ਜਲੰਧਰ :ਤਿੰਨ ਰੋਜ਼ਾ ਗ਼ਦਰੀ ਬਾਬਿਆਂ ਦੇ ਮੇਲੇ ਦੇ ਸਿਖਰਲੇ ਦਿਨ ਦਾ ਆਗਾਜ਼ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਵੱਲੋਂ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਨਾਲ ਹੋਇਆ। ਜਿਉਂ ਹੀ ਗ਼ਦਰੀ ਝੰਡਾ ਉੱਚਾ ਉਠਿਆ ਅਤੇ ਅਮਰ ਸ਼ਹੀਦਾਂ ਨੂੰ ਸਿਜਦਾ ਕਰਦੇ ਹੋਏ ਫੁੱਲਾਂ ਦੀ ਵਰਖ਼ਾ ਹੋਈ ਤਾਂ ਸਾਮਰਾਜਵਾਦ ਮੁਰਦਾਬਾਦ ਅਤੇ ਇਨਕਲਾਬ ਜ਼ਿੰਦਾਬਾਦ ਤੋਂ ਇਲਾਵਾ ਫ਼ਲਸਤੀਨ, ਮਨੀਪੁਰ ਦੇ ਲੋਕਾਂ ਦੇ ਹੱਕ ’ਚ ਅਤੇ ਬੁੱਧੀਜੀਵੀਆਂ ਦੀ ਰਿਹਾਈ ਲਈ ਨਾਅਰਿਆਂ ਦੀ ਗੂੰਜ ਪਈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਨੇ ਮੇਲੇ ’ਤੇ ਪੁੱਜੇ ਲੋਕਾਂ, ਭਰਾਤਰੀ ਜਥੇਬੰਦੀਆਂ ਅਤੇ ਪ੍ਰੈਸ ਨੂੰ ਜੀ ਆਇਆਂ ਕਿਹਾ। ਉਨ੍ਹਾਂ ਦੱਸਿਆ ਕਿ ਗ਼ਦਰੀ ਬਾਬਿਆਂ ਦੀ ਵਿਰਾਸਤ ਅਤੇ ਅਜੋਕੀਆਂ ਚੁਣੌਤੀਆਂ ਨੂੰ ਸਮਰਪਤ ਮੇਲਾ ਗ਼ਦਰੀ ਬਾਬਿਆਂ ਦਾ ਗ਼ਦਰੀਆਂ, ਦੇਸ਼ ਭਗਤਾਂ ਦੇ ਸੁਪਨਿਆਂ ਦੀ ਆਜ਼ਾਦੀ, ਬਰਾਬਰੀ ਅਤੇ ਧਰਮ ਨਿਰਪੱਖਤਾ ਵਾਲੇ ਰਾਜ ਅਤੇ ਸਮਾਜ ਦਾ ਹੋਕਾ ਦੇਣ ’ਚ ਸਫ਼ਲ ਰਿਹਾ। ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਇਸ ਮੌਕੇ ਕਿਹਾ ਕਿ ਗ਼ਦਰੀ ਬਾਬਿਆਂ ਦੀ ਸੋਚ ਕੌਮਾਂਤਰੀਵਾਦੀ ਸੀ, ਇਸ ਲਈ ਦੁਨੀਆ ਭਰ ਦੀਆਂ ਜੂਝਦੀਆਂ ਕੌਮਾਂ ਅਤੇ ਲੋਕਾਂ ਦੀ ਜੱਦੋਜਹਿਦ ਲਈ ਆਵਾਜ਼ ਬੁਲੰਦ ਕਰਨਾ ਸਾਡਾ ਫ਼ਰਜ਼ ਹੈ। ਇਸ ਮੌਕੇ ਮੁੱਖ ਵਕਤਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਨੇ ਕਿਹਾ ਕਿ ਸਾਡਾ ਇਸ ਮੇਲੇ ’ਚ ਉਸ ਤੋਂ ਅੱਗੇ ਤੁਰਨ ਦਾ ਸੁਨੇਹਾ ਦੇਣਾ ਹੈ, ਜੋ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਆਪਣੀ ਡਾਇਰੀ ’ਚ ਲਿਖ ਕੇ ਗਏ ਹਨ ਕਿ ਗ਼ਦਰੀਆਂ ਦਾ ਵਾਰਸ ਹਰ ਇੱਕ ਸਿਪਾਹੀ ਉਸ ਵੇਲੇ ਤੱਕ ਲੜਦਾ ਰਹੇਗਾ ਜਦੋਂ ਤੱਕ ਲੁੱਟ, ਵਿਤਕਰੇ ਅਤੇ ਅਨਿਆਂ ਦੀ ਜੜ੍ਹ ਨਹੀਂ ਪੁੱਟੀ ਜਾਂਦੀ। ਇਹ ਲੋਕਾਂ ਦੇ ਦੋਖੀ ਦੋਸ਼ੀ ਹੋਣ ਚਾਹੇ ਬਦੇਸ਼ੀ, ਇਹ ਸੰਗਰਾਮ ਜਾਰੀ ਰਹੇਗਾ। ਝੰਡੇ ਦੀ ਰਸਮ ਮੌਕੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਖਜ਼ਾਨਚੀ ਸੀਤਲ ਸਿੰਘ ਸੰਘਾ, ਕਮੇਟੀ ਮੈਂਬਰ ਰਣਜੀਤ ਸਿੰਘ ਔਲਖ, ਡਾ. ਪਰਮਿੰਦਰ, ਕੁਲਬੀਰ ਸਿੰਘ ਸੰਘੇੜਾ, ਮੰਗਤ ਰਾਮ ਪਾਸਲਾ, ਹਰਵਿੰਦਰ ਭੰਡਾਲ, ਸੁਰਿੰਦਰ ਸਿੰਘ ਜਲਾਲਦੀਵਾਲ, ਪ੍ਰਗਟ ਸਿੰਘ ਜਾਮਾਰਾਏ, �ਿਸ਼ਨਾ, ਹਰਮੇਸ਼ ਮਾਲੜੀ, ਹਰਦੇਵ ਅਰਸ਼ੀ, ਜਗਰੂਪ, ਰਮਿੰਦਰ ਪਟਿਆਲਾ, ਬਲਵੀਰ ਕੌਰ ਬੁੰਡਾਲਾ, ਸਵਰਨ ਸਿੰਘ ਵਿਰਕ, ਦਰਸ਼ਨ ਖਟਕੜ, ਦੇਵਰਾਜ ਨਯੀਅਰ, ਵਿਜੈ ਬੰਬੇਲੀ, ਡਾ. ਕਰਮਜੀਤ, ਡਾ. ਸੈਲੇਸ਼, ਸੁਖਦੇਵ ਸਿਰਸਾ, ਐਡਵੋਕੇਟ ਰਾਜਿੰਦਰ ਮੰਡ, ਸੁਖਵਿੰਦਰ ਸੇਖੋਂ ਅਤੇ ਪ੍ਰੋ. ਤੇਜਿੰਦਰ ਵਿਰਲੀ ਵੀ ਹਾਜ਼ਰ ਸਨ।
ਇਸ ਉਪਰੰਤ ਅਮੋਲਕ ਸਿੰਘ ਦੁਆਰਾ ਲਿਖਿਆ ਸੰਗੀਤ ਨਾਟ ਓਪੇਰਾ ਝੰਡੇ ਦਾ ਗੀਤ ‘ਚਾਨਣ ਦੇ ਵਣਜਾਰੇ’, ਪੰਜਾਬੀ ਰੰਗਮੰਚ ਦੇ ਨਾਮਵਰ ਨਿਰਦੇਸ਼ਕ, ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ’ਚ ਮੰਚ ਰੰਗਮੰਚ ਅੰਮਿ੍ਰਤਸਰ ਪੇਸ਼ ਕੀਤਾ, ਜਿਸ ਨੂੰ ਹਰਿੰਦਰ ਸੋਹਲ ਨੇ ਸੰਗੀਤਬੱਧ ਕੀਤਾ ਅਤੇ ਹਰਿੰਦਰ ਸੋਹਲ ਸਮੇਤ ਕੁਸ਼ਾਗਰ ਕਾਲੀਆ, ਮਨਪ੍ਰੀਤ ਸੋਹਲ ਅਤੇ ਹਰਸ਼ਿਤਾ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ। ਝੰਡੇ ਦੇ ਗੀਤ ਨੇ 40 ਮਿੰਟ ਸਮਾਂ ਬੰਨ੍ਹ ਦਿੱਤਾ। ਨਾਮਧਾਰੀ ਸੰਗੀਤ ਕਲਾ ਕੇਂਦਰ ਦੁਆਰਾ ਪ੍ਰਭਾਵਸ਼ਾਲੀ ਕਲਾ ਵੰਨਗੀ ‘ਹੱਲਾ’, ਹਰਿੰਦਰ ਸੋਹਲ ਅੰਮਿ੍ਰਤਸਰ, ਸੰਗੀਤ ਵਿਭਾਗ, ਖਾਲਸਾ ਕਾਲਜ ਗੜ੍ਹਦੀਵਾਲ (ਗੁਰਪਿੰਦਰ ਸਿੰਘ) ਨੇ ਗੀਤ-ਸੰਗੀਤ ਪੇਸ਼ ਕੀਤਾ। ਖਚਾਖਚ ਭਰੇ ਪੰਡਾਲ ’ਚ ‘ਦੀ ਵਾਇਰ’ ਦੇ ਮੰਨੇ-ਪ੍ਰਮੰਨੇ ਵਿਦਵਾਨ ਸੰਪਾਦਕ ਸਿਧਾਰਥ ਵਰਧਰਾਜਨ ਨੇ ਕਿਹਾ ਕਿ ਬੋਲਣ ਦੀ ਆਜ਼ਾਦੀ, ਪਰ ਬੋਲਣ ਤੋਂ ਬਾਅਦ ਆਜ਼ਾਦੀ ਦੀ ਗਾਰੰਟੀ ਨਹੀਂ। ਮੁਲਕ ਵਿੱਚ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਵਿਸ਼ੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਮੁਲਕ ਵਿੱਚ ਐਮਰਜੈਂਸੀ ਮੌਕੇ ਜਿਸ ਤਰ੍ਹਾਂ ਵਿਚਾਰਾਂ ਦੀ ਆਜ਼ਾਦੀ ਨੂੰ ਦਬਾਇਆ, ਦਰੜਿਆ, ਕੁਚਲਿਆ ਗਿਆ, ਅੱਜ ਗੈਰ ਐਲਾਨੀ ਐਮਰਜੈਂਸੀ ਦੇ ਹਾਲਾਤ ਦੌਰਾਨ ਮੁਲਕ ਦੇ ਸਾਰੇ ਤਬਕੇ ਸ਼ੰਕਾ ਦੇ ਦਾਇਰੇ ਵਿੱਚ ਹਨ। ਅੱਜ ਪੱਤਰਕਾਰਾਂ, ਲੇਖਕਾਂ, ਕਲਾਕਾਰਾਂ, ਬੁੱਧੀਜੀਵੀਆਂ ਨੂੰ ਭਾਵੇਂ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ ਪਰ ਅਸਹਿਮਤੀ ਵਾਲੇ ਵਿਚਾਰ ਪ੍ਰਗਟਾਉਣ ਵਾਲੇ ਭਾਵੇਂ ਬੋਲਣ ਦੇ ਹੱਕ ਦੀ ਵਰਤੋਂ ਕਰਦੇ ਹਨ ਪਰ ਬੋਲਣ ਤੋਂ ਬਾਅਦ ਉਨ੍ਹਾਂ ਦੀ ਆਜ਼ਾਦੀ ਦੀ ਕੋਈ ਗਾਰੰਟੀ ਨਹੀਂ। ਉਨ੍ਹਾਂ ਕਿਹਾ ਕਿ ਨਿਊਜ਼ ਕਲਿੱਕ ਅਤੇ ਹੋਰ ਉਦਾਹਰਨਾਂ ਸਾਡੇ ਸਾਹਮਣੇ ਹਨ ਕਿ ਅਸਹਿਮਤੀ ਦਾ ਵਿਚਾਰ ਪ੍ਰਗਟਾਉਣ ਵਾਲੇ ਪੱਤਰਕਾਰ, ਲੇਖਕ, ਕਲਾਕਾਰ, ਬੁੱਧੀਜੀਵੀ ਯੂ.ਏ.ਪੀ.ਏ. ਵਰਗੇ ਕਾਨੂੰਨਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦੁਨੀਆ ਭਰ ਵਿੱਚ ਫਾਸ਼ੀਵਾਦ ਆਪਣੇ ਉਭਾਰ ’ਤੇ ਹੈ। ਪ੍ਰਧਾਨ ਮੰਤਰੀ ਮੋਦੀ ਵਲੋਂ ਆਪਣੀ ਵਿਦੇਸ਼ ਨੀਤੀ ਨੂੰ ਦਰਕਿਨਾਰ ਕਰਦਿਆਂ ਇਜ਼ਰਾਈਲ ਦੇ ਹੱਕ ਵਿੱਚ ਭੁਗਤਣਾ ਇਸ ਦੀ ਵੱਡੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਮਹੂਰੀਅਤ ਨੂੰ ਬਚਾਉਣ ਲਈ ਗ਼ਦਰੀ ਬਾਬਿਆਂ ਦੇ ਆਜ਼ਾਦੀ, ਬਰਾਬਰੀ ਅਤੇ ਧਰਮ ਨਿਰਪੱਖਤਾ ਦੇ ਆਦਰਸ਼ਾਂ ਉੱਤੇ ਡਟ ਕੇ ਪਹਿਰਾ ਦੇਣ ਦੀ ਜ਼ਰੂਰਤ ਹੈ। ਅੱਜ ਮੁਲਕ ਵਿੱਚ ਜਿਸ ਤਰ੍ਹਾਂ ਆਮ ਬੰਦੇ ਦੀ ਆਜ਼ਾਦੀ ਖ਼ਤਰੇ ਵਿੱਚ ਹੈ, ਆਰਥਿਕ ਪਾੜਾ ਨਿਰੰਤਰ ਵਧਦਾ ਜਾ ਰਿਹਾ ਹੈ, ਫ਼ਿਰਕੂ ਤਾਕਤਾਂ ਨੂੰ ਹਵਾ ਦਿੱਤੀ ਜਾ ਰਹੀ ਹੈ, ਇਸ ਦੌਰ ਵਿੱਚ ਲਾਮਬੰਦ ਹੋ ਕੇ ਲੜਨਾ ਸਾਡੇ ਸਮਿਆਂ ਦੀ ਵੱਡੀ ਲੋੜ ਹੈ। ਉਨ੍ਹਾਂ ਸੁਚੇਤ ਕੀਤਾ ਕਿ ਜੇਕਰ ਲੋਕ ਧਿਰਾਂ ਲਾਮਬੰਦ ਨਾ ਹੋਈਆਂ ਤਾਂ ਉਹ ਜਿੱਤਣਗੇ ਜਿਨ੍ਹਾਂ ਨੂੰ ਹਰਾਉਣ ਦੀ ਅੱਜ ਵੱਡੀ ਲੋੜ ਹੈ, ਜਿਸ ਲਈ ਆਪਣੀ-ਆਪਣੇ ਲੋਕਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਗ਼ਦਰੀ ਬਾਬਿਆਂ ਦੇ ਆਦਰਸ਼ਾਂ ’ਤੇ ਤੁਰਦਿਆਂ ਲਾਮਬੰਦ ਹੋ ਕੇ ਲੜਨ ਦੀ ਸਖ਼ਤ ਜ਼ਰੂਰਤ ਹੈ।
ਅੰਮਿ੍ਰਤਸਰ ਸਕੂਲ ਆਫ਼ ਡਰਾਮਾ ਦੇ ਨਿਰਦੇਸ਼ਕ ਇਕੱਤਰ ਦੀ ਨਿਰਦੇਸ਼ਨਾ ’ਚ ਉਨ੍ਹਾਂ ਦਾ ਹੀ ਲਿਖਿਆ ਨਾਟਕ ‘ਠੱਗੀ’ ਪੇਸ਼ ਕੀਤਾ ਗਿਆ।
ਗ਼ਦਰੀ ਬਾਬਾ ਜਵਾਲਾ ਸਿੰਘ ਹਾਲ ਵਿੱਚ ਹੋਈ ਵਿਚਾਰ ਚਰਚਾ ਨੂੰ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਹਰਦੇਵ ਅਰਸ਼ੀ, ਮੰਗਤ ਰਾਮ ਪਾਸਲਾ, ਡਾ. ਪਰਮਿੰਦਰ, ਦਰਸ਼ਨ ਖਟਕੜ, ਸੁਖਵਿੰਦਰ ਸੇਖੋਂ ਨੇ ਸੰਬੋਧਨ ਕੀਤਾ। ਪੰਜਾਬ ਦੇ ਲੋਕ ਗ਼ਦਰੀ ਬਾਬਿਆਂ ਦੀ ਇਸ ਵਿਰਾਸਤ ਦੇ ਪੈਰੋਕਾਰਾਂ ਤੋਂ ਇਹ ਆਸ ਕਰਦੇ ਹਨ ਕਿ ਪੰਜਾਬ ਹੀ ਨਹੀਂ, ਸਮੁੱਚੇ ਦੇਸ਼ ਦੀਆਂ ਮੁਸੀਬਤਾਂ ਦੇ ਹੱਲ ਲਈ ਵਧ ਰਹੇ ਫਾਸ਼ੀਵਾਦੀ ਖਤਰਿਆਂ ਨਾਲ ਟਕਰਾਉਣ ਲਈ ਵਿਚਾਰਧਾਰਕ ਲਾਮਬੰਦੀ ਦੀ ਮੰਗ ਕਰਦੇ ਹਨ।
ਉਹ ਇਨ੍ਹਾਂ ਆਗੂਆਂ ਤੋਂ ਇਹ ਵੀ ਆਸ ਰੱਖਦੇ ਹਨ ਕਿ ਉਹ ਭਵਿੱਖ਼ ਵਿੱਚ ਇਕੱਠੇ ਹੋ ਕੇ ਬੈਠਣ ਤੇ ਵੱਡੇ ਮਸਲਿਆਂ ਦਾ ਕੁਝ ਉਸੇ ਅੰਦਾਜ਼ ਵਿੱਚ ਹੱਲ ਤਰਾਸ਼ਣ ਜਿਵੇਂ ਸੰਯੁਕਤ ਕਿਸਾਨ ਮੋਰਚੇ ਨੇ ਤਲਾਸ਼ਿਆ ਸੀ।ਇਸੇ ਸੰਦਰਭ ਵਿੱਚ ਅੱਜ ਦੀ ਵਿਚਾਰ ਚਰਚਾ ਦੇ ਸਾਰੇ ਬੁਲਾਰਿਆਂ ਨੇ ਲੋਕਾਂ ਦੀ ਏਕਤਾ ’ਤੇ ਜ਼ੋਰ ਦਿੱਤਾ ਅਤੇ ਫਾਸ਼ੀਵਾਦ ਦੇ ਟਾਕਰੇ ਲਈ ਲੋਕ ਲਾਮਬੰਦੀ ਦਾ ਨਾਅਰਾ ਦਿੱਤਾ। ਗ਼ਦਰੀ ਗੁਲਾਬ ਬੀਬੀ ਗੁਲਾਬ ਕੌਰ ਪੰਡਾਲ ਦੀ ਮੰਚ ਸੰਚਾਲਨਾ ਸੱਭਿਆਚਾਰ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਮੈਂਬਰ ਹਰਵਿੰਦਰ ਪੰਡਾਲ ਅਤੇ ਬਾਬਾ ਜਵਾਲਾ ਸਿੰਘ ਹਾਲ ਵਿੱਚ ਹੋਈ ਵਿਚਾਰ-ਚਰਚਾ ਦੀ ਮੰਚ ਸੰਚਾਲਨਾ ਪ੍ਰੋ. ਤੇਜਿੰਦਰ ਵਿਰਲੀ ਨੇ ਕੀਤੀ।