ਨਵੀਂ ਦਿੱਲੀ : ਭਾਰਤ ਦੇ ਮਹਾਨ ਖੇਤੀ ਵਿਗਿਆਨੀ ਐੱਮ ਐੱਸ ਸਵਾਮੀਨਾਥਨ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ। ਤਾਮਿਲਨਾਡੂ ਦੀ ਰਾਜਧਾਨੀ ਚੇਨਈ ’ਚ ਸਵੇਰੇ 12 ਵਜੇ ਉਨ੍ਹਾ ਆਖਰੀ ਸਾਲ ਲਿਆ। ਉਨ੍ਹਾ ਦਾ ਜਨਮ 7 ਅਗਸਤ 1925 ਨੂੰ ਹੋਇਆ ਸੀ। ਸਵਾਮੀਨਾਥ ਨੇ 98 ਸਾਲ ਦੀ ਉਮਰ ’ਚ ਦੁਨੀਆ ਨੂੰ ਅਲਵਿਦਾ ਕਿਹਾ। ਉਨ੍ਹਾ ਨੂੰ ਭਾਰਤ ’ਚ ਹਰੀ ਕ੍ਰਾਂਤੀ ਦੇ ਜਨਮਦਾਤਾ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਸਵਾਮੀਨਾਥਨ ਡਿਪਾਰਟਮੈਂਟ ਆਫ਼ ਐਗਰੀਕਲਚਰ ਦੇ ਵਿਗਿਆਨੀ ਸਨ। ਉਨ੍ਹਾ 1972 ਤੋਂ ਲੈ ਕੇ 1979 ਤੱਕ ‘ਇੰਡੀਅਨ ਕਾਊਂਸਲ ਆਫ਼ ਐਗਰੀਕਲਚਰਲ ਰਿਸਰਚ’ ਦੇ ਪ੍ਰਧਾਨ ਦੇ ਤੌਰ ’ਤੇ ਵੀ ਕੰਮ ਕੀਤੀ। ਖੇਤੀ ਖੇਤਰ ’ਚ ਉਨ੍ਹਾ ਦੇ ਵੱਡੇ ਯੋਗਦਾਨ ਲਈ ਭਾਰਤ ਸਰਕਾਰ ਨੇ ਉਨ੍ਹਾ ਨੂੰ ਪਦਮਭੂਸ਼ਣ ਨਾਲ ਨਿਵਾਜਿਆ ਸੀ। ਸਵਾਮੀਨਾਥਨ ਦੀ ਗਿਣਤੀ ਭਾਰਤ ਦੇ ਮਹਾਨ ਖੇਤੀ ਵਿਗਿਆਨੀਆਂ ਦੇ ਤੌਰ ’ਤੇ ਹੁੰਦੀ ਹੈ, ਜਿਨ੍ਹਾ ਚੌਲ ਦੀ ਇਸ ਤਰ੍ਹਾਂ ਦੀ ਕਿਸਮ ਤਿਆਰ ਕੀਤੀ, ਜਿਸ ਨੇ ਭਾਰਤ ਦੇ ਘੱਟ ਆਮਦਨ ਵਾਲੇ ਕਿਸਾਨਾਂ ਨੂੰ ਜ਼ਿਆਦਾ ਫਸਲ ਪੈਦਾ ਕਰਨ ਦੇ ਕਾਬਲ ਬਣਾਇਆ। ਸਵਾਮੀਨਾਥਨ ਨੂੰ ਭਾਰਤ ’ਚ ਹਰੀ ਕ੍ਰਾਂਤੀ ਦਾ ਜਨਮਦਾਤਾ ਕਿਹਾ ਜਾਂਦਾ ਹੈ। ਉਹ ਪਹਿਲੇ ਇਸ ਤਰ੍ਹਾਂ ਦੇ ਵਿਅਕਤੀ ਹਨ, ਜਿਨ੍ਹਾ ਨੇ ਸਭ ਤੋਂ ਪਹਿਲਾਂ ਕਣਕ ਦੀ ਇੱਕ ਬੇਹਤਰੀਨ ਕਿਸਮ ਨੂੰ ਪਛਾਣਿਆ ਅਤੇ ਸਵੀਕਾਰ ਕੀਤਾ। ਇਸ ਕਾਰਨ ਭਾਰਤ ’ਚ ਕਣਕ ਉਤਪਾਦਨ ’ਚ ਭਾਰੀ ਵਾਧਾ ਹੋਇਆ। ਸਵਾਮੀਨਾਥਨ ਨੂੰ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ, ਇਨ੍ਹਾਂ ’ਚ ਪਦਮਸ੍ਰੀ (1667), ਪਦਮਭੂਸ਼ਣ (1972), ਪਦਮਵਿਭੂਸ਼ਣ (1989), ਮੈਗਸਾਸੇ ਪੁਰਸਕਾਰ (1971) ਅਤੇ ਵਿਸ਼ਵ ਖਾਧ ਪੁਰਸਕਾਰ (1987) ਮਹੱਤਵਪੂਰਨ ਹੈ। ਉਨ੍ਹਾ ਕਿਸਾਨਾਂ ਦੇ ਹਾਲਾਤ ਉਧਾਰਨ ਅਤੇ ਖੇਤੀ ਨੂੰ ਬੜ੍ਹਾਵਾ ਦੇਣ ਲਈ ਸਿਫਾਰਸ਼ਾਂ ਕੀਤੀਆਂ ਸਨ, ਪਰ ਹੁਣ ਤੱਕ ਉਨ੍ਹਾ ਦੀਆਂ ਇਹ ਸਿਫਾਰਸ਼ਾਂ ਪੂਰਨ ਰੂਪ ਨਾਲ ਲਾਗੂ ਨਹੀਂ ਹੋ ਸਕੀਆਂ। ਹਾਲਾਂਕਿ ਸਰਕਾਰਾਂ ਦਾ ਕਹਿਣਾ ਹੈ ਕਿ ਉਨ੍ਹਾ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰ ਦਿੱਤਾ, ਪਰ ਸੱਚਾਈ ਤਾਂ ਇਹ ਹੈ ਕਿ ਹਾਲੇ ਤੱਕ ਇਸ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਨਹੀਂ ਕੀਤਾ ਜਾ ਸਕਿਆ। ਕਿਸਾਨ ਵਾਰ-ਵਾਰ ਅੰਦੋਲਨਾਂ ਜ਼ਰੀਏ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਾਉਣ ਦੀ ਮੰਗ ਕਰਦੇ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਿੱਧ ਖੇਤੀਬਾੜੀ ਅਰਥ ਸ਼ਾਸਤਰੀ ਡਾ. ਐੱਮ ਐੱਸ ਸਵਾਮੀਨਾਥਨ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਸੰਦੇਸ਼ ’ਚ ਮੁੱਖ ਮੰਤਰੀ ਨੇ ਡਾ. ਸਵਾਮੀਨਾਥਨ ਦੇ ਦੇਹਾਂਤ ਨੂੰ ਖੇਤੀਬਾੜੀ ਵਿਗਿਆਨ ਦੇ ਖ਼ੇਤਰ ’ਚ ਇੱਕ ਯੁੱਗ ਦਾ ਅੰਤ ਦੱਸਿਆ। ਉਨ੍ਹਾ ਕਿਹਾ ਕਿ ਡਾ. ਸਵਾਮੀਨਾਥਨ ਦੇ ਯੋਗਦਾਨ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ। ਮਾਨ ਨੇ ਕਿਹਾ ਕਿ ਇਸ ਪ੍ਰਸਿੱਧ ਖੇਤੀਬਾੜੀ ਵਿਗਿਆਨੀ ਦੇ ਦੇਹਾਂਤ ਨਾਲ ਇਕ ਵੱਡਾ ਖੱਪਾ ਪਿਆ ਹੈ, ਜਿਸ ਦਾ ਨੇੜ ਭਵਿੱਖ ’ਚ ਭਰਿਆ ਜਾਣਾ ਸੰਭਵ ਨਹੀਂ ਲੱਗਦਾ। ਪਰਵਾਰ ਨਾਲ ਦੁੱਖ ਸਾਂਝਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਡਾ. ਸਵਾਮੀਨਾਥਨ ਦਾ ਦੇਹਾਂਤ ਦੇਸ਼ ਲਈ ਬਹੁਤ ਵੱਡਾ ਘਾਟਾ ਹੈ। ਉਹਨਾ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।