ਭੋਪਾਲ : ਮੱਧ ਪ੍ਰਦੇਸ਼ ਪੁਲਸ ਨੇ ਸੂਬੇ ’ਚ ਬੱਚਿਆਂ ਦੀ ਤਸਕਰੀ ’ਚ ਸ਼ਾਮਲ ਗਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਹੁਣ ਤੱਕ ਪੰਜ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ, ਜਦੋਂ ਕਿ ਸ਼ੱਕੀ ਮਹਿਲਾ ਡਾਕਟਰ ਦੀ ਭਾਲ ਕੀਤੀ ਜਾ ਰਹੀ ਹੈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਭੋਪਾਲ ਦੇ ਮੰਦਰ ਤੋਂ ਦੋ ਨਾਬਾਲਗ ਕੁੜੀਆਂ ਨਰਾਤੇ ਦੌਰਾਨ ਅਗਵਾ ਕਰ ਲਈਆਂ। ਘਟਨਾ ਤੋਂ ਬਾਅਦ ਪੁਲਸ ਨੇ ਅਗਲੇ ਤਿੰਨ ਦਿਨਾਂ ਤੱਕ 200 ਤੋਂ ਵੱਧ ਸੀ ਸੀ ਟੀ ਵੀ ਕੈਮਰਿਆਂ ਨੂੰ ਸਕੈਨ ਕੀਤਾ। ਜੰਗੀ ਪੱਧਰ ਦੀ ਜਾਂਚ ਪੁਲਸ ਨੂੰ ਭੋਪਾਲ ਦੇ ਕੋਲਾਰ ਖੇਤਰ ’ਚ ਸਥਿਤ ਸ਼ਾਨਦਾਰ ਰਿਹਾਇਸ਼ੀ ਸੁਸਾਇਟੀ ਇੰਗਲਿਸ਼ ਵਿਲਾਸ ਸੁਸਾਇਟੀ ’ਚ ਲੈ ਗਈ। ਉਥੇ ਛਾਪੇ ਦੌਰਾਨ ਪੁਲਸ ਨੇ ਦੋਨਾਂ ਨਾਬਾਲਗ ਕੁੜੀਆਂ ਨੂੰ ਬਚਾਇਆ। ਪੁਲਸ ਨੇ ਅਰਚਨਾ ਸੈਣੀ (36), ਉਸ ਦੇ ਲਿਵ-ਇਨ ਪਾਰਟਨਰ ਨਿਸ਼ਾਂਤ (31), ਸੂਰਜ (19) ਅਤੇ ਮੁਸਕਾਨ (20) ਨਾਮਕ ਪੰਜ ਮੁਲਜ਼ਮਾਂ ਨੂੰ ਗਿ੍ਰਫਤਾਰ ਕੀਤਾ ਹੈ। ਪੁੱਛ-ਪੜਤਾਲ ਦੌਰਾਨ ਪਤਾ ਲੱਗਾ ਕਿ ਇਹ ਗਰੁੱਪ ਪਿਛਲੇ ਕੁਝ ਸਾਲਾਂ ਤੋਂ ਬੱਚਿਆਂ ਦੀ ਤਸਕਰੀ ਕਰ ਰਿਹਾ ਹੈ ਤੇ ਇਹ ਗਰੁੱਪ ਦਿੱਲੀ ਸਥਿਤ ਇੱਕ ਹੋਰ ਗਰੋਹ ਨਾਲ ਜੁੜਿਆ ਹੋਇਆ ਹੈ। ਪੁਲਸ ਨੇ ਦੱਸਿਆ ਕਿ ਇਸ ਮਾਮਲੇ ਦੀ ਮੁੱਖ ਮੁਲਜ਼ਮ ਅਰਚਨਾ ਸੈਣੀ ਪੰਜਾਬ ਦੀ ਰਹਿਣ ਵਾਲੀ ਹੈ, ਜਦ ਕਿ ਉਸ ਦਾ ਲਿਵ-ਇਨ ਸਾਥੀ ਨਿਸ਼ਾਂਤ ਕਰਾਲਾ ਦਾ ਰਹਿਣ ਵਾਲਾ ਹੈ।
ਗੈਰ ਸਰਕਾਰੀ ਸੰਸਥਾ ਚਾਈਲਡ ਰਾਈਟ ਐਂਡ ਯੂ ਦੀ ਰਿਪੋਰਟ ਅਨੁਸਾਰ 2022 ’ਚ ਮੱਧ ਪ੍ਰਦੇਸ਼ ’ਚ ਹਰ ਰੋਜ਼ ਔਸਤਨ 32 ਬੱਚੇ ਲਾਪਤਾ ਹੋਏ ਹਨ।




