ਹਮਾਸ-ਇਜ਼ਰਾਈਲ ਜੰਗ ਸ਼ੁਰੂ ਹੋਇਆਂ 18 ਦਿਨ ਬੀਤ ਚੁੱਕੇ ਹਨ। ਹੁਣ ਤੱਕ 6 ਹਜ਼ਾਰ ਦੇ ਕਰੀਬ ਨਾਗਰਿਕ ਮਾਰੇ ਜਾ ਚੁੱਕੇ ਹਨ ਤੇ ਵੱਡੀ ਗਿਣਤੀ ਵਿੱਚ ਜ਼ਖ਼ਮੀ ਹੋਏ ਹਨ। ਮਰਨ ਵਾਲਿਆਂ ਵਿੱਚ 1400 ਇਜ਼ਰਾਈਲ ਤੇ 5 ਹਜ਼ਾਰ ਤੋਂ ਵੱਧ ਗਾਜ਼ਾ ਪੱਟੀ ਦੇ ਹਨ। ਹਮਾਸ ਨੇ ਦੱਸਿਆ ਹੈ ਕਿ ਮਰਨ ਵਾਲਿਆਂ ਵਿੱਚ 40 ਫ਼ੀਸਦੀ ਬੱਚੇ ਹਨ। ਅਮਰੀਕਾ ਤੇ ਪੱਛਮੀ ਦੇਸ਼ ਇਜ਼ਰਾਈਲ ਦੀ ਪਿੱਠ ’ਤੇ ਹਨ। ਅਮਰੀਕੀ ਰਾਸ਼ਟਰਪਤੀ ਬਾਇਡੇਨ, ਬਰਤਾਨਵੀ ਪ੍ਰਧਾਨ ਮੰਤਰੀ ਸੂਨਕ ਤੇ ਫ਼ਰਾਂਸ ਦੇ ਰਾਸ਼ਟਰਪਤੀ ਮੈਕ੍ਰੋਂ ਇਜ਼ਰਾਈਲ ਦਾ ਦੌਰਾ ਕਰਕੇ ਨੇਤਨਯਾਹੂ ਦੀ ਪਿੱਠ ਥਪਥਪਾ ਚੁੱਕੇ ਹਨ।
ਇਸ ਸਮੇਂ ਇੰਜ ਲੱਗ ਰਿਹਾ ਹੈ ਕਿ ਅਮਰੀਕਾ ਸਿੱਧੇ ਤੌਰ ’ਤੇ ਲੜਾਈ ਵਿੱਚ ਸ਼ਾਮਲ ਹੋ ਚੁੱਕਾ ਹੈ। ਅਮਰੀਕਾ ਨੇ ਆਪਣੇ ਦੋ ਸਮੁੰਦਰੀ ਜੰਗੀ ਜਹਾਜ਼ ਇਜ਼ਰਾਈਲ ਦੇ ਪਾਣੀਆਂ ਵਿੱਚ ਭੇਜ ਦਿੱਤੇ ਹਨ। ਉਸ ਦੇ ਜ਼ਮੀਨੀ ਲੜਾਈ ਦੇ ਮਾਹਰ ਕਮਾਂਡਰ ਤੇ ਕੁਝ ਹੋਰ ਫੌਜੀ ਅਧਿਕਾਰੀ ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ’ਤੇ ਸੰਭਾਵਤ ਜ਼ਮੀਨੀ ਹਮਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇਜ਼ਰਾਈਲ ਵਿੱਚ ਤਾਇਨਾਤ ਹਨ। ਅਮਰੀਕੀ ਰੱਖਿਆ ਮੰਤਰੀ ਲਾਇਡ ਆਸਟਿਨ ਇਜ਼ਰਾਈਲੀ ਰੱਖਿਆ ਮੰਤਰੀ ਯੋਵ ਗੈਲੇਂਟ ਨਾਲ ਲੱਗਭੱਗ ਰੋਜ਼ਾਨਾ ਫੋਨ ਕਾਲ ਰਾਹੀਂ ਹਾਲਾਤ ਦਾ ਜਾਇਜ਼ਾ ਲੈਂਦੇ ਰਹਿੰਦੇ ਹਨ। ਵ੍ਹਾਈਟ ਹਾਊਸ ਦੇ ਕੌਮੀ ਸੁਰੱਖਿਆ ਬੁਲਾਰੇ ਜਾਨ ਕਿਰਬੀ ਨੇ ਬੀਤੇ ਸੋਮਵਾਰ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਅਮਰੀਕਾ ਨੇ ਇਜ਼ਰਾਈਲੀ ਫੌਜ ਨੂੰ ਸਲਾਹ ਦੇਣ ਲਈ ਆਪਣੇ ਮੁੱਖ ਸੈਨਾ ਅਧਿਕਾਰੀਆਂ ਨੂੰ ਭੇਜਿਆ ਹੈ, ਜਿਨ੍ਹਾਂ ਕੋਲ ਇਜ਼ਰਾਈਲ ਵੱਲੋਂ ਲੜੀ ਜਾ ਰਹੀ ਜੰਗ ਵਰਗੀਆਂ ਮੁਹਿੰਮਾਂ ਦਾ ਤਜਰਬਾ ਹੈ। ਅਮਰੀਕਾ ਨੇ ਆਪਣੇ ਆਧੁਨਿਕ ਜੰਗੀ ਹਵਾਈ ਜਹਾਜ਼ਾਂ ਦੀ ਖੇਪ ਵੀ ਇਜ਼ਰਾਈਲ ਵਿੱਚ ਭੇਜ ਦਿੱਤੀ ਹੈ। ਉਸ ਨੇ ਆਪਣੇ 2000 ਫੌਜੀਆਂ ਨੂੰ ਵੀ 24 ਘੰਟਿਆਂ ਅੰਦਰ ਤਿਆਰ ਰਹਿਣ ਦਾ ਆਦੇਸ਼ ਦਿੱਤਾ ਹੈ।
ਇਸ ਦੌਰਾਨ ਖਾੜੀ ਦੇ ਦੇਸ਼ਾਂ ਵਿੱਚ ਇਜ਼ਰਾਈਲ ਵਿਰੋਧੀ ਭਾਵਨਾਵਾਂ ਤਿੱਖੀਆਂ ਹੋ ਰਹੀਆਂ ਹਨ। ਅਮਰੀਕਾ ਤੇ ਬਾਕੀ ਪੱਛਮੀ ਦੇਸ਼ ਗਾਜ਼ਾ ਪੱਟੀ ’ਤੇ ਜ਼ਮੀਨੀ ਹਮਲੇ ਪ੍ਰਤੀ ਹਾਲੇ ਤਿਆਰ ਨਹੀਂ ਹਨ। ਇਸ ਵੇਲੇ ਖਾੜੀ ਦੇ ਦੇਸ਼ ਪੱਛਮ ਤੇ ਪੂਰਬ ਲਈ ਅਹਿਮ ਹੋ ਚੁੱਕੇ ਹਨ। ਗਲੋਬਲ ਸਾਊਥ ਯਾਨਿ ਅਫ਼ਰੀਕਾ, ਏਸ਼ੀਆ ਅਤੇ ਲਾਤੀਨੀ ਅਮਰੀਕਾ ਦੇ ਦੇਸ਼ਾਂ ਨੇ ਗਾਜ਼ਾ ਉਪਰ ਇਜ਼ਰਾਈਲੀ ਹਮਲੇ ਲਈ ਅਮਰੀਕੀ ਰੁਖ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਯੂਕਰੇਨ ’ਤੇ ਰੂਸੀ ਹਮਲੇ ਸਮੇਂ ਤਾਂ ਅਮਰੀਕਾ ਨੇ ਰੂਸ ’ਤੇ ਪਾਬੰਦੀਆਂ ਲਾ ਦਿੱਤੀਆਂ ਸਨ, ਪਰ ਗਾਜ਼ਾ ’ਤੇ ਹਮਲੇ ਲਈ ਉਹ ਇਜ਼ਰਾਈਲ ਨੂੰ ਹੱਲਾਸ਼ੇਰੀ ਦੇ ਰਿਹਾ ਹੈ, ਇਹ ਦੋਹਰਾ ਮਾਪਦੰਡ ਹੈ। ਇਹ ਦੋਸ਼ ਲਾਉਣ ਵਾਲਿਆਂ ਵਿੱਚ ਅਰਬ ਦੇਸ਼ਾਂ ਤੋਂ ਇਲਾਵਾ ਯੂਰੇਸ਼ਿਆ ਗਰੁੱਪ ਦੇ ਦੇਸ਼ ਤੇ ਲਾਤੀਨੀ ਅਮਰੀਕਾ ਦੇ ਦੇਸ਼ ਸ਼ਾਮਲ ਹਨ। ਮਿਸਰ, ਜਾਰਡਨ, ਸਾਊਦੀ ਅਰਬ ਵਰਗੇ ਅਰਬ ਦੇਸ਼ਾਂ ਦੇ ਮੁਖੀਆਂ ਨੇ ਸ਼ਾਂਤੀ ਸਿਖਰ ਸੰਮੇਲਨ ਕਰਕੇ ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਦੇ ਨਾਗਰਿਕਾਂ ਲਈ ਭੋਜਨ ਤੇ ਪਾਣੀ ਆਦਿ ਬੰਦ ਕਰਨ ਦੀ ਨਿਖੇਧੀ ਕਰਦਿਆਂ ਇਸ ਨੂੰ ਜੰਗੀ ਅਪਰਾਧ ਕਿਹਾ ਹੈ। ਯੂਰਪੀ ਸੰਘ ਦੇ ਆਗੂ ਜੋਸੇਪ ਬੋਰੇਲ ਨੇ ਯੂਰਪੀ ਸੰਸਦ ਵਿੱਚ ਬੋਲਦਿਆਂ ਪਾਣੀ ਬੰਦੀ ਨੂੰ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਿਹਾ ਹੈ।
ਇਸ ਜੰਗ ਬਾਰੇ ਪੂਰਬ ਦੇ ਦੇਸ਼ਾਂ ਦੀ ਮਿਲੀਜੁਲੀ ਪ੍ਰਤੀ�ਿਆ ਆਈ ਹੈ। ਚੀਨ ਨੇ ਜਿੱਥੇ ਹਮਾਸ ਦੀ ਨਿੰਦਾ ਕੀਤੀ ਹੈ, ਉੱਥੇ ਇਜ਼ਰਾਈਲ ਵੱਲੋਂ ਫਲਸਤੀਨੀਆਂ ਦੇ ਨਸਲਘਾਤ ਦਾ ਵੀ ਵਿਰੋਧ ਕੀਤਾ ਹੈ। ਰੂਸ ਤੇ ਹੋਰ ਏਸ਼ੀਆਈ ਦੇਸ਼ਾਂ ਦੀ ਪ੍ਰਤੀ�ਿਆ ਵੀ ਇਸ ਦੇ ਨਾਲ ਮਿਲਦੀ-ਜੁਲਦੀ ਹੈ।
ਖਾੜੀ ਦੇ ਦੇਸ਼ ਚੀਨ ਤੇ ਰੂਸ ਲਈ ਵੀ ਅਹਿਮ ਹਨ। ਹਾਲਾਂਕਿ ਚੀਨ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਕਿ ਇਜ਼ਰਾਈਲ-ਫਲਸਤੀਨ ਮਸਲੇ ਦੇ ਹੱਲ ਲਈ ਸਭ ਤੋਂ ਪਹਿਲਾਂ ਜੰਗਬੰਦੀ ਜ਼ਰੂਰੀ ਹੈ, ਪਰ ਜੇ ਜੰਗ ਲੰਮੀ ਹੁੰਦੀ ਹੈ ਤਾਂ ਉਸ ਦੇ ਇਸ ਜੰਗ ਵਿੱਚ ਕੁੱਦਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਤਾਜ਼ੀਆਂ ਖ਼ਬਰਾਂ ਮੁਤਾਬਕ ਚੀਨ ਨੇ ਆਪਣੇ ਛੇ ਸਮੁੰਦਰੀ ਜੰਗੀ ਜਹਾਜ਼ ਖਾੜੀ ਦੇ ਪਾਣੀਆਂ ਵਿੱਚ ਤਾਇਨਾਤ ਕਰ ਦਿੱਤੇ ਹਨ। ਪਿਛਲੇ ਹਫਤੇ ਉਸ ਦੀ 44ਵੀਂ ਨੇਵੀ ਫੌਜੀ ਟਾਸਕ ਫੋਰਸ ਨੇ ਓਮਾਨ ਦੀ ਸਮੁੰਦਰੀ ਫੌਜ ਨਾਲ ਸੰਯੁਕਤ ਅਭਿਆਸ ਵਿੱਚ ਹਿੱਸਾ ਲਿਆ ਸੀ। ਇਸ ਅਭਿਆਸ ਦੇ ਬਾਅਦ ਚੀਨੀ ਫੌਜੀ ਉੱਥੇ ਹੀ ਟਿਕੇ ਹੋਏ ਹਨ। ਇਹ ਜੰਗੀ ਸਮੁੰਦਰੀ ਜਹਾਜ਼ ਮਿਜ਼ਾਈਲਾਂ ਨਾਲ ਲੈਸ ਹਨ। ਹਾਲਤ ਦਿਨੋ-ਦਿਨ ਵਿਗੜ ਰਹੇ ਹਨ, ਜੋ ਸੰਸਾਰ ਅਮਨ ਲਈ ਚਿੰਤਾ ਦਾ ਵਿਸ਼ਾ ਹਨ।



