ਨਵੀਂ ਦਿੱਲੀ : ਪੁਲਿਟਜ਼ਰ ਪੁਰਸਕਾਰ ਜੇਤੂ ਕਸ਼ਮੀਰੀ ਫੋਟੋ ਜਰਨਲਿਸਟ ਸਨਾ ਇਰਸ਼ਾਦ ਮੱਟੂ ਨੂੰ ਸ਼ਨੀਵਾਰ ਫਰਾਂਸ ਜਾਣ ਤੋਂ ਰੋਕ ਦਿੱਤਾ ਗਿਆ | ਉਹ ਇਕ ਪੁਸਤਕ ਦੀ ਰਿਲੀਜ਼ ਤੇ ਫੋਟੋਗਰਾਫੀ ਨੁਮਾਇਸ਼ ਵਿਚ ਸ਼ਾਮਲ ਹੋਣ ਪੈਰਿਸ ਜਾ ਰਹੀ ਸੀ | ਦਿੱਲੀ ਹਵਾਈ ਅੱਡੇ ਦੇ ਇਮੀਗਰੇਸ਼ਨ ਅਧਿਕਾਰੀਆਂ ਨੇ ਕਿਹਾ ਕਿ ਜੰਮੂ-ਕਸ਼ਮੀਰ ਪੁਲਸ ਵੱਲੋਂ ਲਾਈ ਰੋਕ ਕਾਰਨ ਉਸ ਨੂੰ ਰੋਕਿਆ ਗਿਆ |
ਮੱਟੂ ਨੇ ਕਿਹਾ—ਵੀਜ਼ਾ ਹੋਣ ਦੇ ਬਾਵਜੂਦ ਮੈਨੂੰ ਰੋਕਿਆ ਗਿਆ | ਕੋਈ ਕਾਰਨ ਨਹੀਂ ਦੱਸਿਆ ਗਿਆ | ਸਿਰਫ ਇਹੀ ਕਿਹਾ ਗਿਆ ਕਿ ਮੈਂ ਵਿਦੇਸ਼ ਯਾਤਰਾ ਨਹੀਂ ਕਰ ਸਕਦੀ |
ਮੱਟੂ ਸਮੇਤ ਚਾਰ ਭਾਰਤੀ ਫੋਟੋ ਜਰਨਲਿਸਟਾਂ ਨੂੰ ਕੋਰੋਨਾ ਮਹਾਂਮਾਰੀ ਦੀ ਕਵਰੇਜ ਲਈ ਮਈ ਵਿਚ ਮੀਡੀਆ ਦੇ ਸਭ ਤੋਂ ਵਕਾਰੀ ਪੁਲਿਟਜ਼ਰ ਪੁਰਸਕਾਰ ਨਾਲ ਸਨਮਾਨਿਆ ਗਿਆ ਸੀ | ਜਰਨਲਿਸਟ ਫੈਡਰੇਸ਼ਨ ਆਫ ਕਸ਼ਮੀਰ ਨੇ ਮੱਟੂ ਨੂੰ ਰੋਕਣ ਦੀ ਨਿੰਦਾ ਕੀਤੀ ਹੈ | ਉਸ ਨੇ ਕਿਹਾ ਕਿ ਲੁਕਆਊਟ ਸਰਕੂਲਰ ਦੀ ਅੰਨ੍ਹੀ ਵਰਤੋਂ ਕਰਕੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਆਜ਼ਾਦੀ ਦੀਆਂ ਕਦਰਾਂ ਨੂੰ ਬਣਾਏ ਰੱਖਣ ਲਈ ਕਸ਼ਮੀਰ ਵਿਚ ਪੱਤਰਕਾਰਾਂ ਨੇ ਜਾਨ ਜੋਖਮ ‘ਚ ਪਾ ਕੇ ਕੰਮ ਕੀਤਾ ਹੈ | ਸਨਾ ਕੌਮਾਂਤਰੀ ਖਬਰ ਏਜੰਸੀ ਰਾਇਟਰਜ਼ ਲਈ ਕੰਮ ਕਰਦੀ ਹੈ |




