ਜੈਪੁਰ : ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਤਿਜਾਰਾ ਅਸੰਬਲੀ ਹਲਕੇ ਵਿਚ ਭਾਜਪਾ ਆਗੂ ਸੰਦੀਪ ਦਾਇਮਾ ਦੇ ਬਿਆਨ ਨੇ ਭਾਜਪਾ ਨੂੰ ਮੁਸੀਬਤ ਵਿਚ ਪਾ ਦਿੱਤਾ ਹੈ। ਲੰਘੇ ਬੁੱਧਵਾਰ ਪਾਰਟੀ ਉਮੀਦਵਾਰ ਤੇ ਹਿੰਦੂ ਬਾਬੇ ਬਾਲਕ ਨਾਥ ਦੇ ਨਾਮਜ਼ਦਗੀ ਕਾਗਜ਼ ਦਾਖਲ ਕਰਨ ਤੋਂ ਬਾਅਦ ਯੂ ਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਦੀ ਮੌਜੂਦਗੀ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਸੰਦੀਪ ਦਾਇਮਾ ਨੇ ਕਿਹਾ-ਕਿਸ ਤਰਹ ਸੇ ਇਤਨੀ ਮਸਜਿਦੇਂ, ਕਿਸ ਤਰਹ ਸੇ ਗੁਰਦਵਾਰੇ ਯਹਾਂ ਪਰ ਬਨਾਕਰ ਛੋੜ ਦਿਏ! ਯੇ ਆਗੇ ਚਲਕਰ ਹਮਾਰੇ ਲਿਏ ਨਾਸੂਰ ਬਨ ਜਾਏਗਾ। ਇਸ ਲਿਏ ਹਮਾਰਾ ਸਬਕਾ ਧਰਮ ਭੀ ਬਨਤਾ ਹੈ ਕਿ ਇਸ ਨਾਸੂਰ ਕੋ ਯਹਾਂ ਸੇ ਉਖਾੜ ਫੈਂਕ ਦੇਂਗੇ, ਔਰ ਬਾਬਾ ਬਾਲਕ ਨਾਥ ਜੀ ਕੋ ਭਾਰੀ ਮਤੋਂ ਸੇ ਜਿਤਾਏਂਗੇ। ਭਾਜਪਾ ਇਸ ਹਲਕੇ ਵਿਚ ਹਿੰਦੂ-ਮੁਸਲਮ ਦੀ ਖੇਡ ਖੇਡ ਰਹੀ ਹੈ। ਆਪਣੇ ਆਗੂ ਦੇ ਸਿੱਖਾਂ ਬਾਰੇ ਬਿਆਨ ਤੋਂ ਪ੍ਰੇਸ਼ਾਨ ਹੋ ਕੇ ਬਾਬਾ ਬਾਲਕ ਨਾਥ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ-ਕਦੇ-ਕਦੇ ਅਣਜਾਣੇ ਵਿਚ ਪਾਪ ਹੋ ਜਾਂਦਾ ਹੈ। ਮੈਂ ਗੁਰੂ ਗੋਬਿੰਦ ਸਿੰਘ ਜੀ ਤੋਂ ਖਿਮਾ ਮੰਗਦਾ ਹਾਂ। ਮੈਂ ਸੰਦੀਪ ਦਾਇਮਾ ਨੂੰ ਕਹਾਂਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦਵਾਰ ਜਾਵੇ ਤੇ ਕੋਈ ਧਰਮ ਪੁੰਨ ਦਾ ਕੰਮ ਕਰੇ ਤਾਂ ਜੋ ਦੋਸ਼-ਮੁਕਤ ਹੋ ਸਕੇ। ਸਿੱਖਾਂ ਨੇ ਹਮੇਸ਼ਾ ਸਨਾਤਨ ਧਰਮ ਤੇ ਸੰਸ�ਿਤੀ ਦੀ ਰਾਖੀ ਕੀਤੀ ਹੈ। ਆਸ ਕਰਦਾ ਹਾਂ ਕਿ ਜੇ ਕਿਸੇ ਨੇ ਕੋਈ ਗਲਤੀ ਕੀਤੀ ਹੈ ਤਾਂ ਉਸ ਨੂੰ ਬੱਚਾ ਜਾਣ ਕੇ ਮੁਆਫ ਕਰ ਦੇਣਗੇ। ਹਲਕੇ ਵਿਚ ਕਰੀਬ ਪੰਜ ਹਜ਼ਾਰ ਸਿੱਖ ਰਹਿੰਦੇ ਹਨ। ਦਾਇਮਾ ਦੀ ਤਕਰੀਰ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਦਾਇਮਾ ਦੇ ਪੁਤਲੇ ਸਾੜੇ ਤੇ ਬਾਬਾ ਬਾਲਕ ਨਾਥ ਅਤੇ ਯੋਗੀ ਆਦਿੱਤਿਆ ਨਾਥ ਖਿਲਾਫ ਨਾਅਰੇਬਾਜ਼ੀ ਕੀਤੀ। ਦਾਇਮਾ ਨੇ ਵੀਰਵਾਰ ਸਿੱਖਾਂ ਤੋਂ ਮੁਆਫੀ ਮੰਗਣ ਦੀ ਵੀਡੀਓ ਜਾਰੀ ਕੀਤੀ, ਪਰ ਉਸੇ ਸਮੇਂ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ, ਜਿਨ੍ਹਾਂ ਦੀ ਹਲਕੇ ਵਿਚ ਚੋਖੀ ਆਬਾਦੀ ਹੈ।
ਦਾਇਮਾ ਨੇ ਕਿਹਾ-ਮਸਜਿਦ-ਮਦਰੱਸੇ ਦੀ ਥਾਂ ਮੈਂ ਗਲਤੀ ਨਾਲ ਗੁਰਦਵਾਰਾ ਸਾਹਿਬ ਬਾਰੇ ਕੁਝ ਸ਼ਬਦ ਬੋਲ ਗਿਆ। ਮੈਂ ਹੱਥ ਜੋੜ ਕੇ ਸਿੱਖਾਂ ਤੋਂ ਮੁਆਫੀ ਮੰਗਦਾ ਹਾਂ, ਜਿਨ੍ਹਾਂ ਨੇ ਹਮੇਸ਼ਾ ਹਿੰਦੂਤਵ ਤੇ ਸਨਾਤਨ ਧਰਮ ਦੀ ਰਾਖੀ ਕੀਤੀ। ਮੈਨੂੰ ਪਤਾ ਨਹੀਂ, ਮੈਂ ਗਲਤੀ ਕਿਵੇਂ ਕਰ ਲਈ। ਮੈਂ ਗੁਰਦਵਾਰੇ ਜਾ ਕੇ ਪਸ਼ਚਾਤਾਪ ਕਰਾਂਗਾ। ਮੈਂ ਸਾਰੇ ਸਿੱਖ ਭਾਈਚਾਰੇ ਤੋਂ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ। ਸਤਿ ਸ੍ਰੀ ਅਕਾਲ।
ਸ਼ੁੱਕਰਵਾਰ ਦਾਇਮਾ ਨੇ ਗੁਰਦਵਾਰੇ ਵਿਚ ਪਸ਼ਚਾਤਾਪ ਕਰਨ ਦੀ ਵੀਡੀਓ ਪੋਸਟ ਕੀਤੀ।
ਤਿਜਾਰਾ ਹਲਕੇ ਦੇ ਰਿਟਰਨਿੰਗ ਅਫਸਰ ਅਨੂਪ ਸਿੰਘ ਨੇ ਦੱਸਿਆ ਕਿ ਦਾਇਮਾ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦਾ ਨੋਟਿਸ ਕੱਢ ਦਿੱਤਾ ਗਿਆ ਹੈ। ਗੁੱਜਰ ਭਾਈਚਾਰੇ ਵਿੱਚੋਂ ਆਉਦਾ ਦਾਇਮਾ, ਜਿਹੜਾ ਭਿਵਾੜੀ ਨਗਰ ਕੌਂਸਲ ਦਾ ਚੇਅਰਮੈਨ ਰਹਿ ਚੁੱਕਾ ਹੈ, ਤਿਜਾਰਾ ਹਲਕੇ ਵਿਚ 2018 ਦੀਆਂ ਅਸੰਬਲੀ ਚੋਣਾਂ ਵਿਚ ਤੀਜੇ ਨੰਬਰ ’ਤੇ ਰਿਹਾ ਸੀ। ਜਿੱਤਣ ਵਾਲਾ ਬਸਪਾ ਉਮੀਦਵਾਰ ਸੰਦੀਪ ਯਾਦਵ ਬਾਅਦ ਵਿਚ ਕਾਂਗਰਸ ਵਿਚ ਸ਼ਾਮਲ ਹੋ ਗਿਆ ਸੀ।
ਦੋਸ਼ ਲਾਇਆ ਜਾ ਰਿਹਾ ਹੈ ਕਿ ਹਰਿਆਣਾ-ਰਾਜਸਥਾਨ ਦੀ ਹੱਦ ’ਤੇ ਪੈਂਦੀ ਮਿਓ ਪੱਟੀ ’ਚ ਆਉਦੇ ਤਿਜਾਰਾ ਹਲਕੇ ਵਿਚ ਭਾਜਪਾ ਫਿਰਕੂ ਧਰੁਵੀਕਰਨ ਕਰਕੇ ਜਿੱਤਣਾ ਚਾਹੁੰਦੀ ਹੈ। ਹਲਕੇ ਵਿਚ ਕਰੀਬ 70 ਹਜ਼ਾਰ ਮੁਸਲਮ ਹਨ। ਜਿਸ ਰੈਲੀ ਵਿਚ ਦਾਇਮਾ ਨੇ ਵਿਵਾਦ ਭਰੀ ਤਕਰੀਰ ਕੀਤੀ, ਉਸੇ ਰੈਲੀ ਵਿਚ ਯੋਗੀ ਆਦਿੱਤਿਆ ਨਾਥ ਨੇ ਕਾਂਗਰਸ ਨੂੰ ਤਾਲਿਬਾਨੀ ਮਾਨਸਿਕਤਾ ਵਾਲੀ ਤੇ ਕਾਂਗਰਸ ਸਰਕਾਰ ਨੂੰ ਹਿੰਦੂ ਵਿਰੋਧੀ ਦੱਸਿਆ। ਉਨ੍ਹਾ ਕਿਹਾ ਕਿ ਤਾਲਿਬਾਨ ਦਾ ਇਲਾਜ ਬਜਰੰਗ ਬਲੀ ਦੀ ਗਦਾ ਹੈ। ਤੁਸੀਂ ਦੇਖ ਸਕਦੇ ਹੋ ਕਿ ਇਜ਼ਰਾਈਲ ਕਿਵੇਂ ਗਾਜ਼ਾ ਵਿਚ ਤਾਲਿਬਾਨੀ ਮਾਨਸਿਕਤਾ ਨੂੰ ਕੁਚਲ ਰਿਹਾ ਹੈ।
ਕਾਂਗਰਸ ਨੇ ਹਲਕੇ ਵਿਚ ਇਮਰਾਨ ਖਾਨ ਨੂੰ ਉਮੀਦਵਾਰ ਬਣਾਇਆ ਹੈ, ਜਿਹੜਾ ਕੁਝ ਦਿਨ ਪਹਿਲਾਂ ਬਸਪਾ ਵਿੱਚੋਂ ਕਾਂਗਰਸ ਵਿਚ ਆਇਆ ਸੀ। ਕਾਂਗਰਸ ਸੂਤਰਾਂ ਮੁਤਾਬਕ ਖਾਨ ਦੀ ਚੰਗੀ ਭੱਲ ਹੈ। ਉਹ 2019 ਦੀਆਂ ਲੋਕ ਸਭਾ ਚੋਣਾਂ ਵਿਚ ਅਲਵਰ ਹਲਕੇ ਤੋਂ ਬਸਪਾ ਦੀ ਟਿਕਟ ’ਤੇ ਲੜਿਆ ਸੀ ਅਤੇ ਭਾਜਪਾ ਦੇ ਬਾਲਕ ਨਾਥ ਤੇ ਕਾਂਗਰਸ ਉਮੀਦਵਾਰ ਤੋਂ ਬਾਅਦ ਤੀਜੇ ਨੰਬਰ ’ਤੇ ਰਿਹਾ ਸੀ।