ਚੰਡੀਗੜ੍ਹ : ਕੌਮੀ ਰਾਜਧਾਨੀ ਦਿੱਲੀ ਤੇ ਐੱਨ ਸੀ ਆਰ ’ਚ ਲਗਾਤਾਰ ਵਧ ਰਹੇ ਹਵਾ ਪ੍ਰਦੂਸ਼ਣ ਦੇ ਮੱਦੇਨਜ਼ਰ ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇ ਪੀ ਦਲਾਲ ਨੇ ਪਰਾਲੀ ਸਾੜਨ ਦੇ ਮਾਮਲੇ ’ਚ ਪੰਜਾਬ ਸਰਕਾਰ ਨੂੰ ਘੇਰਿਆ ਹੈ। ਉਨ੍ਹਾ ਕਿਹਾ ਕਿ ਪੰਜਾਬ ’ਚ ਹਰਿਆਣਾ ਦੇ ਮੁਕਾਬਲੇ ਕਈ ਗੁਣਾ ਵੱਧ ਪਰਾਲੀ ਸਾੜੀ ਜਾ ਰਹੀ ਹੈ। ਤਿੰਨ ਦਿਨਾਂ ਵਿਚ ਪੰਜਾਬ ’ਚ ਪਰਾਲੀ ਸਾੜਨ ਦੇ 5140 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਹਰਿਆਣਾ ’ਚ 175 ਮਾਮਲੇ ਸਾਹਮਣੇ ਆਏ ਹਨ। ਉਨ੍ਹਾ ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਦਿਆਂ ਕਿਹਾ-ਅਸੀਂ ਕੇਜਰੀਵਾਲ ਤੇ ਭਗਵੰਤ ਮਾਨ ਤੋਂ ਪਾਣੀ ਮੰਗਿਆ ਸੀ, ਪਰਾਲੀ ਦਾ ਧੂੰਆਂ ਨਹੀਂ। ਉਧਰ, ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ’ਚ ਹਵਾ ਦੀ ਰਫਤਾਰ ਬਿਹਤਰ ਹੋਣ ਕਾਰਨ ਸ਼ੁੱਕਰਵਾਰ ਰਾਤ ਪ੍ਰਦੂਸ਼ਣ ਦੇ ਪੱਧਰ ’ਚ ਮਾਮੂਲੀ ਗਿਰਾਵਟ ਆਈ ਹੈ, ਪਰ ਹਾਲੇ ਵੀ ਵਿਸ਼ਵ ਸਿਹਤ ਸੰਗਠਨ ਵੱਲੋਂ ਤੈਅ ਮਾਪਦੰਡਾਂ ਤੋਂ 80 ਗੁਣਾ ਵੱਧ ਪ੍ਰਦੂਸ਼ਤ ਹੈ। ਧੁੰਦ ਦੀ ਸੰਘਣੀ ਨੁਕਸਾਨਦੇਹ ਪਰਤ ਨੇ ਸ਼ਨੀਵਾਰ ਲਗਾਤਾਰ ਪੰਜਵੇਂ ਦਿਨ ਸ਼ਹਿਰ ਨੂੰ ਆਪਣੀ ਲਪੇਟ ’ਚ ਲੈ ਲਿਆ। ਡਾਕਟਰਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਹਵਾ ਪ੍ਰਦੂਸ਼ਣ ਬੱਚਿਆਂ ਅਤੇ ਬਜ਼ੁਰਗਾਂ ’ਚ ਸਾਹ ਅਤੇ ਅੱਖਾਂ ਦੀਆਂ ਸਮੱਸਿਆਵਾਂ ਨੂੰ ਵਧਾ ਰਿਹਾ ਹੈ।