ਲੁਧਿਆਣਾ (ਐੱਮ ਐੱਸ ਭਾਟੀਆ)
ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਨੇ 31 ਅਕਤੂਬਰ ਨੂੰ ਆਪਣਾ 104ਵਾਂ ਸਥਾਪਨਾ ਦਿਵਸ ਫਲਸਤੀਨੀ ਕਾਜ਼ ਨਾਲ ਏਕਤਾ ਨੂੰ ਸਮਰਪਿਤ ਵਜੋਂ ਮਨਾਇਆ ਅਤੇ ਅਜੋਕੇ ਸਮੇਂ ਦੀ ਸਭ ਤੋਂ ਭੈੜੀ ਮਨੁੱਖੀ ਤ੍ਰਾਸਦੀ ਦੇ ਖੇਤਰ ਵਿੱਚ ਸੰਯੁਕਤ ਰਾਸ਼ਟਰ ਤੋਂ ਸ਼ਾਂਤੀ ਬਹਾਲ ਕਰਨ ਦੀ ਮੰਗ ਕੀਤੀ। ਏਟਕ ਨੇ ਦੇਸ਼ ਭਰ ਵਿੱਚ ਆਪਣਾ ਸਥਾਪਨਾ ਦਿਵਸ ਆਪਣੇ ਦਫਤਰਾਂ ’ਤੇ ਝੰਡੇ ਲਹਿਰਾ ਕੇ ਮਨਾਇਆ। ਦੇਸ਼ ਦੀ ਅਜ਼ਾਦੀ ਦੀ ਲਹਿਰ ਵਿੱਚ ਮਜ਼ਦੂਰ ਜਮਾਤ ਦੀ ਭੂਮਿਕਾ ਅਤੇ ਅੱਜ ਲਈ ਇਸ ਦੇ ਸਬਕ ਬਾਰੇ ਮੁੜ ਵਿਚਾਰ ਕਰਨ ਲਈ ਸੈਮੀਨਾਰ/ ਵਰਕਸ਼ਾਪਾਂ ਦਾ ਆਯੋਜਨ ਕੀਤਾ। ਇਸ ਸਾਲ ਇਹ ਦਿਨ ਫਲਸਤੀਨ ਦੇ ਲੋਕਾਂ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਸਮਰਪਿਤ ਸੀ। ਇਸ ਦਿਨ ਪੂਰੇ ਦੇਸ਼ ਵਿੱਚ ਝੰਡਾ ਲਹਿਰਾਉਣ ਦੀਆਂ ਰਸਮਾਂ ਅਤੇ ਮੀਟਿੰਗਾਂ ਵਿੱਚ ਫਲਸਤੀਨੀਆਂ ਦੇ ਰਾਜ ਦਾ ਦਰਜਾ ਪ੍ਰਾਪਤ ਕਰਨ ਲਈ ਇੱਕਜੁੱਟਤਾ ਦਾ ਮਤਾ ਪਾਸ ਕੀਤਾ ਗਿਆ। ਫਲਸਤੀਨੀ ਕਈ ਦਹਾਕਿਆਂ ਤੋਂ ਅਮਰੀਕੀ ਸਾਮਰਾਜਵਾਦੀਆਂ ਦੀ ਹਮਾਇਤ ਵਾਲੇ ਇਜ਼ਰਾਈਲ ਦੀਆਂ ਹਾਕਮ ਹਕੂਮਤਾਂ ਦੇ ਹਮਲੇ ਦਾ ਸਾਹਮਣਾ ਕਰ ਰਹੇ ਹਨ ਅਤੇ ਵਰਤਮਾਨ ਵਿੱਚ ਇਜ਼ਰਾਈਲੀ ਫੌਜ ਦੁਆਰਾ ਸਭ ਤੋਂ ਵੱਧ ਘਿਨਾਉਣੇ ਹਮਲੇ ਦਾ ਸਾਹਮਣਾ ਕਰ ਰਹੇ ਹਨ, ਜੋ ਕਿ ਬੱਚਿਆਂ, ਔਰਤਾਂ, ਬਿਮਾਰਾਂ ਅਤੇ ਬਜ਼ੁਰਗਾਂ ਦੇ ਜੀਵਨ ਨੂੰ ਗੰਭੀਰ ਨੁਕਸਾਨ ਪਹੁੰਚਾ ਰਹੇ ਹਨ। ਨਾਗਰਿਕਾਂ ਅਤੇ ਹਸਪਤਾਲਾਂ ’ਤੇ ਬੰਬ ਧਮਾਕਿਆਂ ਨੇ ਹੁਣ ਤੱਕ 8000 ਲੋਕਾਂ ਦੀ ਜਾਨ ਲੈ ਲਈ ਹੈ। ਦਵਾਈਆਂ, ਪਾਣੀ, ਬਿਜਲੀ, ਭੋਜਨ ਦੀ ਘਾਟ ਕਾਰਨ ਭਾਰੀ ਨੁਕਸਾਨ ਹੋ ਰਿਹਾ ਹੈ। ਇਹ ਜੰਗ ਖਤਮ ਹੋਣੀ ਚਾਹੀਦੀ ਹੈ। ਏਟਕ ਫੌਰੀ ਜੰਗਬੰਦੀ ਲਈ ਸੰਯੁਕਤ ਰਾਸ਼ਟਰ ਦੇ ਮਤੇ ਦਾ ਸੁਆਗਤ ਕਰਦਾ ਹੈ। ਸ਼ਾਂਤੀ ਬਹਾਲ ਕਰਨ ਲਈ ਸੰਯੁਕਤ ਰਾਸ਼ਟਰ ਦੇ ਦਖਲ ਨੂੰ ਵਧਾਉਣਾ ਚਾਹੀਦਾ ਹੈ। ਸ਼ਾਂਤੀ ਦੇ ਸਮਰਥਕ ਭਾਰਤ ਨੂੰ ਇਸ ਸੰਬੰਧ ਵਿਚ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਮਜ਼ਦੂਰ ਜਮਾਤ ਨੇ ਹਮੇਸ਼ਾ ਜੰਗਾਂ ਦਾ ਵਿਰੋਧ ਕੀਤਾ ਹੈ, ਤਾਂ ਕਿ ਸਾਧਨਾਂ ਦੀ ਵਰਤੋਂ ਨੌਕਰੀਆਂ, ਸਕੂਲ, ਹਸਪਤਾਲ, ਲੋਕਾਂ ਲਈ ਆਸਰਾ, ਗਰੀਬੀ ਅਤੇ ਆਮ ਲੋਕਾਂ ਦੀ ਗਰੀਬੀ ਨੂੰ ਦੂਰ ਕਰਨ ਲਈ ਕੀਤੇ ਜਾਣ ਦੀ ਮੰਗ ਕੀਤੀ ਹੈ। ਭਾਰਤੀ ਸੁਤੰਤਰਤਾ ਅੰਦੋਲਨ ਅਤੇ ਭਾਰਤੀ ਮਜ਼ਦੂਰ ਜਮਾਤ ਅਤੇ ਇਸ ਦੀਆਂ ਯੂਨੀਅਨਾਂ ਹਮੇਸ਼ਾ ਫਲਸਤੀਨ ਦੇ ਮੁੱਦੇ ਨਾਲ ਖੜ੍ਹੀਆਂ ਸਨ ਅਤੇ ਇਹ ਸਾਡੇ ਸਟੈਂਡ ਨੂੰ ਦੁਹਰਾਉਣ ਦਾ ਸਮਾਂ ਹੈ। ਏਟਕ ਹੈੱਡਕੁਆਰਟਰ ਨੇ ਭਾਰਤ ਵਿੱਚ ਫਲਸਤੀਨ ਦੇ ਰਾਜਦੂਤ ਅਦਨਾਨ ਮੁਹੰਮਦ ਜਾਬੇਰ ਹੈਜਾ ਦਾ ਝੰਡਾ ਲਹਿਰਾਉਣ ਦੇ ਮੌਕੇ ਅਤੇ ਫਲਸਤੀਨ ਨਾਲ ਇੱਕਮੁੱਠਤਾ ਵਿੱਚ ਆਯੋਜਿਤ ਮੀਟਿੰਗ ਨੂੰ ਸੰਬੋਧਨ ਕਰਨ ਲਈ ਸਵਾਗਤ ਕੀਤਾ। ਉਨ੍ਹਾ ਤਾਜ਼ਾ ਸਥਿਤੀ ਦੀ ਵਿਆਖਿਆ ਕੀਤੀ ਅਤੇ ਫਲਸਤੀਨ ਦੇ ਲੋਕਾਂ ਨੂੰ ਭਾਰਤ ਦੇ ਸਦਾ ਸਮਰਥਨ ਅਤੇ ਏਕਤਾ ਲਈ ਧੰਨਵਾਦ ਕੀਤਾ। ਮੀਟਿੰਗ ਵਿੱਚ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਯਾਦ ਕੀਤਾ ਗਿਆ, ਜਿਨ੍ਹਾ ਦੀ 1984 ਵਿੱਚ 31 ਅਕਤੂਬਰ ਨੂੰ ਹੱਤਿਆ ਕਰ ਦਿੱਤੀ ਗਈ ਸੀ। ਮੀਟਿੰਗ ਵਿੱਚ ਏਟਕ ਦੇ ਸਾਬਕਾ ਜਨਰਲ ਸਕੱਤਰ ਕਾਮਰੇਡ ਗੁਰੂਦਾਸ ਦਾਸਗੁਪਤਾ ਨੂੰ ਵੀ ਯਾਦ ਕੀਤਾ ਗਿਆ। ਮੀਟਿੰਗ ਨੇ ਸਰਦਾਰ ਵੱਲਭ ਭਾਈ ਪਟੇਲ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾ ਦਾ ਜਨਮ 31 ਅਕਤੂਬਰ 1875 ਵਿੱਚ ਹੋਇਆ ਸੀ। ਮੀਟਿੰਗ ਦੀ ਪ੍ਰਧਾਨਗੀ ਐੱਮ ਪੀ ਅਤੇ ਏਟਕ ਦੇ ਕਾਰਜਕਾਰੀ ਪ੍ਰਧਾਨ ਕਾਮਰੇਡ ਬਿਨੋਏ ਵਿਸ਼ਵਮ ਨੇ ਕੀਤੀ। ਕਾਮਰੇਡ ਅਮਰਜੀਤ ਕੌਰ ਜਨਰਲ ਸਕੱਤਰ ਏਟਕ ਅਤੇ ਭਾਰਤ ਵਿੱਚ ਫਲਸਤੀਨ ਦੇ ਰਾਜਦੂਤ ਅਦਨਾਨ ਮੁਹੰਮਦ ਜਾਬਰ ਹੈਜਾ ਨੇ ਸੰਬੋਧਨ ਕੀਤਾ। ਇਸ ਮੌਕੇ ਰਾਸ਼ਟਰੀ ਉਪ ਪ੍ਰਧਾਨ ਵਿਦਿਆ ਸਾਗਰ ਗਿਰੀ ਅਤੇ ਰਾਸ਼ਟਰੀ ਸਕੱਤਰ ਸੁਕੁਮਾਰ ਦਾਮਲੇ ਅਤੇ ਰਾਮਕਿ੍ਰਸ਼ਨ ਪਾਂਡਾ ਵੀ ਮੌਜੂਦ ਸਨ।