17.4 C
Jalandhar
Friday, November 22, 2024
spot_img

ਮੁੱਖ ਮੰਤਰੀ ਵੱਲੋਂ ਸਕੂਲ ਸਿਲੇਬਸ ’ਚ ਢੁਕਵਾਂ ਬਦਲਾਅ ਕਰਨ ਦਾ ਐਲਾਨ

ਖਟਕੜ ਕਲਾਂ/ਨਵਾਂ ਸ਼ਹਿਰ (ਮਨੋਜ ਲਾਡੀ, ਅਵਤਾਰ ਕਲੇਰ, ਕੁਲਵਿੰਦਰ ਸਿੰਘ ਦੁਰਗਾਪੁਰੀਆ)-ਦੇਸ਼ ਵਿੱਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਦਾ ਸੰਕਲਪ ਲੈਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਸੂਬੇ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾ ਕੇ ਸ਼ਹੀਦ ਭਗਤ ਸਿੰਘ ਦੇ ਸੁਪਨੇ ਸਾਕਾਰ ਕਰਨ ਦਾ ਤਹੱਈਆ ਕੀਤਾ। ਰਾਜ ਪੱਧਰੀ ਸਮਾਗਮ ਦੀ ਸ਼ੁਰੂਆਤ ਵਿੱਚ ਮੁੱਖ ਮੰਤਰੀ ਨੇ ਸ਼ਹੀਦ ਭਗਤ ਸਿੰਘ ਦੇ ਪਰਵਾਰਕ ਮੈਂਬਰਾਂ ਹਰਜਿੰਦਰ ਪਾਲ ਸਿੰਘ ਗਿੱਲ, ਬਲਦੇਵ ਸਿੰਘ ਨਸਰਾਲਾ, ਰਵਿੰਦਰ ਸਿੰਘ, ਗੁਰਜੀਤ ਸਿੰਘ ਤੇ ਹਰਭਜਨ ਸਿੰਘ ਢੱਟ ਨੂੰ ਸਨਮਾਨਤ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਹ ਯਕੀਨੀ ਬਣਾਏਗੀ ਕਿ ਸੂਬੇ ਦੇ ਕਿਸੇ ਵੀ ਬਾਸ਼ਿੰਦੇ ਨੂੰ ਆਪਣਾ ਵਤਨ ਛੱਡ ਕੇ ਵਿਦੇਸ਼ ਨਾ ਜਾਣਾ ਪਵੇ। ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਮੋੜਾ ਦੇਣ ਲਈ ਸੂਬਾ ਸਰਕਾਰ ਤਨਦੇਹੀ ਨਾਲ ਜੁਟੀ ਹੋਈ ਹੈ। ਉਹਨਾ ਸਕੂਲ ਸਿਲੇਬਸ ਵਿੱਚ ਲੋੜੀਂਦਾ ਬਦਲਾਅ ਕਰਨ ਦਾ ਵੀ ਐਲਾਨ ਕੀਤਾ, ਤਾਂ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਮਹਾਨ ਗੁਰੂ ਸਾਹਿਬਾਨ, ਸੰਤਾਂ-ਮਹਾਤਮਾ, ਪੀਰਾਂ-ਪੈਗੰਬਰਾਂ ਅਤੇ ਸ਼ਹੀਦਾਂ ਦੇ ਜੀਵਨ, ਵਿਚਾਰਧਾਰਾ ਅਤੇ ਸਿੱਖਿਆਵਾਂ ਬਾਰੇ ਜਾਣੂੰ ਕਰਵਾਇਆ ਜਾ ਸਕੇ। ਸੂਬੇ ਦੇ ਨੌਜਵਾਨਾਂ ਨੂੰ ਇਨ੍ਹਾਂ ਨੇਕ ਰੂਹਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਇਸੇ ਕਰਕੇ ਸਕੂਲਾਂ ਦੇ ਸਿਲੇਬਸ ਵਿੱਚ ਢੁਕਵੀਂ ਤਬਦੀਲੀ ਕਰਨ ਦੀ ਲੋੜ ਹੈ। ਮਾਨ ਨੇ ਕਿਹਾ ਕਿ ਇਸ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਸੂਬੇ ਦੀ ਮਹਾਨ ਵਿਰਾਸਤ ਦਾ ਪਾਸਾਰ ਕਰਨ ਵਿੱਚ ਮਦਦ ਮਿਲੇਗੀ। ਉਹਨਾ ਗੜ੍ਹਸ਼ੰਕਰ ਨੇੜੇ ਸ਼ਹੀਦ ਭਗਤ ਸਿੰਘ ਦੇ ਨਾਨਕੇ ਘਰ ਵਿੱਚ ਮੈਮੋਰੀਅਲ, ਲਾਇਬ੍ਰੇਰੀ ਅਤੇ ਹੋਰ ਯਾਦਗਾਰਾਂ ਦੇ ਨਿਰਮਾਣ ਦਾ ਐਲਾਨ ਕੀਤਾ। ਉਨ੍ਹਾ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਵਿੱਚ ਮਿਊਜ਼ੀਅਮ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ, ਜਿਸ ਦਾ ਕੰਮ ਚੱਲ ਰਿਹਾ ਹੈ। ਉਹਨਾ ਕਿਹਾ ਕਿ ਇਸ ਮਹਾਨ ਸ਼ਹੀਦ ਦੀ ਵਿਰਾਸਤ ਤੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਣੂੰ ਕਰਵਾਉਣ ਲਈ ਇਹ ਸਮੇਂ ਦੀ ਲੋੜ ਹੈ।ਇਸ ਤੋਂ ਪਹਿਲਾਂ ਸੱਭਿਆਚਾਰਕ ਮਾਮਲੇ ਅਤੇ ਸੈਰ-ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਪਤਵੰਤਿਆਂ ਦਾ ਸਵਾਗਤ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ, ਚੇਤਨ ਸਿੰਘ ਜੌੜੇਮਾਜਰਾ, ਬਲਕਾਰ ਸਿੰਘ, ਬ੍ਰਮ ਸ਼ੰਕਰ ਜਿੰਪਾ, ਹਰਭਜਨ ਸਿੰਘ ਈ ਟੀ ਓ, ਡਾ. ਬਲਜੀਤ ਕੌਰ ਅਤੇ ਕੁਲਦੀਪ ਸਿੰਘ ਧਾਲੀਵਾਲ, ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕਿ੍ਰਸ਼ਨ ਰੋੜੀ, ਲੋਕ ਸਭਾ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਤੇ ਹੋਰ ਵੀ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles