ਨਵੀਂ ਦਿੱਲੀ : ਰਾਸ਼ਨ ਡਿਪੂਆਂ ‘ਤੇ ਕੌਮੀ ਖੁਰਾਕ ਸੁਰੱਖਿਆ ਕਾਨੂੰਨ (ਐੱਨ ਐੱਫ ਐੱਸ ਏ) ਨੂੰ ਲਾਗੂ ਕਰਨ ਵਾਲੇ ਰਾਜਾਂ ਦੀ ਰੈਂਕਿੰਗ ਵਿਚ ਓਡੀਸ਼ਾ ਸਿਖਰ ‘ਤੇ ਹੈ | ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਦਾ ਨੰਬਰ ਆਉਂਦਾ ਹੈ, ਜਦ ਕਿ ਪੰਜਾਬ ਦਾ ਸਥਾਨ 16ਵਾਂ ਹੈ | ਕੇਂਦਰੀ ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਪੀਯੂਸ਼ ਗੋਇਲ ਨੇ ਇੱਥੇ ਭਾਰਤ ‘ਚ ਖੁਰਾਕ ਸੁਰੱਖਿਆ ਤੇ ਪੋਸ਼ਣ ਬਾਰੇ ਰਾਜਾਂ ਦੇ ਖੁਰਾਕ ਮੰਤਰੀਆਂ ਦੀ ਕਾਨਫਰੰਸ ਦੌਰਾਨ ਐੱਨ ਐੱਫ ਐੱਸ ਏ-2022 ਲਈ ਰਾਜਾਂ ਦੀ ਦਰਜਾਬੰਦੀ ਜਾਰੀ ਕੀਤੀ | ਵਿਸ਼ੇਸ਼ ਸ਼੍ਰੇਣੀ ਦੇ ਰਾਜਾਂ (ਉੱਤਰ-ਪੂਰਬੀ ਰਾਜ, ਹਿਮਾਲਿਆ ਰਾਜ ਅਤੇ ਟਾਪੂ ਰਾਜ) ਵਿੱਚੋਂ ਤਿ੍ਪੁਰਾ ਪਹਿਲੇ ਸਥਾਨ ‘ਤੇ ਰਿਹਾ | ਇਸ ਤੋਂ ਬਾਅਦ ਕ੍ਰਮਵਾਰ ਹਿਮਾਚਲ ਅਤੇ ਸਿੱਕਮ ਦਾ ਨੰਬਰ ਆਉਂਦਾ ਹੈ | ਰੈਂਕਿੰਗ ਅਨੁਸਾਰ ਓਡੀਸ਼ਾ 0.836 ਅੰਕਾਂ ਨਾਲ ਪਹਿਲੇ ਸਥਾਨ ‘ਤੇ ਰਿਹਾ | ਇਸ ਤੋਂ ਬਾਅਦ ਉੱਤਰ ਪ੍ਰਦੇਸ਼ (0.797 ਅੰਕ) ਅਤੇ ਆਂਧਰਾ (0.794) ਹਨ | ਇਸ ਸੂਚੀ ‘ਚ ਗੁਜਰਾਤ ਚੌਥੇ ਨੰਬਰ ‘ਤੇ ਹੈ |
ਇਸ ਤੋਂ ਬਾਅਦ ਸੂਚੀ ‘ਚ ਸ਼ਾਮਲ ਹੋਰਨਾਂ ਰਾਜਾਂ ‘ਚ ਦਾਦਰ ਅਤੇ ਨਗਰ ਹਵੇਲੀ, ਦਮਨ, ਮੱਧ ਪ੍ਰਦੇਸ਼, ਬਿਹਾਰ, ਕਰਨਾਟਕ, ਤਾਮਿਲਨਾਡੂ ਅਤੇ ਝਾਰਖੰਡ ਸ਼ਾਮਲ ਹਨ | ਕੇਰਲ ਦੀ ਰੈਂਕਿੰਗ 11ਵੀਂ ਹੈ | ਤਿਲੰਗਾਨਾ 12ਵੇਂ, ਮਹਾਰਾਸ਼ਟਰ 13ਵੇਂ, ਪੱਛਮੀ ਬੰਗਾਲ 14ਵੇਂ ਅਤੇ ਰਾਜਸਥਾਨ 15ਵੇਂ ਸਥਾਨ ‘ਤੇ ਹਨ | ਪੰਜਾਬ 16ਵੇਂ ਸਥਾਨ ‘ਤੇ ਹੈ | ਪੰਜਾਬ ਤੋਂ ਬਾਅਦ ਹਰਿਆਣਾ, ਛੱਤੀਸਗੜ੍ਹ ਅਤੇ ਗੋਆ ਦਾ ਨੰਬਰ ਆਉਂਦਾ ਹੈ |




