ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਸੰਬਲੀ ਚੋਣਾਂ ਵਿਚ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰਨ ਦੀ ਨਵੀਂ ਪਿਰਤ ਪਾਈ ਹੈ, ਕਿਉਕਿ ਪਹਿਲੇ ਪ੍ਰਧਾਨ ਮੰਤਰੀ ਜ਼ਿਆਦਾਤਰ ਗੁਰੇਜ਼ ਹੀ ਕਰਦੇ ਸਨ, ਪਰ ਉਪ-ਰਾਸ਼ਟਰਪਤੀ ਨੂੰ ਇਸ ਕੰਮ ਲਈ ਕਦੇ ਨਹੀਂ ਵਰਤਿਆ ਗਿਆ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੀਆਂ ਅਸੰਬਲੀ ਚੋਣਾਂ ਮੌਕੇ ਗੇੜੀਆਂ ’ਤੇ ਸਖਤ ਇਤਰਾਜ਼ ਕੀਤਾ ਹੈ। ਗਹਿਲੋਤ ਨੇ ਕਿਹਾ ਹੈਅਭੀ ਜੋ ਬਾਰ ਬਾਰ ਸੁਬਹ ਸ਼ਾਮ ਆ ਰਹੇ ਹੈਂ, ਦੌਰੇ ਕਰ ਰਹੇ ਹੈਂ, ਕੋਈ ਤੁਕ ਨਹੀਂ। ਕਯਾ ਤੁਕ ਹੈ? ਚੁਨਾਵ ਚਲ ਰਹੇ ਹੈਂ ਰਾਜਸਥਾਨ ਕੇ ਅੰਦਰ, ਆਪ ਬਾਰ ਬਾਰ ਆਓਗੇ, ਕਯਾ ਲੋਗ ਸਮਝੇਂਗੇ ਆਪਕੇ ਬਾਰੇ ਮੇਂ? ਆਪ ਚਾਹਤੇ ਕਯਾ ਹੋ।
ਧਨਖੜ ਦਾ ਕਹਿਣਾ ਹੈ ਕਿ ਰਾਜਸਥਾਨ ਉਨ੍ਹਾ ਦਾ ਜੱਦੀ ਸੂਬਾ ਹੈ। ਗਹਿਲੋਤ ਇਸ ਕਰਕੇ ਖਿਝੇ ਹਨ ਕਿ ਉਹ ਜਨਤਕ ਪ੍ਰੋਗਰਾਮਾਂ ਵਿਚ ਜਾ ਰਹੇ ਹਨ ਤੇ ਅਜਿਹੀਆਂ ਤਕਰੀਰਾਂ ਕਰ ਰਹੇ, ਜਿਨ੍ਹਾਂ ਵਿੱਚੋਂ ਸਿਆਸੀ ਚਲਾਕੀਆਂ ਝਲਕਦੀਆਂ ਹਨ। ਸਥਾਨਕ ਮੀਡੀਆ ਵੀ ਵਿਸ਼ਲੇਸ਼ਣ ਕਰ ਰਿਹਾ ਹੈ ਕਿ ਧਨਖੜ ਦੇ ਦੌਰਿਆਂ ਨਾਲ ਜਾਟ ਵੋਟਰ ਭਾਜਪਾ ਵੱਲ ਝੁਕ ਸਕਦੇ ਹਨ। ਪਿਛਲੇ 30 ਦਿਨਾਂ ਦੌਰਾਨ ਧਨਖੜ 27 ਅਗਸਤ, 4,5,12,14,23 ਤੇ 27 ਸਤੰਬਰ ਨੂੰ ਰਾਜਸਥਾਨ ਦੌਰੇ ’ਤੇ ਰਹੇ ਅਤੇ ਜੈਪੁਰ, ਝੁਨਝੁਨੂ, ਚੁਰੂ, ਭਰਤਪੁਰ, ਟੋਂਕ, ਕੋਟਾ, ਅਜਮੇਰ, ਉਦੈਪੁਰ, ਚਿਤੌੜਗੜ੍ਹ ਤੇ ਬੀਕਾਨੇਰ ਵਿਚ ਕਈ ਸਰਕਾਰੀ ਪ੍ਰੋਗਰਾਮਾਂ ਵਿਚ ਸ਼ਿਰਕਤ ਕੀਤੀ। ਕਾਂਗਰਸ ਦਾ ਕਹਿਣਾ ਹੈ ਕਿ ਧਨਖੜ ਤਾਂ ਭਾਜਪਾ ਦੇ ਸਟਾਰ ਪ੍ਰਚਾਰਕਾਂ ਨਾਲੋਂ ਵੀ ਵੱਧ ਪ੍ਰਚਾਰ ਮੁਹਿੰਮ ਚਲਾ ਰਹੇ ਹਨ। ਬੁੱਧਵਾਰ ਧਨਖੜ ਨੇ ਇਕ ਥਾਂ ਕਿਹਾ ਕਿ ਪਾਰਲੀਮੈਂਟ ਵਿਚ ਪਾਸ ਕੀਤਾ ਗਿਆ ਮਹਿਲਾ ਰਿਜ਼ਰਵੇਸ਼ਨ ਬਿੱਲ ਗੇਮ-ਚੇਂਜਰ ਹੈ, ਜਦਕਿ ਆਪੋਜ਼ੀਸ਼ਨ ਦਾ ਕਹਿਣਾ ਹੈ ਕਿ ਮੋਦੀ ਨੇ ਮਹਿਲਾ ਰਿਜ਼ਰਵੇਸ਼ਨ ਰਾਇਸ਼ੁਮਾਰੀ ਤੇ ਹਲਕਾਬੰਦੀ ਤੋਂ ਬਾਅਦ ਲਾਗੂ ਕਰਨ ਦੀ ਗੱਲ ਕਹਿ ਕੇ ਛਲਾਵਾ ਕੀਤਾ ਹੈ। ਧਨਖੜ ਨੇ ਇਕ ਹੋਰ ਥਾਂ ਕਿਹਾ ਕਿ ਕੁਰੱਪਸ਼ਨ ਵਿਕਾਸ ਤੇ ਜਮਹੂਰੀਅਤ ਦੀ ਕਾਤਲ ਹੈ ਅਤੇ ਐਲਾਨਿਆ ਕਿ ਪਿਛਲੇ 10 ਸਾਲਾਂ ਵਿਚ ਸੱਤਾ ਦੇ ਦਲਾਲਾਂ ਨੂੰ ਨਿੱਸਲ ਕਰ ਦਿੱਤਾ ਗਿਆ ਹੈ। ਉਨ੍ਹਾ ਲੋਕਾਂ ਨੂੰ ਭਾਰਤ-ਵਿਰੋਧੀ ਸਰਗਰਮੀਆਂ ਤੇ ਅਦਾਰਿਆਂ ਨੂੰ ਬਦਨਾਮ ਤੇ ਕਮਜ਼ੋਰ ਕਰਨ ਦੇ ਯਤਨਾਂ ਦਾ ਡਟਵਾਂ ਵਿਰੋਧ ਕਰਨ ਦਾ ਵੀ ਸੱਦਾ ਦਿੱਤਾ। ਰਾਹੁਲ ਗਾਂਧੀ ਅਕਸਰ ਕਹਿੰਦੇ ਹਨ ਕਿ ਭਾਜਪਾ ਨੇ ਅਦਾਰਿਆਂ ’ਤੇ ਕਬਜ਼ੇ ਕਰਕੇ ਉਨ੍ਹਾਂ ਨੂੰ ਕਮਜ਼ੋਰ ਕਰ ਦਿੱਤਾ ਹੈ। ਕੋਟਾ ਵਿਚ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਧਨਖੜ ਨੇ ਚੰਦਰਯਾਨ-3 ਮਿਸ਼ਨ ਦੀ ਸਫਲਤਾ ਦਾ ਸਿਹਰਾ ਮੋਦੀ ਸਿਰ ਬੰਨ੍ਹਿਆ। ਉਨ੍ਹਾ ਵਿਦਿਆਰਥੀਆਂ ਨੂੰ ਇਹ ਵੀ ਕਿਹਾ ਕਿ ਤੁਸੀਂ ਭਾਰਤ ਦੇ ਖੁਸ਼ਕਿਸਮਤ ਬੱਚੇ ਹੋ, ਜਿਨ੍ਹਾਂ ਨੂੰ ਟੇਲੈਂਟ ਸ਼ੋਅ ਕਰਨ ਦਾ ਮਾਹੌਲ ਮਿਲਿਆ ਹੈ, ਜਦਕਿ ਪਹਿਲਾਂ ਅਜਿਹਾ ਨਹੀਂ ਸੀ। ਇਹ ਵੀ ਕਿਹਾ ਕਿ ਪਹਿਲਾਂ ਲੋਕ ਬਿੱਲ ਦੇਣ ਲਈ ਲਾਈਨਾਂ ਵਿਚ ਲੱਗਦੇ ਸਨ, ਪਰ ਹੁਣ ਇਸ ਦੀ ਲੋੜ ਨਹੀਂ ਰਹੀ। ਇਹ ਆਪਣੇ-ਆਪ ਨਹੀਂ ਹੋਇਆ, ਸਰਕਾਰ ਨੇ ਕੀਤਾ। ਧਨਖੜ ਨੇ ਇੱਥੋਂ ਤੱਕ ਕਿਹਾ ਕਿ ਮਨਮੋਹਨ ਸਿੰਘ ਦੇ ਰਾਜ ਵਿਚ ਆਰਥਕਤਾ ਮੰਦੇ ਹਾਲ ਸੀ ਤੇ ਪਿਛਲੀਆਂ ਸਰਕਾਰਾਂ ਵਿਚ ਸੱਤਾ ਦੇ ਦਲਾਲਾਂ ਤੇ ਠੱਗਾਂ ਦੀ ਚਲਦੀ ਸੀ। ਸਰਕਾਰੀ ਫੈਸਲੇ ਬਾਹਰੋਂ (ਸੋਨੀਆ ਗਾਂਧੀ ਵੱਲ ਇਸ਼ਾਰਾ) ਹੁੰਦੇ ਸਨ। ਉਪ ਰਾਸ਼ਟਰਪਤੀ ਨੇ ਆਪੋਜ਼ੀਸ਼ਨ ਆਗੂਆਂ ’ਤੇ ਛਾਪੇਮਾਰੀ ਨੂੰ ਇਕ ਤਰ੍ਹਾਂ ਨਾਲ ਜਾਇਜ਼ ਠਹਿਰਾਉਦਿਆਂ ਕਿਹਾਜੇ ਕਿਸੇ ਨੂੰ ਈ ਡੀ, ਸੀ ਬੀ ਆਈ ਜਾਂ ਇਨਕਮ ਟੈਕਸ ਦਾ ਨੋਟਿਸ ਮਿਲਦਾ ਹੈ ਤਾਂ ਉਹ ਗਲੀਆਂ ਵਿਚ ਰੌਲਾ ਪਾਉਦਾ ਹੈ। ਕੀ ਇਹ ਵਾਜਬ ਹੈ? ਅਦਾਲਤ ਵਿਚ ਜਾਓ ਤੇ ਰਾਹਤ ਮੰਗੋ।
ਰਾਜਸਥਾਨ ਵਿਚ ਅਜੀਬ ਸਥਿਤੀ ਬਣ ਗਈ ਹੈ। ਉਪ ਰਾਸ਼ਟਰਪਤੀ ਦਾ ਅਹੁਦਾ ਸੰਵਿਧਾਨਕ ਹੈ ਤੇ ਉਨ੍ਹਾ ਦੇ ਕਿਤੇ ਵੀ ਪੁੱਜਣ ’ਤੇ ਨਿਯਮਾਂ ਮੁਤਾਬਕ ਉਨ੍ਹਾ ਦਾ ਮੁੱਖ ਮੰਤਰੀ ਤੇ ਮੰਤਰੀਆਂ ਨੇ ਸਵਾਗਤ ਕਰਨਾ ਹੁੰਦਾ ਹੈ। ਹਾਲਾਂਕਿ ਧਨਖੜ ਨੇ ਕਿਹਾ ਹੈ ਕਿ ਰਾਜਸਥਾਨ ਉਨ੍ਹਾ ਦਾ ਜੱਦੀ ਸੂਬਾ ਹੈ ਤੇ ਖਾਸ ਆਓ-ਭਗਤ ਕਰਨ ਦੀ ਲੋੜ ਨਹੀਂ, ਪਰ ਸੂਬਾ ਸਰਕਾਰ ਨੂੰ ਨਿਯਮਾਂ ਦੀ ਪਾਲਣਾ ਤਾਂ ਕਰਨੀ ਪੈਣੀ ਹੈ। ਉਪ ਰਾਸ਼ਟਰਪਤੀ ਚੋਣਾਂ ਮੌਕੇ ਰਾਜਸਥਾਨ ਦਾ ਗੇੜੇ ’ਤੇ ਗੇੜਾ ਲਾ ਕੇ ਜਿੱਥੇ ਗਲਤ ਪਿਰਤ ਪਾ ਰਹੇ ਹਨ, ਉਥੇ ਸਿਆਸੀ ਸੁਰਾਂ ਵਾਲੀਆਂ ਤਕਰੀਰਾਂ ਕਰਕੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਅਹੁਦੇ ਦੀ ਕਦਰ-ਘਟਾਈ ਵੀ ਕਰ ਰਹੇ ਹਨ।