25 C
Jalandhar
Friday, November 22, 2024
spot_img

ਸਰਕਾਰੀ ਅਧਿਕਾਰੀਆਂ ਤੋਂ ਹੀ ਪਰਾਲੀ ਨੂੰ ਲਵਾਈ ਅੱਗ, ਮਾਨ ਵੱਲੋਂ ਕੇਸ ਦਰਜ ਕਰਨ ਦਾ ਹੁਕਮ

ਬਠਿੰਡਾ (ਪਰਵਿੰਦਰਜੀਤ ਸਿੰਘ)
ਪਿੰਡ ਬੁਰਜ ਮਹਿਮਾ ’ਚ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਗਈ ਸਰਕਾਰੀ ਅਧਿਕਾਰੀਆਂ ਦੀ ਟੀਮ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਜ਼ਿਲ੍ਹੇ ਦੇ ਪਿੰਡ ਜੇਠੂਕੇ ਵਿਖੇ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਗਈ ਟੀਮ ਦਾ ਕਿਸਾਨਾਂ ਨੇ ਘਿਰਾਓ ਕਰ ਲਿਆ ਅਤੇ ਉਹਨਾਂ ਨੂੰ ਕਈ ਘੰਟੇ ਬੰਦੀ ਬਣਾਈ ਰੱਖਿਆ। ਕਿਸਾਨਾਂ ਨੇ ਅਧਿਕਾਰੀਆਂ ਤੋਂ ਹੀ ਪਰਾਲੀ ਨੂੰ ਅੱਗ ਲਗਵਾਈ।
ਪਿੰਡ ਜੇਠੂਕੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਰਕਰਾਂ ਨੇ ਅਧਿਕਾਰੀਆਂ ਅਤੇ ਫਾਇਰ ਬਿ੍ਰਗੇਡ ਦਾ ਘਿਰਾਓ ਕਰ ਲਿਆ। ਆਗੂਆਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਲਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ, ਕਿਉਂਕਿ ਜੋ ਮਸ਼ੀਨਾਂ ਸਰਕਾਰ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਹਨ, ਉਹ ਛੋਟੇ ਕਿਸਾਨਾਂ ਦੀ ਪਹੁੰਚ ਤੋਂ ਬਹੁਤ ਦੂਰ ਹਨ। ਦੇਰ ਸ਼ਾਮ ਤੱਕ ਅਧਿਕਾਰੀਆਂ ਦਾ ਘਿਰਾਓ ਜਾਰੀ ਰਿਹਾ। ਨਾਇਬ ਤਹਿਸੀਲਦਾਰ ਫੂਲ ਨੇ ਲਿਖਤੀ ਰੂਪ ’ਚ ਭਰੋਸਾ ਦਿਵਾਇਆ ਕਿ ਕਿਸੇ ਵੀ ਕਿਸਾਨ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ, ਉਸ ਤੋਂ ਬਾਅਦ ਘਿਰਾਓ ਖਤਮ ਕੀਤਾ ਗਿਆ।
ਇਕ ਵੀਡੀਓ ਵਿੱਚ ਭੀੜ ਵੱਲੋਂ ਸਰਕਾਰੀ ਕਰਮਚਾਰੀ ਨੂੰ ਪਰਾਲੀ ਸਾੜਨ ਲਈ ਮਜਬੂਰ ਕਰਨ ਦੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਘਿਨਾਉਣੇ ਜੁਰਮ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ ਐੱਫ ਆਈ ਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ।
ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਇਸ ਘਟਨਾ ਦੀ ਸਖਤ ਨਿਖੇਧੀ ਕਰਦਿਆਂ ਇਸ ਨੂੰ ਸੂਬੇ ਦੇ ਲੋਕਾਂ ਖਿਲਾਫ ਅਣਮਨੁੱਖੀ ਕਾਰਾ ਦੱਸਿਆ।
ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਸੂਬਾ ਸਰਕਾਰ ਇਸ ਘਿਨਾਉਣੀ ਘਟਨਾ ਦੇ ਵਾਪਰਨ ’ਤੇ ਮੂਕ ਦਰਸ਼ਕ ਬਣ ਕੇ ਨਹੀਂ ਬੈਠ ਸਕਦੀ ਅਤੇ ਨਾ ਹੀ ਅਰਾਜਕਤਾ ਫੈਲਾਉਣ ਦੀ ਇਜਾਜ਼ਤ ਦੇ ਸਕਦੀ ਹੈ। ਉਨ੍ਹਾ ਕਿਹਾ ਕਿ ਸਰਕਾਰੀ ਅਧਿਕਾਰੀ ਖੇਤਾਂ ਵਿੱਚ ਪਰਾਲੀ ਨਾ ਸਾੜਨ ਦਾ ਸੰਦੇਸ਼ ਲੈ ਕੇ ਗਿਆ ਸੀ, ਪਰ ਉਥੇ ਜੁੜੀ ਭੀੜ ਨੇ ਅਧਿਕਾਰੀ ਦੇ ਹੱਥ ਵਿੱਚ ਤੀਲਾਂ ਦੀ ਡੱਬੀ ਫੜਾ ਕੇ ਪਰਾਲੀ ਨੂੰ ਅੱਗ ਲਾਉਣ ਲਈ ਮਜਬੂਰ ਕੀਤਾ, ਜਿਸ ਨੂੰ ਕਿਸੇ ਵੀ ਕੀਮਤ ਉਤੇ ਸਹਿਣ ਨਹੀਂ ਕੀਤਾ ਜਾ ਸਕਦਾ। ਮਾਨ ਨੇ ਕਿਹਾ ਕਿ ਅਜਿਹੀ ਬੁਜ਼ਦਿਲੀ ਵਾਲੀ ਕਾਰਵਾਈ ਨੂੰ ਅੰਜ਼ਾਮ ਦੇ ਕੇ ਇਹ ਲੋਕ ਆਪਣੇ ਹੀ ਬੱਚਿਆਂ ਦਾ ਜੀਵਨ ਬਰਬਾਦ ਕਰਨ ਦੇ ਰਾਹ ਉਤੇ ਤੁਰੇ ਹੋਏ ਹਨ, ਕਿਉਂਕਿ ਇਨ੍ਹਾਂ ਹੀ ਖੇਤਾਂ ਦਾ ਧੂੰਆਂ ਬੱਚਿਆਂ ਦਾ ਦਮ ਘੁੱਟੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾ ਪੁਲਿਸ ਨੂੰ ਇਸ ਮੰਦਭਾਗੀ ਘਟਨਾ ਵਿੱਚ ਸ਼ਾਮਲ ਹੁੱਲੜਬਾਜ਼ ਲੋਕਾਂ ਦੀ ਸ਼ਨਾਖਤ ਕਰਕੇ ਕੇਸ ਕਰਨ ਲਈ ਆਖਿਆ ਹੈ।
ਅਜਿਹੀ ਆਪੋ-ਧਾਪੀ ਵਾਲੀ ਅਤੇ ਅਪਰਾਧਿਕ ਘਟਨਾ ਨੂੰ ਕਿਸੇ ਵੀ ਸੂਰਤ ਵਿੱਚ ਸਹਿਣ ਨਹੀਂ ਕੀਤਾ ਜਾ ਸਕਦਾ ਅਤੇ ਜ਼ਿੰਮੇਵਾਰ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਸੂਬਾ ਸਰਕਾਰ ਅਜਿਹੇ ਅਸੰਵੇਦਨਸ਼ੀਲ ਲੋਕਾਂ ਨੂੰ ਵਾਤਾਵਰਣ ਪਲੀਤ ਕਰਕੇ ਬੱਚਿਆਂ ਦੀਆਂ ਅਨਮੋਲ ਜ਼ਿੰਦਗੀਆਂ ਨਾਲ ਖੇਡਣ ਦੀ ਇਜਾਜ਼ਤ ਨਹੀਂ ਦੇਵੇਗੀ।

Related Articles

LEAVE A REPLY

Please enter your comment!
Please enter your name here

Latest Articles