ਕਾਮਰੇਡ ਭੋਲਾ ਮਾਂਝੀ ਨਗਰ, ਕਾਮਰੇਡ ਜੀ ਮਲੇਸ ਹਾਲ (ਪਟਨਾ) (ਗਿਆਨ ਸੈਦਪੁਰੀ)
ਇੱਥੇ ਚੱਲ ਰਹੀ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ 15ਵੀਂ ਨੈਸ਼ਨਲ ਕਾਨਫਰੰਸ ਜਿਵੇਂ-ਜਿਵੇਂ ਅੰਤਮ ਪੜਾਅ ਵੱਲ ਵਧ ਰਹੀ ਹੈ, ਉਵੇਂ-ਉਵੇਂ ਵਿਚਾਰ-ਵਟਾਂਦਰਾ ਸੰਜੀਦਾ ਰੁਖ ਅਖਤਿਆਰ ਕਰਦਾ ਜਾ ਰਿਹੈ। ਯੂਨੀਅਨ ਦੇ ਕੌਮੀ ਪ੍ਰਧਾਨ ਕਾਮਰੇਡ ਐੱਨ ਪੇਰੀਆਸਾਮੀ ਨੇ ਆਪਣੀ ਪ੍ਰਧਾਨਗੀ ਤਕਰੀਰ ਵਿੱਚ ਜਿੱਥੇ ਬਿਹਾਰ ਦੇ ਪਟਨਾ ਸ਼ਹਿਰ ਦੇ ਉਨ੍ਹਾਂ ਵੇਲਿਆਂ ਨੂੰ ਯਾਦ ਕੀਤਾ, ਜਦੋਂ ਇਹ ਸ਼ਹਿਰ ਪਾਟਲੀਪੁੱਤਰ ਹੁੰਦਾ ਸੀ ਤੇ ਮਹਾਨ ਅਸ਼ੋਕ ਨੇ ਮੋਰੀਆ ਰਾਜ ਵੰਸ਼ ਨੂੰ ਬਦਲ ਕੇ ਬੁੱਧਇਜ਼ਮ ਦੇ ਅਧਾਰ ’ਤੇ ਸ਼ਾਂਤੀ ਵਾਲਾ ਰਾਜ ਸਥਾਪਤ ਕੀਤਾ, ਉੱਥੇ ਬਿਹਾਰ ਵਿੱਚ ਚਲਦੀ ਰਹੀ ਗੁਲਾਮ ਪ੍ਰਥਾ ਵਰਗੀ ਬੁਰਾਈ ਦਾ ਵੀ ਜ਼ਿਕਰ ਕੀਤਾ। ਕਾਮਰੇਡ ਪੇਰੀਆਸਾਮੀ ਨੇ ਜਗਨ ਨਾਥ ਸਰਕਾਰ, ਸੁਨੀਲ ਮੁਖਰਜੀ, ਇੰਦਰਦੀਪ ਸਿਨਹਾ ਅਤੇ ਜੋਗਿੰਦਰ ਸ਼ਰਮਾ ਵਰਗੇ ਉਨ੍ਹਾਂ ਆਗੂਆਂ ਨੂੰ ਸਲਾਮ ਪੇਸ਼ ਕੀਤਾ, ਜਿਹੜੇ ਕਮਿਊਨਿਜ਼ਮ ਤੋਂ ਪ੍ਰਭਵਤ ਹੋ ਕੇ ਆਖਰੀ ਸਾਹਾਂ ਤੱਕ ਕਿਸਾਨਾਂ ਅਤੇ ਮਜ਼ਦੂਰਾਂ ਦੀ ਬਿਹਤਰੀ ਲਈ ਲੜਦੇ ਰਹੇ। ਉਨ੍ਹਾ ਮੌਜੂਦਾ ਦੌਰ ਦੌਰਾਨ ਖੇਤ ਮਜ਼ਦੂਰਾਂ ਦੇ ਸੰਦਰਭ ਵਿੱਚ ਗੱਲ ਕਰਦਿਆਂ ਕਿਹਾ ਕਿ ਇਹ ਵਰਗ ਮੁਲਕ ਲਈ ਧਨ ਪੈਦਾ ਕਰਦਾ ਹੈ ਤੇ ਭੋਜਨ ਮੁਹੱਈਆ ਕਰਦਾ ਹੈ। ਜਦੋਂ ਇਹ ਸਮਾਜਕ, ਸੱਭਿਆਚਾਰ ਤੇ ਆਰਥਕ ਬਿਹਤਰੀ ਦੀ ਮੰਗ ਕਰਦੇ ਹਨ ਤਾਂ ਨਜ਼ਰਅੰਦਾਜ਼ ਕਰ ਦਿੱਤੇ ਜਾਂਦੇ ਹਨ। 2014 ਤੋਂ ਹੁਣ ਤੱਕ ਦੇ ਤਜਰਬੇ ਨੇ ਦਰਸਾ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ ਇਸ ਤਬਕੇ ਲਈ ਸਭ ਤੋਂ ਵੱਧ ਖਤਰਨਾਕ ਹੈ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਖੇਤ ਮਜ਼ਦੂਰ ਯੂਨੀਅਨ ਭਾਜਪਾ ਨੂੰ ਸੱਤਾ ਤੋਂ ਪਾਸੇ ਕਰਨ ਲਈ ਅਹਿਮ ਭੂਮਿਕਾ ਨਿਭਾਏਗੀ।
ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਨੇ ਆਪਣੀ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਯੂਨੀਅਨ ਦੀ ਪੰਦਰਵੀਂ ਕੌਮੀ ਕਾਨਫਰੰਸ ਉਸ ਵੇਲੇ ਹੋ ਰਹੀ ਹੈ, ਜਦੋਂ ਰੂਸ ਅਤੇ ਯੂਕਰੇਨ ਵਿਚਕਾਰ ਜੰਗ ਚੱਲ ਰਹੀ ਹੈ। ਇਸ ਜੰਗ ਦਾ ਦੁਨੀਆ ਭਰ ਦੀ ਅਰਥ ਵਿਵਸਥਾ ’ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਦੁਨੀਆ ਦਾ ਬੇਸ਼ੱਕ ਨੁਕਸਾਨ ਹੋ ਰਿਹਾ ਹੈ, ਪਰ ਅਮਰੀਕਾ ਵਰਗੇ ਹਥਿਆਰ ਵੇਚਣ ਵਾਲੇ ਦੇਸ਼ਾਂ ਨੂੰ ਇਸ ਦਾ ਫਾਇਦਾ ਹੋ ਰਿਹਾ ਹੈ। ਇਸ ਲਈ ਉਹ ਜੰਗ ਨੂੰ ਹੋਰ ਲਮਕਾਉਣਾ ਚਾਹੁੰਦੇ ਹਨ। ਕਾਰਪੋਰੇਟ ਘਰਾਣੇ ਜੋ ਜੰਗੀ ਸਮਾਨ ਵੱਡੀ ਮਾਤਰਾ ਵਿੱਚ ਬਣਾਉਂਦੇ ਹਨ, ਉਹ ਯੁੱਧ ਜਾਰੀ ਰੱਖਣਾ ਚਾਹੁੰਦੇ ਹਨ, ਤਾਂ ਕਿ ਉਨ੍ਹਾਂ ਦੇ ਹਥਿਆਰ ਵਿਕਦੇ ਰਹਿਣ, ਇਹ ਜੰਗ ਦਾ ਫਲਸਫਾ ਹੈ।
ਕਾਮਰੇਡ ਗੋਰੀਆ ਨੇ ਕੋਰੋਨਾ ਕਾਲ ਵਿੱਚ ਖੇਤ ਮਜ਼ਦੂਰ ਦੀ ਹੋਈ ਦੁਰਦਸ਼ਾ ਦਾ ਵੀ ਜ਼ਿਕਰ ਕੀਤਾ। ਉਨ੍ਹਾ ਕਿਹਾ ਕਿ ਬੇਸ਼ੱਕ ਉਸ ਵਕਤ ਖੇਤੀ ਘੱਟ ਪ੍ਰਭਾਵਤ ਹੋਈ ਸੀ, ਪਰ ਖੇਤ ਮਜ਼ਦੂਰ ਪੂਰੀ ਤਰ੍ਹਾਂ ਖੇਤੀ ’ਤੇ ਨਿਰਭਰ ਨਹੀਂ ਹੁੰਦਾ, ਉਸ ਨੂੰ ਕੁਝ ਹੋਰ ਕੰਮ ਵੀ ਲੱਭਣੇ ਪੈਂਦੇ ਹਨ, ਜੋ ਉਸ ਮੌਕੇ ਨਹੀ ਮਿਲੇ। ਉਹਨਾ ਮਨੀਪੁਰ ਦੀਆਂ ਹੌਲਨਾਕ ਘਟਨਾਵਾਂ ਦੀ ਗੱਲ ਕਰਦਿਆਂ ਕਿਹਾ ਕਿ ਇੱਕ ਗੱਲ ਬਿਲਕੁਲ ਸਪੱਸ਼ਟ ਹੋ ਗਈ ਹੈ ਕਿ ਲੋਕਾਂ ਅੰਦਰ ਨਫਰਤ ਫੈਲਾ ਕੇ ਵੰਡਣ ਵਾਲੀ ਫਿਰਕੂ ਸਿਆਸਤ ਨੂੰ ਖਾਰਜ ਕਰਨਾ ਹੋਵੇਗਾ।
ਉਹਨਾ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਪਿਛਲੇ ਰਾਸ਼ਟਰੀ ਸੰਮੇਲਨ ਵਿੱਚ ਅਸੀਂ ਚਿੰਤਾ ਪ੍ਰਗਟ ਕੀਤੀ ਸੀ ਕਿ ਸੰਵਿਧਾਨ ’ਤੇ ਹਮਲਾ ਤੇਜ਼ ਹੋ ਸਕਦਾ ਹੈ। ਹੁਣ ਦੀਆਂ ਪ੍ਰਸਥਿਤੀਆਂ ਨੇ ਇਹ ਗੱਲ ਸਿੱਧ ਕਰ ਦਿੱਤੀ ਹੈ ਕਿ ਸਾਡੀ ਚਿੰਤਾ ਨਿਰਮੂਲ ਨਹੀਂ ਸੀ।
ਕਾਮਰੇਡ ਗੋਰੀਆ ਨੇ ਪੰਜਾਬ ਤੋਂ ਲੈ ਕੇ ਪੁਡੀਚੇਰੀ ਤੱਕ ਦੇ ਅਨੇਕਾਂ ਰਾਜਾਂ ਵਿੱਚ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀਆਂ ਸਰਗਰਮੀਆਂ ਨੂੰ ਆਪਣੀ ਰਿਪੋਰਟ ਦਾ ਹਿੱਸਾ ਬਣਾਇਆ। ਇਸੇ ਦੌਰਾਨ ਰਿਪੋਰਟ ’ਤੇ ਬਹਿਸ ਸ਼ੁਰੂ ਹੋ ਗਈ। ਬਹਿਸ ਦੇ ਚਲਦਿਆਂ ਹੀ ਵੱਖ-ਵੱਖ ਸਿਆਸੀ ਪਾਰਟੀਆਂ ਤੇ ਜਥੇਬੰਦੀਆਂ ਦੇ ਆਗੂਆਂ ਵੱਲੋਂ ਯੂਨੀਅਨ ਨੂੰ ਸੰਗਰਾਮੀ ਵਧਾਈਆਂ ਦੇਣ ਦਾ ਸਿਲਸਿਲਾ ਚਲਦਾ ਰਿਹਾ। ਇਸੇ ਸਿਲਸਿਲੇ ਤਹਿਤ ਰਾਸ਼ਟਰੀ ਜਨਤਾ ਦਲ ਦੇ ਰਾਸ਼ਟਰੀ ਸਕੱਤਰ ਭੋਲਾ ਯਾਦਵ ਨੇ ਆਪਣੇ ਆਗੂ ਲਾਲੂ ਪ੍ਰਸਾਦ ਯਾਦਵ ਅਤੇ ਸੂਬੇ ਦੇ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਵੱਲੋਂ ਯੂਨੀਅਨ ਲਈ ਭੇਜੀਆਂ ਸ਼ੁਭਕਾਮਨਾਵਾਂ ਅਤੇ ਵਧਾਈਆਂ ਸਾਂਝੀਆਂ ਕੀਤੀਆਂ। ਉਨ੍ਹਾ ਸਰਕਾਰਾਂ ਵੱਲੋਂ ਮਜ਼ਦੂਰ ਵਰਗ ਨੂੰ ਮੁਫਤ ਅਨਾਜ ਦਿੱਤੇ ਜਾਣ ਦੀ ਅਲੋਚਨਾ ਕਰਦਿਆਂ ਕਿਹਾ ਕਿ ਗਰੀਬਾਂ ਨੂੰ ਮੁਫਤ ਅਨਾਜ ਦੇਣ ਦੀ ਬਜਾਏ ਉਨ੍ਹਾਂ ਨੂੰ ਕੰਮ ਦਿੱਤਾ ਜਾਵੇ। ਕੁਲ ਹਿੰਦ ਕਿਸਾਨ ਸਭਾ ਦੇ ਕੌਮੀ ਆਗੂ ਆਰ ਵੈਂਕਟਈਆ, ਬਿਹਾਰ ਦੇ ਸਾਬਕਾ ਮੰਤਰੀ ਤੇ ਆਰ ਜੇ ਡੀ ਦੇ ਆਗੂ ਸਿਆਮ ਰੱਜਕ, ਬਿਹਾਰ ਦੇ ਮਾਲ ਮੰਤਰੀ ਅਲੋਕ ਕੁਮਾਰ ਮਹਿਤਾ, ਸੀ ਪੀ ਆਈ ਐੱਮ (ਮਾਲੇ) ਦੇ ਵਿਧਾਇਕ ਗੋਪਾਲ ਰਵੀਦਾਸ ਨੇ ਵੀ ਕਾਨਫਰੰਸ ਦੀ ਸਫਲਤਾ ਦੀ ਕਾਮਨਾ ਕਰਦਿਆਂ ਮੁਬਾਰਕਾਂ ਦਿੱਤੀਆਂ। ਵਧਾਈਆਂ ਦੇ ਨਾਲ-ਨਾਲ ਬਹੁਤੇ ਆਗੂਆਂ ਨੇ ਵਿਰੋਧੀ ਪਾਰਟੀਆਂ ਦੀ ਲੰਘੇ ਅਗਸਤ ਵਿੱਚ ਪਟਨਾ ਵਿੱਚ ਹੋਈ ਮੀਟਿੰਗ ਅਤੇ ਪਹਿਲੀ ਨਵੰਬਰ ਨੂੰ ਸੀ ਪੀ ਆਈ ਵੱਲੋਂ ਕੀਤੀ ਗਈ ‘ਮੋਦੀ ਹਟਾਓ, ਦੇਸ਼ ਬਚਾਓ’ ਮਹਾਂ ਰੈਲੀ ਦੇ ਹਵਾਲੇ ਨਾਲ ਕਿਹਾ ਕਿ ਮੁਲਕ ਵਿੱਚ ਸਿਆਸਤ ਦੇ ਬਦਲ ਦਾ ਮੋਹਰੀ ਬਿਹਾਰ ਸੂਬਾ ਬਣੇਗਾ। ਕਾਮਰੇਡ ਗੋਰੀਆ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ’ਤੇ ਬਹਿਸ ਵਿੱਚ ਤਾਮਿਲਨਾਡੂ ਤੋ ਕਾਮਰੇਡ ਗਣੇਸਨ, ਹਰਿਆਣਾ ਤੋਂ ਕਾਮਰੇਡ ਜਿਲ੍ਹੇ ਸਿੰਘ ਪਾਲ, ਮੱਧ ਪ੍ਰਦੇਸ਼ ਤੋਂ ਸੰਜੀਵ ਰਾਜਪੂਤ ਆਦਿ ਨੇ ਹਿੱਸਾ ਲਿਆ। ਪੇਸ਼ ਕੀਤੀ ਗਈ ਰਿਪੋਰਟ ਮੌਕੇ ਬਣੇ ਪ੍ਰਧਾਨਗੀ ਮੰਡਲ ਵਿੱਚ ਕਾਮਰੇਡ ਕੇ ਈ ਇਸਮਾਈਲ (ਕੇਰਲਾ), ਕਾਮਰੇਡ ਨਾਗੇਂਦਰ ਨਾਥ ਓਝਾ (ਬਿਹਾਰ), ਕਾਮਰੇਡ ਮੁਸਤਫਾ ਰਹਿਮਾਨ (ਪੱਛਮੀ ਬੰਗਾਲ), ਕਾਮਰੇਡ ਏ ਰਾਮਾ ਮੂਰਤੀ (ਪੁਡੀਚੇਰੀ), ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ (ਪੰਜਾਬ), ਕਾਮਰੇਡ ਪੀ ਕੇ ਕਿ੍ਰਸ਼ਨਨ (ਕੇਰਲਾ), ਕਾਮਰੇਡ ਮੱਲ ਪਹਾੜੀਆ (ਝਾਰਖੰਡ), ਕਾਮਰੇਡ ਸੂਰਯ ਕਾਂਤ ਪਸਾਵਾਨ (ਬਿਹਾਰ) ਅਤੇ ਕਾਮਰੇਡ ਐਨ ਪੇਰੀਆਸਾਮੀ ਸ਼ਾਮਲ ਹਨ। ਖਬਰ ਲਿਖੇ ਜਾਣ ਵੇਲੇ ਤੱਕ ਰਿਪੋਰਟ ’ਤੇ ਬਹਿਸ ਜਾਰੀ ਸੀ।