ਈ ਵੀ ਐੱਮ ਭਰੋਸੇਯੋਗ ਨਹੀਂ : ਦੀਪਕੇ

0
9

ਮੁੰਬਈ (ਨ ਜ਼ ਸ)-2 ਅਕਤੂਬਰ ਨੂੰ ਮੁੰਬਈ ਦੇ ਸ਼ਿਵਾਜੀ ਪਾਰਕ ਤੋਂ ‘ਜੇਲ੍ਹ ਭਰੋ ਅੰਦੋਲਨ’ ਸ਼ੁਰੂ ਕਰਨ ਤੋਂ ਪਹਿਲਾਂ ਕਾਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਬਾਨੀ ਅਭਿਜੀਤ ਦੀਪਕੇ ਨੇ ਵੀਰਵਾਰ ਐਲਾਨਿਆ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਉਨ੍ਹਾ ਦਾ ਅੰਦੋਲਨ ਗੋਆ, ਬੇਂਗਲੁਰੂ, ਕੋਲਕਾਤਾ ਅਤੇ ਹੋਰ ਸ਼ਹਿਰਾਂ ਵਿੱਚ ਵੀ ਫੈਲ ਜਾਵੇਗਾ |
ਦੀਪਕੇ ਨੇ ਸੌਰਵ ਦਾਸ ਸਮੇਤ ਸਾਥੀ ਨੇਤਾਵਾਂ ਨਾਲ ਪ੍ਰੈੱਸ ਕਾਨਫਰੰਸ ਵਿੱਚ ਗਿਆਨੇਸ਼ ਕੁਮਾਰ ਵਿਰੁੱਧ ਫੌਜਦਾਰੀ ਕਾਰਵਾਈ ਦੀ ਮੰਗ ਕੀਤੀ | ਦੀਪਕੇ ਨੇ ਸਿਆਸੀ ਪਾਰਟੀਆਂ ਨੂੰ ਵੀ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ, ਪਰ ਐਲਾਨਿਆ ਕਿ ਸੀ ਜੇ ਪੀ ਇੰਡੀਆ ਬਲਾਕ ਦੇ ਵਿਰੋਧ ਪ੍ਰਦਰਸ਼ਨਾਂ ਦਾ ਹਿੱਸਾ ਨਹੀਂ ਬਣੇਗੀ |
ਗਿਆਨੇਸ਼ ਕੁਮਾਰ ਨੂੰ ਕਠਪੁਤਲੀ ਦੱਸਦੇ ਹੋਏ ਦੀਪਕੇ ਨੇ ਕਿਹਾ ਕਿ ਅਗਲੇ ਚੋਣ ਕਮਿਸ਼ਨਰਾਂ ਦੀ ਚੋਣ ਪਾਰਦਰਸ਼ੀ ਢੰਗ ਨਾਲ ਹੋਣੀ ਚਾਹੀਦੀ ਹੈ ਅਤੇ ਸਿਵਲ ਸੁਸਾਇਟੀ ਨੂੰ ਇਸ ਪ੍ਰਕਿਰਿਆ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ |
ਅਜਿੰਕਿਆ ਸ਼ਿੰਦੇ ਨੇ ਕਿਹਾ, ‘ਮੁੰਬਈ, ਗੋਆ, ਬੇਂਗਲੁਰੂ, ਕੋਲਕਾਤਾ ਤੇ ਰਾਂਚੀ ਤੋਂ ਬਾਅਦ ਅੰਦੋਲਨ ਮਹੀਨੇ ਦੇ ਅੰਤ ਵਿੱਚ ਜੰਤਰ-ਮੰਤਰ ਪਹੁੰਚੇਗਾ |’ ਦੀਪਕੇ ਨੇ ਕਿਹਾ, ‘ਲੋਕਤੰਤਰ ਦਾ ਇੱਕ ਭਰਮ ਹੈ | ਈ ਵੀ ਐੱਮ ਭਰੋਸੇਯੋਗ ਨਹੀਂ, ਕਿਉਂਕਿ ਹਰ ਇਲੈਕਟ੍ਰਾਨਿਕ ਮਸ਼ੀਨ ਵਿੱਚ ਹੇਰਾਫੇਰੀ ਕੀਤੀ ਜਾ ਸਕਦੀ ਹੈ |’ ਸੀ ਜੇ ਪੀ ਦੇ ਮੁੰਬਈ ਕੋਆਰਡੀਨੇਟਰ ਪ੍ਰਣਯ ਅਹੀਰ ਨੇ ਸੀ ਜੇ ਪੀ ਦੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਬੈਨਰ ਜਾਂ ਪਾਰਟੀ ਦੇ ਝੰਡੇ ਨਾ ਲੈ ਕੇ ਆਉਣ ਦੀ ਅਪੀਲ ਕੀਤੀ | ਉਨ੍ਹਾ ਕਿਹਾ ਕਿ ਰਾਸ਼ਟਰੀ ਝੰਡਾ ਲੈ ਕੇ ਆਓ | ਜੇ ਸੰਭਵ ਹੋਵੇ ਤਾਂ ਗਾਂਧੀ ਟੀ-ਸ਼ਰਟ ਅਤੇ ਸਨਸਕ੍ਰੀਨ ਪਹਿਨੋ |