ਜੰਮੂ : ਅਮਰਨਾਥ ਯਾਤਰਾ ’ਤੇ ਜਾਣ ਵਾਲੇ ਯਾਤਰੀਆਂ ਲਈ ਗੁਫ਼ਾ ਤੱਕ ਜਾਣ ਵਾਲੇ ਪਹਾੜੀ ਮਾਰਗ ਨੂੰ ਚੌੜਾ ਕਰਨ ਦਾ ਕੰਮ ਕੀਤਾ ਗਿਆ। ਭਾਰਤੀ ਫੌਜ ਦੇ ਬਾਰਡਰ ਰੋਡ ਆਰਗੇਨਾਈਜ਼ੇਸ਼ਨ ਨੇ ਬੀਤੇ ਸੋਮਵਾਰ ਨੂੰ ਅਮਰਨਾਥ ਗੁਫ਼ਾ ਤੱਕ ਗੱਡੀਆਂ ਦਾ ਕਾਫ਼ਲਾ ਪਹੁੰਚਾ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਿਕ ਅਮਰਨਾਥ ਗੁਫ਼ਾ ਤੱਕ ਸੜਕ ਨੂੰ ਚੌੜਾ ਕਰਨ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਬੀ ਆਰ ਓ ਨੂੰ ਪਿਛਲੇ ਸਾਲ ਗੁਫ਼ਾ ਤੱਕ ਜਾਣ ਵਾਲੇ ਦੋਹਰੇ ਰਸਤੇ ਦਾ ਰੱਖ-ਰਖਾਅ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਬੀ ਆਰ ਓ ਦੇ ਪ੍ਰੋਜੈਕਟ ਬੀਕਨ ’ਚ ਅਮਰਨਾਥ ਯਾਤਰਾ ਮਾਰਗ ਦੀ ਬਹਾਲੀ ਅਤੇ ਸੁਧਾਰ ਦਾ ਕੰਮ ਸ਼ਾਮਲ ਹੈ। ਇਸੇ ਦੌਰਾਨ ਮਹਿਬੂਬਾ ਮੁਫ਼ਤੀ ਦੀ ਪਾਰਟੀ ਪੀ ਡੀ ਪੀ ਪ੍ਰਮੁੱਖ ਨੇ ਇਸ ਦਾ ਵਿਰੋਧ ਕਰਦੇ ਹੋਏ ਇਸ ਨੂੰ ਕੁਦਰਤ ਨਾਲ ਖਿਲਵਾੜ ਦੱਸਿਆ। ਪੀ ਡੀ ਪੀ ਬੁਲਾਰੇ ਨੇ ਕਿਹਾ ਕਿ ਇਹ ਹਿੰਦੂ ਧਰਮ ਅਤੇ ਕੁਦਰਤ ’ਚ ਆਸਥਾ ਦੇ ਪ੍ਰਤੀ ਸਭ ਤੋਂ ਵੱਡਾ ਅਪਰਾਧ ਹੈ। ਪੀ ਡੀ ਪੀ ਨੇ ਆਲੋਚਨਾ ਕਰਦੇ ਹੋਏ ਇਸ ਨੂੰ ਤਬਾਹੀ ਦੱਸਿਆ। ਉਨ੍ਹਾ ਕਿਹਾ ਕਿ ਰਾਜਨੀਤਕ ਲਾਭ ਲਈ ਧਾਰਮਿਕ ਸਥਾਨਾਂ ਨੂੰ ਪਿਕਨਿਕ ਸਪਾਟ ’ਚ ਬਦਲਣਾ ਨਿੰਦਾ ਦਾ ਵਿਸ਼ਾ ਹੈ।



