ਨਵੀਂ ਦਿੱਲੀ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਨੋਟਬੰਦੀ ਦੇ ਸੱਤ ਸਾਲ ਪੂਰੇ ਹੋਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਨਜ਼ ਕੀਤਾ। ਰਾਹੁਲ ਗਾਂਧੀ ਨੇ ਆਪਣੇ ਟਵਿਟਰ ’ਤੇ ਪੋਸਟ ਕੀਤਾ ਕਿ ਨੋਟਬੰਦੀ ਰੁਜ਼ਗਾਰ ਨੂੰ ਖ਼ਤਮ ਕਰਨ, ਅਰਥਵਿਵਸਥਾ ਨੂੰ ਤੋੜਨ ਦੀ ਇੱਕ ਸੋਚੀ-ਸਮਝੀ ਸਾਜ਼ਿਸ਼ ਸੀ। ਉਨ੍ਹਾ ਲਿਖਿਆ ਕਿ ਮਜ਼ਦੂਰਾਂ ਦੀ ਆਮਦਨੀ ਰੋਕਣ ਦੀ, ਛੋਟੇ ਵਪਾਰੀਆਂ ਨੂੰ ਖ਼ਤਮ ਕਰਨ ਦੀ, ਕਿਸਾਨਾਂ ਨੂੰ ਨੁਕਸਾਨ ਪਹੰੁਚਾਉਣ ਦੀ ਅਤੇ ਅਰਥਵਿਵਸਥਾ ਨੂੰ ਤੋੜਨ ਦੀ ਸਾਜ਼ਿਸ਼ ਸੀ। ਉਨ੍ਹਾ ਕਿਹਾ ਕਿ 99 ਫੀਸਦੀ ਆਮ ਭਾਰਤੀ ’ਤੇ ਹਮਲਾ, 1 ਫੀਸਦੀ ਪੂੰਜੀਪਤੀ ਮੋਦੀ ‘ਮਿੱਤਰਾਂ’ ਨੂੰ ਲਾਭ। ਇਹ ਇੱਕ ਹਥਿਆਰ ਸੀ, ਤੁਹਾਡੀ ਜੇਬ ਕੱਟਣ ਦਾ। ਪਰਮ ਮਿੱਤਰ ਦੀ ਝੋਲੀ ਭਰ ਕੇ ਉਸ ਨੂੰ 609 ’ਚੋਂ ਦੁਨੀਆ ਦਾ ਦੂਜਾ ਸਭ ਤੋਂ ਅਮੀਰ ਬਣਾਉਣ ਦਾ। ਜ਼ਿਕਰਯੋਗ ਹੈ ਕਿ 8 ਨਵੰਬਰ ਦਾ ਦਿਨ ਦੇਸ਼ ਦੇ ਅਰਥਚਾਰੇ ਦੇ ਇਤਿਹਾਸ ’ਚ ਖਾਸ ਦਿਨ ਵਜੋਂ ਦਰਜ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2016 ’ਚ 8 ਨਵੰਬਰ ਦੀ ਰਾਤ 8 ਵਜੇ ਦੂਰਦਰਸ਼ਨ ਰਾਹੀਂ ਰਾਸ਼ਟਰ ਨੂੰ ਸੰਬੋਧਨ ਕਰਦਿਆਂ 500 ਅਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ। ਨੋਟਬੰਦੀ ਦਾ ਇਹ ਐਲਾਨ ਉਸੇ ਦਿਨ ਅੱਧੀ ਰਾਤ ਤੋਂ ਲਾਗੂ ਹੋ ਗਿਆ। ਇਸ ਕਾਰਨ ਕੁਝ ਦਿਨਾਂ ਤੱਕ ਦੇਸ਼ ’ਚ ਹਫੜਾ-ਦਫੜੀ ਦਾ ਮਾਹੌਲ ਬਣਿਆ ਰਿਹਾ ਅਤੇ ਨੋਟ ਬਦਲਣ ਲਈ ਬੈਂਕਾਂ ਦੇ ਬਾਹਰ ਲੰਮੀਆਂ ਕਤਾਰਾਂ ਲੱਗ ਗਈਆਂ। ਬਾਅਦ ’ਚ 500 ਅਤੇ 2000 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ ਗਏ।



