ਜਗਵਿੰਦਰ ਕਾਕਾ, ਏ ਆਈ ਐਸ ਐੱਫ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ, ਜ਼ਿਲ੍ਹਾ ਸਕੱਤਰ ਸਵਰਾਜ ਖੋਸਾ, ਨਵਜੋਤ ਕੌਰ ਬਿਲਾਸਪੁਰ, ਫਾਜ਼ਿਲਕਾ ਦੇ ਜ਼ਿਲ੍ਹਾ ਸਕੱਤਰ ਸੁਬੇਗ ਝੰਗੜ ਭੈਣੀ, ਨਰਿੰਦਰ ਢਾਬਾਂ, ਅਵਨ ਕੌਰ, ਰਿਸ਼ਵ ਮਾੜੀਆਂ ਵਾਲਾ, ਫਰੀਦਕੋਟ ਤੋਂ ਗੋਰਾ ਪਿੱਪਲੀ, ਮੁਕਤਸਰ ਤੋਂ ਸੰਦੀਪ ਮਲੋਟ, ਭਗਵਾਨ ਦਾਸ ਬਹਾਦਰਕੇ, ਕੇਵਲ ਛਾਂਗਾ ਰਾਏ ਤੇ ਪਿਆਰਾ ਮੇਘਾ ਆਦਿ ਨੇ ਵੀ ਸੰਬੋਧਨ ਕੀਤਾ।