ਮੱਧ ਪ੍ਰਦੇਸ਼ ’ਚ ਬਸਪਾ ਤੇ ਜੀ ਜੀ ਪੀ ਨੇ ਤੀਜਾ ਮੋਰਚਾ ਬਣਾਇਆ

0
169

ਭੋਪਾਲ : ਮੱਧ ਪ੍ਰਦੇਸ਼ ਅਸੰਬਲੀ ਚੋਣਾਂ ਲਈ ਬਸਪਾ ਤੇ ਗੋਂਡਵਾਨਾ ਗਣਤੰਤਰ ਪਾਰਟੀ (ਜੀ ਜੀ ਪੀ) ਨੇ ਭਾਜਪਾ ਤੇ ਕਾਂਗਰਸ ਨੂੰ ਟੱਕਰ ਦੇਣ ਲਈ ਗੱਠਜੋੜ ਕਰ ਲਿਆ ਹੈ। 230 ਮੈਂਬਰੀ ਅਸੰਬਲੀ ਲਈ ਬਸਪਾ 178 ਤੇ ਜੀ ਜੀ ਪੀ 52 ਸੀਟਾਂ ’ਤੇ ਉਮੀਦਵਾਰ ਖੜ੍ਹੇ ਕਰੇਗੀ। 1991 ਵਿਚ ਬਣੀ ਜੀ ਜੀ ਪੀ ਮੱਧ ਪ੍ਰਦੇਸ਼ ਦਾ ਵੱਡਾ ਕਬਾਇਲੀ ਗਰੁੱਪ ਹੈ, ਜਿਹੜਾ ਗੋਂਡੀ ਲੋਕਾਂ ਲਈ ਕੰਮ ਕਰਦਾ ਹੈ ਤੇ ਵੱਖਰੇ ਗੋਂਡਵਾਨਾ ਦੀ ਮੰਗ ਕਰਦਾ ਹੈ।
ਬਸਪਾ ਆਗੂ ਤੇ ਰਾਜ ਸਭਾ ਮੈਂਬਰ ਰਾਮਜੀ ਗੌਤਮ ਨੇ ਕਿਹਾ ਕਿ ਸੂਬੇ ਵਿਚ ਪਹਿਲੀ ਵਾਰ ਐੱਸ ਸੀ (ਅਨੁਸੂਚਿਤ ਜਾਤਾਂ) ਤੇ ਐੱਸ ਟੀ (ਅਨੁਸੂਚਿਤ ਕਬੀਲੇ) ਮਿਲ ਕੇ ਚੋਣ ਲੜਨਗੇ। ਮੱਧ ਪ੍ਰਦੇਸ਼ ਵਿਚ ਦਲਿਤਾਂ ਦੀ ਆਬਾਦੀ ਲੱਗਭੱਗ 16 ਫੀਸਦੀ ਹੈ ਤੇ ਇਨ੍ਹਾਂ ਲਈ 35 ਸੀਟਾਂ ਰਿਜ਼ਰਵ ਹਨ। 2018 ਦੀਆਂ ਚੋਣਾਂ ਵਿਚ 35 ਵਿੱਚੋਂ 18 ਭਾਜਪਾ ਤੇ 17 ਕਾਂਗਰਸ ਨੇ ਜਿੱਤੀਆਂ ਸਨ। ਕਬਾਇਲੀਆਂ ਦੀ ਆਬਾਦੀ 21 ਫੀਸਦੀ ਹੈ ਤੇ ਇਨ੍ਹਾਂ ਲਈ 47 ਸੀਟਾਂ ਰਿਜ਼ਰਵ ਹਨ। 2018 ਵਿਚ ਭਾਜਪਾ ਨੇ 16 ਤੇ ਕਾਂਗਰਸ ਨੇ 30 ਸੀਟਾਂ ਜਿੱਤੀਆਂ ਸਨ। ਬਸਪਾ ਦਾ ਯੂ ਪੀ ਨਾਲ ਲੱਗਦੇ ਬੁੰਦੇਲਖੰਡ ਤੇ ਗਵਾਲੀਅਰ-ਚੰਬਲ ਪੱਟੀ ਵਿਚ ਆਧਾਰ ਹੈ, ਜਿੱਥੇ ਦਲਿਤ ਕਾਫੀ ਰਹਿੰਦੇ ਹਨ। ਜੀ ਜੀ ਪੀ ਦਾ ਮਹਾਕੌਸ਼ਲ ਖਿੱਤੇ, ਮੁੱਖ ਤੌਰ ’ਤੇ ਬਾਲਾਘਾਟ, ਮੰਡਲਾ, ਡਿੰਡੋਰੀ, ਸਿਓਨੀ, ਛਿੰਦਵਾੜਾ ਤੇ ਬੇਤੁਲ ਵਿਚ ਗੜ੍ਹ ਹੈ, ਜਿੱਥੇ ਕਾਫੀ ਗੋਂਡੀ ਆਬਾਦੀ ਹੈ। ਗੱਠਜੋੜ ਅੰਦਰਲੇ ਸੂਤਰਾਂ ਮੁਤਾਬਕ ਉਹ ਦਲਿਤਾਂ ਤੇ ਕਬਾਇਲੀਆਂ ਵਿਚ ਭਾਜਪਾ ਦੀਆਂ ਵੋਟਾਂ ਨੂੰ ਖੋਰਾ ਲਾਉਣ ਦਾ ਯਤਨ ਕਰਨਗੇ।
ਜੀ ਜੀ ਪੀ ਨੇ 2003 ਦੀਆਂ ਚੋਣਾਂ ਵਿਚ 61 ਉਮੀਦਵਾਰ ਖੜ੍ਹੇ ਕਰਕੇ 3 ਸੀਟਾਂ ਜਿੱਤੀਆਂ ਸਨ। ਉਸ ਤੋਂ ਬਾਅਦ ਧੜੇਬੰਦੀ ਕਾਰਨ ਉਹ ਸਫਲ ਨਹੀਂ ਹੋਈ। ਉਸ ਨੇ 2018 ਵਿਚ ਸਮਾਜਵਾਦੀ ਪਾਰਟੀ ਨਾਲ ਗੱਠਜੋੜ ਕੀਤਾ ਸੀ ਤੇ ਗੱਠਜੋੜ ਵਿੱਚੋਂ ਸਿਰਫ ਸਮਾਜਵਾਦੀ ਪਾਰਟੀ ਇਕ ਸੀਟ ਜਿੱਤ ਸਕੀ। ਬਸਪਾ 1990ਵਿਆਂ ਤੋਂ ਸੂਬੇ ਵਿਚ ਚੋਣਾਂ ਲੜ ਰਹੀ ਹੈ। ਇਸ ਦਾ ਸਭ ਤੋਂ ਵਧੀਆ ਪ੍ਰਦਰਸ਼ਨ 2008 ਵਿਚ ਰਿਹਾ, ਜਦੋਂ ਇਸ ਨੇ 7 ਸੀਟਾਂ ਜਿੱਤੀਆਂ ਸਨ। 2013 ਵਿਚ 4 ਤੇ 2018 ਵਿਚ 2 ਸੀਟਾਂ ਜਿੱਤੀਆਂ।

LEAVE A REPLY

Please enter your comment!
Please enter your name here