ਜਲੰਧਰ (ਰਾਜੇਸ਼ ਥਾਪਾ)-ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਨੇ ਐਤਵਾਰ ਦਰਜਨਾਂ ਭਰਾਤਰੀ ਜਥੇਬੰਦੀਆਂ ਅਤੇ ਇਨਸਾਫਪਸੰਦ ਲੋਕਾਂ ਦੇ ਸਹਿਯੋਗ ਨਾਲ ਦੇਸ਼ ਭਗਤ ਯਾਦਗਾਰ ਹਾਲ ‘ਚ ਵਿਚਾਰ-ਚਰਚਾ ਅਤੇ ਸੜਕਾਂ ‘ਤੇ ਰੋਸ ਵਿਖਾਵੇ ਕਰਕੇ ਤੀਸਤਾ ਸੀਤਲਵਾੜ ਅਤੇ ਸਮੂਹ ਬੁੱਧੀਜੀਵੀਆਂ ਦੀ ਰਿਹਾਈ ਲਈ ਵਿਸ਼ਾਲ ਜਨਤਕ ਲਹਿਰ ਉਸਾਰਨ ਦਾ ਸੱਦਾ ਦਿੱਤਾ | ਸਮਾਗਮ ਬੁੱਧੀਜੀਵੀਆਂ, ਪੱਤਰਕਾਰਾਂ, ਲੇਖਕਾਂ, ਫੋਟੋ ਆਰਟਿਸਟ, ਜਮਹੂਰੀ ਅਤੇ ਤਰਕਸ਼ੀਲ ਕਾਮਿਆਂ ਦੀ ਜ਼ੁਬਾਨਬੰਦੀ ਕਰਨ ਲਈ ਪੱਬਾਂ ਭਾਰ ਹੋਈ ਮੋਦੀ ਹਕੂਮਤ ਦੇ ਹੱਲੇ ਪਛਾੜਨ ਲਈ ਵਿਸ਼ਾਲ ਜਨਤਕ ਸੰਘਰਸ਼ ਕਰਨ ਲਈ ਤਿਆਰ ਹੋਣ ਦਾ ਹੋਕਾ ਦੇਣ ‘ਚ ਸਫਲ ਰਿਹਾ |
ਦੇਸ਼ ਭਗਤ ਯਾਦਗਾਰ ਹਾਲ ‘ਚ ਬਣੇ ਗਦਰੀ ਦੇਸ਼ ਭਗਤ ਪ੍ਰੋ. ਬਰਕਤ ਉੱਲਾ ਖਾਂ ਸੈਮੀਨਾਰ ਹਾਲ ਵਿਖੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ, ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ, ਮਾਨਵਤਾ ਕਲਾ ਮੰਚ ਨਗਰ (ਪਲਸ ਮੰਚ) ਦੀ ਨਾਟਕਕਾਰ ਕੁਲਵੰਤ ਕੌਰ ਨਗਰ ਅਤੇ ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਦੀ ਪ੍ਰਧਾਨਗੀ ‘ਚ ਹੋਈ ਵਿਚਾਰ-ਚਰਚਾ ਦਾ ਆਗਾਜ਼ ਬੁੱਧੀਜੀਵੀ, ਲੇਖਕ ਅਤੇ ਜਮਹੂਰੀ ਹੱਕਾਂ ਦੇ ਨਿਧੜਕ ਝੰਡਾਬਰਦਾਰ ਸਮਾਗਮ ਦੇ ਮੁੱਖ ਬੁਲਾਰੇ ਬੂਟਾ ਸਿੰਘ ਮਹਿਮੂਦਪੁਰ ਨੂੰ ਗੁਰਸ਼ਰਨ ਭਾਅ ਜੀ ਸਿਮਰਤੀ ਗ੍ਰੰਥ ਨਾਲ ਪਲਸ ਮੰਚ ਅਤੇ ਸਮੂਹ ਭਰਾਤਰੀ ਜਥੇਬੰਦੀਆਂ ਵੱਲੋਂ ਸਨਮਾਨਤ ਕਰਨ ਨਾਲ ਹੋਇਆ |
ਬੂਟਾ ਸਿੰਘ ਨੇ ਢੇਰਾਂ ਤੱਥਾਂ ਦੇ ਅਧਾਰ ‘ਤੇ ਦਰਸਾਇਆ ਕਿ ਕਿਵੇਂ 2002 ਦੇ ਗੁਜਰਾਤ ਵਿਖੇ ਮੁਸਲਮਾਨ ਭਾਈਚਾਰੇ ਨੂੰ ਚੋਣਵਾਂ ਨਿਸ਼ਾਨਾ ਬਣਾਇਆ ਗਿਆ, ਜਿਸ ਦੇ ਮੁਜਰਮਾਂ ਉਪਰ ਬੇਖੌਫ ਹੋ ਕੇ ਉਂਗਲ ਧਰਦੇ ਹੋਏ ਕਾਨੂੰਨੀ ਲੜਾਈ ਲੜਨ ਵਾਲੀ ਤੀਸਤਾ ਸੀਤਲਵਾੜ ਨੂੰ ਸਬਕ ਸਿਖਾਉਣ ਅਤੇ ਹੋਰਨਾਂ ਵਕੀਲਾਂ, ਪੱਤਰਕਾਰਾਂ, ਸਮਾਜ ਸੇਵੀਆਂ, ਜਮਹੂਰੀ ਹੱਕਾਂ ਦੇ ਝੰਡਾਬਰਦਾਰ ਲੋਕਾਂ ਨੂੰ ਚਿਤਾਵਨੀ ਦੇਣ ਲਈ ਤੀਸਤਾ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਡੱਕਿਆ ਗਿਆ ਹੈ |
ਬੂਟਾ ਸਿੰਘ ਨੇ ਕਿਹਾ ਕਿ ਆਦਿਵਾਸੀਆਂ, ਦਲਿਤਾਂ, ਮੁਸਲਿਮ ਭਾਈਚਾਰੇ ਨੂੰ ਆਪਣੇ ਹਮਲਿਆਂ ਦਾ ਨਿਸ਼ਾਨਾ ਬਣਾਉਣ ਦੇ ਨਾਲ-ਨਾਲ ਆਰ ਐੱਸ ਐੱਸ ਦੀ ਵਿਚਾਰਧਾਰਾ ‘ਤੇ ਚੱਲਦਿਆਂ ਮੋਦੀ ਹਕੂਮਤ ਨੇ ਮੁੱਖ ਨਿਸ਼ਾਨੇ ‘ਤੇ ਬੁੱਧੀਜੀਵੀ ਵਰਗ ਨੂੰ ਲਿਆ ਹੈ, ਤਾਂ ਜੋ ਲੋਕ ਰਾਏ ਬਣਾਉਣ ਵਾਲੇ ਕੰਮੀਆਂ ਦੇ ਵਿਹੜੇ ਦੇ ਸੂਰਜਾਂ ਨੂੰ ਅਸਤ ਕੀਤਾ ਜਾ ਸਕੇ | ਉਹਨਾ ਕਿਹਾ ਕਿ ਮੁਲਕ ਦੇ ਜਾਗਦੇ ਅਤੇ ਜੂਝਦੇ ਲੋਕ ਸਭ ਕੁਝ ਪੂਰੇ ਗਹੁ ਨਾਲ ਨਿਰਖ-ਪਰਖ ਰਹੇ ਹਨ ਕਿ ਸਾਡਾ ਅਦਾਲਤੀ ਤਾਣਾ-ਬਾਣਾ, ਹਕੂਮਤ, ਸਿਵਲ, ਪੁਲਸ ਪ੍ਰਸ਼ਾਸਨ, ਫਿਰਕੂ ਜ਼ਹਿਰੀ ਕਾਲੀਆਂ ਭੀੜਾਂ ਕਿਵੇਂ ਨੰਗੇ ਚਿੱਟੇ ਤੌਰ ‘ਤੇ ਝੂਠ ਦੀ ਪਿੱਠ ਥਾਪੜ ਰਹੀਆਂ ਹਨ | ਉਹਨਾਂ ਕਿਹਾ ਸੱਚ ਜਿੱਤੇਗਾ, ਝੂਠ ਦੇ ਪੈਰ ਨਹੀਂ ਹੁੰਦੇ | ਭਵਿੱਖ ਹੱਕ, ਸੱਚ ਅਤੇ ਇਨਸਾਫ ਲਈ ਲੜਨ ਵਾਲੇ ਲੋਕਾਂ ਦਾ ਹੈ | ਪਲਸ ਮੰਚ ਦੇ ਸੂਬਾਈ ਪ੍ਰਧਾਨ ਅਮੋਲਕ ਸਿੰਘ ਨੇ ਵਿਚਾਰ-ਚਰਚਾ ਵਿੱਚ ਬੋਲਦਿਆਂ ਕਿਹਾ ਕਿ ਫਿਰਕੂ, ਫਾਸ਼ੀ ਹੱਲੇ ਨੂੰ ਲੱਕ ਤੋੜਵੀਂ ਹਾਰ ਦੇਣ ਲਈ ਲੋਕਾਂ ਦੇ ਬੁਨਿਆਦੀ ਅਤੇ ਰੋਜ਼ਮਰ੍ਹਾ ਦੇ ਮੁੱਦਿਆਂ ‘ਤੇ ਲਾਮਬੰਦੀ ਅਤੇ ਲੋਕ ਸੰਘਰਸ਼ ਲਾਜ਼ਮੀ ਹੈ |
ਉਹਨਾ ਕਿਹਾ ਕਿ ਜਲਿ੍ਹਆਂ ਵਾਲਾ ਬਾਗ ਖੂਨੀ ਕਾਂਡ ਰਚਣ ਵਾਲੇ ਜਨਰਲ ਡਾਇਰ ਅਤੇ ਬਰਤਾਨਵੀ ਸਰਕਾਰ ਖਿਲਾਫ ਹੰਟਰ ਕਮੇਟੀ ਦੀ ਰਿਪੋਰਟ ਵਿਚ ਤੀਸਤਾ ਸੀਤਲਵਾੜ ਦੇ ਦਾਦਾ ਜੀਮੋਤੀ ਲਾਲ ਸੀਤਲਵਾੜ ਸੀਨੀਅਰ ਵਕੀਲ ਦੀ ਇਤਿਹਾਸਕ ਭੂਮਿਕਾ ਸੀ ਕੀ ਇਹ ਉਸ ਦਾ ਇਨਾਮ ਦਿੱਤਾ ਜਾ ਰਿਹਾ ਹੈ |
ਇਸ ਮੌਕੇ ਭਰੇ ਹਾਲ ਨੇ ਹੱਥ ਖੜ੍ਹੇ ਕਰ ਕੇ ਮਤਾ ਪਾਸ ਕਰਦਿਆਂ ਮੰਗ ਕੀਤੀ ਕਿ ਤੀਸਤਾ ਸੀਤਲਵਾੜ, ਆਰ ਬੀ ਸ੍ਰੀ ਕੁਮਾਰ, ਮੁਹੰਮਦ ਜ਼ੁਬੈਰ ਸਮੇਤ ਬੀਤੇ ਸਾਲਾਂ ਤੋਂ ਜੇਲ੍ਹਾਂ ਅੰਦਰ ਡੱਕੇ ਬੁੱਧੀਜੀਵੀਆਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ | ਰਾਇਟਰਜ਼ ਵਰਗੀ ਕੌਮਾਂਤਰੀ ਖਬਰ ਏਜੰਸੀ ਦੇ ਨਾਮਵਰ ਪੱਤਰਕਾਰ ਸਨਾ ਇਰਸ਼ਾਦ ਮੱਟੂ ਵਰਗਿਆਂ ਨੂੰ ਵਤਨ ਤੋਂ ਬਾਹਰ ਜਾਣ ‘ਤੇ ਵੀ ਰੋਕਾਂ ਮੜ੍ਹਨੀਆਂ ਬੰਦ ਕੀਤੀਆਂ ਜਾਣ | ਪ੍ਰਧਾਨਗੀ ਮੰਡਲ ਵੱਲੋਂ ਸੰਬੋਧਨ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਕਿਹਾ ਕਿ ਗਦਰੀ ਬਾਬਿਆਂ ਦਾ ਇਤਿਹਾਸ ਗਵਾਹ ਹੈ ਕਿ ਲੋਕਾਂ ਨੂੰ ਜਬਰ ਦੇ ਜ਼ੋਰ ਕਦੇ ਵੀ ਦਬਾਇਆ ਨਹੀਂ ਜਾ ਸਕਦਾ | ਉਹਨਾ ਕਿਹਾ ਕਿ ਧਰਤੀ ਅਵੱਸ਼ ਹੀ ਪਾਸਾ ਪਰਤੇਗੀ |
ਇਸ ਵਿਚਾਰ-ਚਰਚਾ ਵਿੱਚ ਨਾਮਵਰ ਸੀਨੀਅਰ ਪੱਤਰਕਾਰ ਸਤਨਾਮ ਸਿੰਘ ਮਾਣਕ, ਗਿਆਨ ਸੈਦਪੁਰੀ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਵਿੱਤ ਸਕੱਤਰ ਰਣਜੀਤ ਸਿੰਘ ਔਲਖ, ਜਮਹੂਰੀ ਅਧਿਕਾਰ ਸਭਾ ਦੇ ਡਾ. ਜਗਜੀਤ ਸਿੰਘ ਚੀਮਾ, ਡਾ. ਮੰਗਤ ਰਾਏ, ਤਰਕਸ਼ੀਲ ਸੁਸਾਇਟੀ ਦੇ ਸੁਖਵਿੰਦਰ ਬਾਗਪੁਰ, ਅਸ਼ਵਨੀ ਟਿੱਬਾ, ਸੁਖਦੇਵ ਸਿੰਘ ਫਗਵਾੜਾ, ਮਾਨਵਤਾ ਕਲਾ ਮੰਚ ਨਗਰ ਦੇ ਨਿਰਦੇਸ਼ਕ ਜਸਵਿੰਦਰ ਪੱਪੀ, ਗਾਇਕ ਧਰਮਿੰਦਰ ਮਸਾਣੀ, ਫੁਲਵਾੜੀ ਕਲਾ ਮੰਚ ਦੇ ਸਰਪ੍ਰਸਤ ਜਗੀਰ ਜੋਸਣ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਵਿੱਤ ਸਕੱਤਰ ਹਰਮੇਸ਼ ਮਾਲੜੀ, ਕਿਸਾਨ ਆਗੂ ਮੋਹਣ ਸਿੰਘ, ਗੁਰਚਰਨ ਸਿੰਘ ਚਾਹਿਲ, ਸ਼ਿੰਗਾਰਾ ਸਿੰਘ, ਰਾਜਿੰਦਰ ਸਿੰਘ ਅਤੇ ਤਲਵਿੰਦਰ ਹੀਰ ਨੰਗਲ ਖਿਲਾੜੀਆਂ ਹੁਸ਼ਿਆਰਪੁਰ ਸ਼ਾਮਲ ਹੋਏ | ਵਿਚਾਰ-ਚਰਚਾ ਅਤੇ ਰੋਸ ਵਿਖਾਵੇ ਦਾ ਆਯੋਜਨ ਪਲਸ ਮੰਚ ਦੀਆਂ ਇਕਾਈਆਂ ਮਾਨਵਤਾ ਕਲਾ ਮੰਚ ਨਗਰ ਅਤੇ ਲੋਕ ਸੰਗੀਤ ਮੰਡਲੀ ਮਸਾਣੀ ਦੇ ਵਿਸ਼ੇਸ਼ ਉੱਦਮ ਨਾਲ ਕੀਤਾ ਗਿਆ | ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਜਲੰਧਰ, ਤਰਕਸ਼ੀਲ ਸੁਸਾਇਟੀ ਜ਼ਿਲ੍ਹਾ ਜਲੰਧਰ, ਮਾਨਵਵਾਦੀ ਰਚਨਾ ਮੰਚ ਪੰਜਾਬ, ਸਾਹਿਤ ਅਤੇ ਸੱਭਿਆਚਾਰ ਸੰਸਥਾ ਫੁਲਕਾਰੀ, ਅਦਾਰਾ ਲਕੀਰ, ਪੀਪਲਜ਼ ਵਾਇਸ, ਮਾਹਿਲਪੁਰ ਕਿਸਾਨ ਮੋਰਚਾ, ਦੇਸ਼ ਭਗਤ ਯਾਦਗਾਰ ਕਮੇਟੀ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਲੰਧਰ ਅਤੇ ਹੁਸ਼ਿਆਰਪੁਰ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਰੇਲ ਕੋਚ ਫੈਕਟਰੀ ਕਪੂਰਥਲਾ ਨੇ ਵਿਚਾਰ-ਚਰਚਾ ਅਤੇ ਰੋਸ ਵਿਖਾਵੇ ‘ਚ ਭਰਵੀਂ ਸਮੂਲੀਅਤ ਕੀਤੀ |
ਨਰਗਿਸ, ਮੰਗਤ ਰਾਏ ਮੰਗਾ, ਸੋਨੀ ਗੜ੍ਹਦੀਵਾਲਾ, ਧਰਮਿੰਦਰ ਮਸਾਣੀ ਤੇ ਕੁਲਵੰਤ ਕੌਰ ਨਗਰ ਨੇ ਗੀਤਾਂ ਨਾਲ ਜਮਹੂਰੀ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦਾ ਹੋਕਾ ਦਿੱਤਾ | ਵਿਚਾਰ-ਚਰਚਾ ਦਾ ਸੰਚਾਲਨ ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਅਮੋਲਕ ਸਿੰਘ ਅਤੇ ਧਰਮਿੰਦਰ ਮਸਾਣੀ ਨੇ ਕੀਤਾ |