ਚੰਡੀਗੜ੍ਹ : ਪੰਜਾਬ ਪੁਲਸ ਨੇ ਪੰਜਾਬ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਗਿ੍ਰਫ਼ਤਾਰ ਕਰ ਲਿਆ। ਪੰਜਾਬ ਦੇ ਭੁਲੱਥ ਤੋਂ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਵੀਰਵਾਰ ਕਰੀਬ ਪੰਜ ਵਜੇ ਜਲਾਲਾਬਾਦ ਪੁਲਸ ਨੇ ਗਿ੍ਰਫ਼ਤਾਰ ਕੀਤਾ। ਸਵੇਰੇ ਹੋਈ ਇਸ ਕਾਰਵਾਈ ਨਾਲ ਪੰਜਾਬ ਦੀ ਸਿਆਸਤ ਗਰਮਾ ਗਈ। ਕਾਂਗਰਸ ਨੇ ਸਰਕਾਰ ’ਤੇ ਬਦਲਾਖੋਰੀ ਦੀ ਭਾਵਨਾ ਨਾਲ ਕੰਮ ਕਰਨ ਦਾ ਦੋਸ਼ ਲਾਇਆ ਹੈ। ਜਲਾਲਾਬਾਦ ਪੁਲਸ ਖਹਿਰਾ ਨੂੰ ਫੜਨ ਉਨ੍ਹਾ ਦੇ ਚੰਡੀਗੜ੍ਹ ਸਥਿਤ ਨਿਵਾਸ ’ਤੇ ਪਹੁੰਚੀ ਸੀ। ਪੁਲਸ ਨੇ ਦੱਸਿਆ ਕਿ ਉਨ੍ਹਾ ਖਿਲਾਫ਼ ਇੱਕ ਪੁਰਾਣਾ ਐੱਨ ਡੀ ਪੀ ਐੱਸ ਐਕਟ ਕੇਸ ਸੀ, ਇਸ ’ਤੇ ਕਾਰਵਾਈ ਕਰਦੇ ਹੋਏ ਉਨ੍ਹਾ ਨੂੰ ਗਿ੍ਰਫ਼ਤਾਰ ਕੀਤਾ ਗਿਆ। ਜਾਣਕਾਰੀ ਮੁਤਾਬਕ ਜਦ ਜਲਾਲਾਬਾਦ ਪੁਲਸ ਖਹਿਰਾ ਦੇ ਚੰਡੀਗੜ੍ਹ ਸਥਿਤ ਨਿਵਾਸ ਸਥਾਨ ’ਤੇ ਪਹੁੰਚੀ ਤਾਂ ਖਹਿਰਾ ਨੇ ਇਸ ਗਿ੍ਰਫ਼ਤਾਰੀ ’ਤੇ ਇਤਰਾਜ਼ ਪ੍ਰਗਟ ਕੀਤਾ। ਉਨ੍ਹਾ ਦਾ ਕਹਿਣਾ ਸੀ ਕਿ ਪੁਲਸ ਪਹਿਲਾਂ ਉਨ੍ਹਾ ਨੂੰ ਵਰੰਟੇ ਦਿਖਾਵੇ, ਉਸ ਤੋਂ ਬਾਅਦ ਹੀ ਉਸ ਨੂੰ ਗਿ੍ਰਫ਼ਤਾਰ ਕਰ ਸਕਦੇ ਹਨ। ਇਸ ਗੱਲ ’ਤੇ ਪੁਲਸ ਅਤੇ ਖਹਿਰਾ ਵਿਚਾਲੇ ਤੂੰ-ਤੂੰ, ਮੈਂ-ਮੈਂ ਹੋਈ। ਇਸ ਪੂਰੇ ਮਾਮਲੇ ਦਾ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਇਸ ਤੋਂ ਬਾਅਦ ਖਹਿਰਾ ਨੇ ਕਿਹਾ ਕਿ ਇਹ ਸਾਰੀ ਕਾਰਵਾਈ ਬਦਲਾਖੋਰੀ ਦੀ ਹੈ। ਉਹ ਕਿਸੇ ਵੀ ਕੀਮਤ ’ਤੇ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਨਗੇ। ਗਿ੍ਰਫ਼ਤਾਰੀ ਤੋਂ ਬਾਅਦ ਪੁਲਸ ਉਨ੍ਹਾ ਨੂੰ ਜਲਾਲਾਬਾਦ ਲੈ ਕੇ ਪਹੁੰਚੀ। ਮੈਡੀਕਲ ਜਾਂਚ ਤੋਂ ਬਾਅਦ ਉਨ੍ਹਾ ਨੂੰ ਕੋਰਟ ’ਚ ਪੇਸ਼ ਕੀਤਾ ਗਿਆ। ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਕੋਰਟ ਨੇ ਵਿਧਾਇਕ ਖਹਿਰਾ ਨੂੰ ਦੋ ਦਿਨ ਲਈ ਪੁਲਸ ਰਿਮਾਂਡ ’ਤੇ ਭੇਜ ਦਿੱਤਾ। ਪੁਲਸ ਦਾ ਕਹਿਣਾ ਹੈ ਕਿ 7 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ, ਪਰ ਦੋ ਦਿਨ ਦਾ ਹੀ ਰਿਮਾਂਡ ਮਿਲਿਆ। ਪੁਲਸ ਨੇ ਇਸ ਮਾਮਲੇ ’ਚ ਖਹਿਰਾ ਤੋਂ ਮੋਬਾਇਲ ਅਤੇ ਕੁਝ ਸਿਮ ਰਿਕਵਰ ਕਰਨੀਆਂ ਹਨ।
ਖਹਿਰਾ ਨੇ ਕਿਹਾਚਿੰਤਾ ਨਹੀਂ ਕਰਨੀ। ਪਹਿਲਾਂ ਵੀ 50 ਇਸ ਤਰ੍ਹਾਂ ਦੇ ਕੇਸ ਉਨ੍ਹਾ ’ਤੇ ਹੋ ਚੁੱਕੇ ਹਨ। ਅਰਾਮ ਨਾਲ ਲੜਾਂਗਾ, ਮੇਰੇ ’ਚ ਦਮ ਹੈ, ਪਰ ਇਹ ਇਨ੍ਹਾਂ ਦੀ ਕਰਤੂਤ ਦੇਖ ਲਓ, ਪੁਰਾਣੇ 2015 ਦੇ ਝੂਠੇ ਕੇਸ ’ਚ ਚੰਡੀਗੜ੍ਹ ਤੋਂ ਗਿ੍ਰਫ਼ਤਾਰ ਕਰ ਰਹੇ ਹਨ, ਜਿਸ ’ਚ ਸੁਪਰੀਮ ਕੋਰਟ ਨੇ ਸੰਮਨ ਕ੍ਰੈਸ਼ ਕੀਤਾ ਹੋਇਆ ਹੈ, ਰਿਲੀਫ਼ ਮਿਲੀ ਹੋਈ ਹੈ। ਫਿਰ ਵੀ ਉਸੇ ਕੇਸ ’ਚ ਗਿ੍ਰਫ਼ਤਾਰ ਕੀਤਾ ਜਾ ਰਿਹਾ ਹੈ, ਜਿਸ ’ਚ ਕੁਝ ਮਿਲਿਆ ਵੀ ਨਹੀਂ।
ਉਨ੍ਹਾ ਦੇ ਬੇਟੇ ਮਹਿਤਾਬ ਸਿੰਘ ਖਹਿਰਾ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਕੋਰਟ ’ਚ ਲੈ ਕੇ ਜਾਣਗੇ। ਉਥੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਉਹ ਇਸ ਕਾਰਵਾਈ ਦਾ ਵਿਰੋਧ ਕਰਦੇ ਹਨ। ਉਨ੍ਹਾ ਕਿਹਾ ਕਿ ਪਾਰਟੀ ਜਲਦ ਹੀ ਇਸ ਮਾਮਲੇ ’ਚ ਸੰਘਰਸ਼ ਦਾ ਐਲਾਨ ਕਰੇਗੀ।
ਜਾਣਕਾਰੀ ਅਨੁਸਾਰ ਪੰਜ ਮਾਰਚ 2015 ਨੂੰ ਜਲਾਲਾਬਾਦ ਥਾਣਾ ਸਦਰ ਦੀ ਪੁਲਸ ਨੇ ਅੱਠ ਵਿਅਕਤੀਆਂ ਨੂੰ ਹੈਰੋਇਨ ਅਤੇ ਹਥਿਆਰਾਂ ਸਮੇਤ ਗਿ੍ਰਫ਼ਤਾਰ ਕੀਤਾ ਸੀ। ਗਿ੍ਰਫ਼ਤਾਰ ਵਿਅਕਤੀਆਂ ’ਚ ਕਪੂਰਥਲਾ ਦੇ ਇੱਕ ਮੁਲਜ਼ਮ ਦੀ ਸਿਫਾਰਸ਼ ਉਸ ਸਮੇਂ ਸੁਖਪਾਲ ਸਿੰਘ ਖਹਿਰਾ ਨੇ ਕੀਤੀ ਸੀ। ਬਾਅਦ ’ਚ ਸੁਖਪਾਲ ਖਹਿਰਾ ਨੂੰ ਵੀ ਇਸ ਕੇਸ ’ਚ ਮੁਲਜ਼ਮ ਬਣਾਇਆ ਗਿਆ ਸੀ। ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਸੁਖਪਾਲ ਖਹਿਰਾ ਦੀ ਗਿ੍ਰਫਤਾਰੀ ਦਾ ਵਿਰੋਧ ਕਰਦਾ ਹੈ।