ਸਿਆਸੀ ਆਗੂਆਂ ਦੀਆਂ ਬੱਸਾਂ ਦੇ ਪਰਮਿਟ ਰੱਦ

0
235

ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਹੁਕਮਾਂ ’ਤੇ ਕਾਰਵਾਈ ਕਰਦਿਆਂ ਵਿਭਾਗ ਨੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਵੱਲੋਂ ਅੱਗੇ ਤੋਂ ਅੱਗੇ ਗੈਰ-ਕਾਨੂੰਨੀ ਤੌਰ ’ਤੇ ਕਲੱਬ ਕੀਤੇ 39 ਬੱਸ ਪਰਮਿਟ ਰੱਦ ਕਰ ਦਿੱਤੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬੱਸ ਪਰਮਿਟ ’ਚ ਪਹੁੰਚ ਸਥਾਨ ਤੋਂ ਅੱਗੇ ਸਿਰਫ ਇੱਕ ਵਾਰ ਵਾਧਾ ਲਿਆ ਜਾ ਸਕਦਾ ਹੈ, ਪਰ ਪ੍ਰਾਈਵੇਟ ਬੱਸ ਆਪ੍ਰੇਟਰਾਂ ਵੱਲੋਂ ਗਲਤ ਢੰਗ ਤਰੀਕੇ ਅਪਣਾ ਕੇ ਇਨ੍ਹਾਂ ਪਰਮਿਟਾਂ ’ਚ ਕਈ ਵਾਰ ਅੱਗੇ ਤੋਂ ਅੱਗੇ ਵਾਧਾ ਲਿਆ ਗਿਆ। ਸ਼ਨੀਵਾਰ 39 ਪ੍ਰਾਈਵੇਟ ਬੱਸਾਂ ਦੇ ਪਰਮਿਟ ਰੱਦ ਕੀਤੇ ਹਨ। ਇਨ੍ਹਾਂ ’ਚੋਂ ਕਈ ਬੱਸਾਂ ਲੰਮੇ ਰੂਟਾਂ ’ਤੇ ਚੱਲਦੀਆਂ ਸਨ। ਬਠਿੰਡਾ ਆਰ ਟੀ ਏ ਸਕੱਤਰ ਨੇ ਬਾਦਲ ਪਰਵਾਰ ਦੀ ਮਾਲਕੀ ਵਾਲੀਆਂ ਡੀ ਟੀ ਸੀ ਅਤੇ ਔਰਬਿਟ ਸਮੇਤ ਅੱਠ ਕੰਪਨੀਆਂ ਦੇ 39 ਪਰਮਿਟ ਰੱਦ ਕਰ ਦਿੱਤੇ ਹਨ। ਇਨ੍ਹਾਂ ’ਚ ਡੱਬਵਾਲੀ ਟਰਾਂਸਪੋਰਟ ਦੇ 13, ਔਰਬਿਟ ਦੇ 12, ਜੁਝਾਰ ਬੱਸ ਸਰਵਿਸ ਦੇ 7 ਤੇ ਨਿਊ ਦੀਪ ਬੱਸ ਕੰਪਨੀ ਦੇ 3 ਪਰਮਿਟ ਸ਼ਾਮਲ ਹਨ। ਇਹ ਕਾਰਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਕੀਤੀ ਗਈ ਹੈ। ਇਸ ਸੰਬੰਧੀ ਆਰ ਟੀ ਏ ਸਕੱਤਰ ਬਠਿੰਡਾ ਨੇ ਫਿਰੋਜ਼ਪੁਰ, ਪਟਿਆਲਾ ਅਤੇ ਜਲੰਧਰ ਦੇ ਆਰ ਟੀ ਏ ਸਕੱਤਰਾਂ ਨੂੰ ਪੱਤਰ ਲਿਖਿਆ ਹੈ। ਪੱਤਰ ’ਚ ਕਿਹਾ ਗਿਆ ਹੈ ਕਿ ਜਿਹੜੇ ਪਰਮਿਟ ਰੱਦ ਕੀਤੇ ਗਏ ਹਨ, ਉਨ੍ਹਾਂ ਨੂੰ ਆਪਣੇ ਦਫ਼ਤਰਾਂ ਅਧੀਨ ਤਿਆਰ ਕੀਤੇ ਜਾ ਰਹੇ ਟਾਈਮ ਟੇਬਲ ’ਚ ਨਾ ਪਾਇਆ ਜਾਵੇ। ਇਸੇ ਤਰ੍ਹਾਂ ਜਿਨ੍ਹਾਂ ਟਾਈਮ ਟੇਬਲਾਂ ’ਚ ਇਹ ਪਰਮਿਟ ਹਨ, ਨੂੰ ਹਟਾ ਦਿੱਤਾ ਜਾਵੇ। ਇਸ ਦੇ ਨਾਲ ਹੀ ਜੀ ਐੱਮ ਪੀ ਆਰ ਟੀ ਸੀ ਫ਼ਰੀਦਕੋਟ, ਬਠਿੰਡਾ, ਬਰਨਾਲਾ ਤੇ ਬੁਢਲਾਡਾ ਨੂੰ ਪੱਤਰ ਲਿਖਿਆ ਹੈ ਕਿ ਇਨ੍ਹਾਂ ਪਰਮਿਟਾਂ ’ਤੇ ਚੱਲਣ ਵਾਲੀਆਂ ਬੱਸਾਂ ਤੁਰੰਤ ਬੱਸ ਸਟੈਂਡ ’ਤੇ ਰੋਕੀਆਂ ਜਾਣ। ਪੱਤਰ ਅਨੁਸਾਰ ਜਿਨ੍ਹਾਂ ਕੰਪਨੀਆਂ ਦੇ ਪਰਮਿਟ ਰੱਦ ਕੀਤੇ ਗਏ ਹਨ, ਉਨ੍ਹਾਂ ਦੇ ਮਾਲਕਾਂ ਨੂੰ ਹਦਾਇਤ ਹੈ ਕਿ ਉਹ ਜਲਦੀ ਤੋਂ ਜਲਦੀ ਰੱਦ ਕੀਤੇ ਪਰਮਿਟ ਦਫ਼ਤਰ ’ਚ ਜਮ੍ਹਾਂ ਕਰਵਾਉਣ। ਸੂਬੇ ਦੀ ‘ਆਪ’ ਸਰਕਾਰ ਦੀ ਬਾਦਲ ਪਰਵਾਰ ਦੀ ਮਾਲਕੀ ਵਾਲੀਆਂ ਬੱਸਾਂ ਖ਼ਿਲਾਫ਼ ਹੁਣ ਤੱਕ ਦੀ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ। ਜਲੰਧਰ-ਅਬੋਹਰ, ਅਬੋਹਰ-ਲੁਧਿਆਣਾ, ਅਬੋਹਰ-ਜਲੰਧਰ, ਡੱਬਵਾਲੀ-ਜਲੰਧਰ 2, ਪਟਿਆਲਾ-ਮੁਕਤਸਰ, ਪਟਿਆਲਾ-ਅਬੋਹਰ 2, ਪਟਿਆਲਾ-ਅਬੋਹਰ ਵਾਇਆ ਬਰਨਾਲਾ-ਬਠਿੰਡਾ, ਲੁਧਿਆਣਾ-ਬਠਿੰਡਾ, ਪਟਿਆਲਾ-ਫਾਜ਼ਿਲਕਾ, ਮੋਹਾਲੀ-ਸ੍ਰੀ ਮੁਕਤਸਰ ਸਾਹਿਬ, ਲੁਧਿਆਣਾ, ਤਲਵੰਡੀ ਸਾਬੋ। ਜਦਕਿ ਔਰਬਿਟ ਏਵੀਏਸ਼ਨ ਪ੍ਰਾਈਵੇਟ ਲਿਮਟਿਡ, ਬਠਿੰਡਾ ਅਬੋਹਰ-ਲੁਧਿਆਣਾ, ਪਟਿਆਲਾ-ਮੁਕਤਸਰ, ਪਟਿਆਲਾ-ਫਾਜ਼ਿਲਕਾ, ਪਟਿਆਲਾ-ਅਬੋਹਰ, ਪਟਿਆਲਾ-ਫਾਜ਼ਲਿਕਾ, ਅਬੋਹਰ-ਲੁਧਿਆਣਾ, ਪਟਿਆਲਾ-ਸੰਗਰੂਰ, ਮੁਕਤਸਰ-ਲੁਧਿਆਣਾ, ਬਠਿੰਡਾ-ਨੰਗਲ, ਜਲੰਧਰ-ਬਠਿੰਡਾ, ਪਟਿਆਲਾ-ਕਪੂਰਥਲਾ ਦੇ ਰੂਟ ਰੱਦ ਕੀਤੇ ਗਏ ਹਨ। ਜੁਝਾਰ ਬੱਸ ਸਰਵਿਸ ਪ੍ਰਾਈਵੇਟ ਲਿਮਟਿਡ, ਲੁਧਿਆਣਾ ਦੇ ਫ਼ਰੀਦਕੋਟ-ਲੁਧਿਆਣਾ ਵਾਇਆ ਮੁੱਦਕੀ-ਤਲਵੰਡੀ ਭਾਈ-ਮੋਗਾ-ਜਗਰਾਉਂ-ਮੁਲਾਨਪੁਰ, 3 ਮੋਗਾ-ਲੁਧਿਆਣਾ ਵਾਇਆ ਜਗਰਾਓਂ-ਮੁਲਾਪੁਰ, ਫ਼ਿਰੋਜ਼ਪੁਰ-ਲੁਧਿਆਣਾ ਵਾਇਆ ਮੋਗਾ ਤੇ ਮੋਗਾ-ਲੁਧਿਆਣਾ ਵਾਇਆ ਜਗਰਾਉਂ-ਮੁੱਲਾਂਪੁਰ ਸ਼ਾਮਲ ਹਨ। ਇਸ ਤੋਂ ਇਲਾਵਾ ਪੰਜ ਹੋਰ ਬੱਸ ਕੰਪਨੀਆਂ ਦੇ ਵੱਖ-ਵੱਖ ਰੂਟ ਰੱਦ ਕੀਤੇ ਗਏ ਹਨ।

LEAVE A REPLY

Please enter your comment!
Please enter your name here