ਮਹਿਲਾਵਾਂ ’ਤੇ ਵਿਵਾਦਤ ਬਿਆਨ, ਨਿਤਿਸ਼ ਨੇ ਹੱਥ ਜੋੜ ਕੇ ਮੁਆਫ਼ੀ ਮੰਗੀ

0
166

ਪਟਨਾ : ਜਨਸੰਖਿਆ ਕੰਟਰੋਲ ’ਤੇ ਮਹਿਲਾਵਾਂ ਨੂੰ ਲੈ ਕੇ ਵਿਵਾਦਿਤ ਬਿਆਨ ਦੇਣ ਲਈ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਹੱਲਾ ਹੋਣ ’ਤੇ ਸਫਾਈ ਦਿੱਤੀ। ਬੁੱਧਵਾਰ ਉਨ੍ਹਾ ਪੱਤਰਕਾਰਾਂ ਨਾਲ ਗੱਲਬਾਤ ’ਚ ਕਿਹਾ ਕਿ ਉਹ ਸਿੱਖਿਆ ਦੀ ਗੱਲ ਕਰ ਰਹੇ ਸਨ, ਪਰ ਉਨ੍ਹਾ ਦੀ ਗੱਲ ਦਾ ਗਲਤ ਮਤਲਬ ਕੱਢ ਲਿਆ ਗਿਆ। ਨਿਤਿਸ਼ ਕੁਮਾਰ ਨੇ ਇਹ ਵੀ ਕਿਹਾ ਕਿ ਜੇ ਕਿਸੇ ਨੂੰ ਮੇਰੀ ਗੱਲ ਗਲਤ ਲੱਗੀ ਹੈ ਤਾਂ ਮੈਂ ਮੁਆਫ਼ੀ ਮੰਗਦਾ ਹਾਂ। ਉਨ੍ਹਾ ਕਿਹਾ ਕਿ ਮੇਰੀ ਗੱਲ ਦਾ ਗਲਤ ਮਤਲਬ ਕੱਢ ਲਿਆ ਗਿਆ। ਮੈਂ ਤਾਂ ਮਹਿਲਾਵਾਂ ਦੀ ਪੜ੍ਹਾਈ ਅਤੇ ਉਨ੍ਹਾਂ ਨਾਲ ਆਏ ਸੁਧਾਰ ਨੂੰ ਲੈ ਕੇ ਗੱਲ ਕਰ ਰਿਹਾ ਸੀ।
ਨਿਤਿਸ਼ ਨੇ ਕਿਹਾ ਕਿ ਲੋਕ ਅਵਾ-ਤਵਾ ਬੋਲ ਰਹੇ ਹਨ। ਸਾਨੂੰ ਤਾਂ ਲੱਗਦਾ ਹੈ ਕਿ ਇਨ੍ਹਾਂ ਨੂੰ ਕਿਹਾ ਗਿਆ ਹੈ ਕਿ ਬਿਹਾਰ ’ਚ ਏਨਾ ਕੰਮ ਹੋ ਰਿਹਾ ਹੈ, ਇਸ ਦਾ ਵਿਰੋਧ ਕਰੋ, ਇਸ ਦੀ ਨਿੰਦਾ ਕਰੋ ਅਤੇ ਇਨ੍ਹਾਂ ਖਿਲਾਫ਼ ਕੰਮ ਕਰੋ। ਇਸ ਲਈ ਇਹ ਲੋਕ ਇਸ ਤਰ੍ਹਾਂ ਕਰ ਰਹੇ ਹਨ। ਉਨ੍ਹਾ ਕਿਹਾ ਕਿ ਮੇਰੇ ਮੂੰਹ ’ਚੋਂ ਜੇਕਰ ਅਸੱਭਿਅਕ ਗੱਲ ਨਿਕਲੀ ਹੈ ਤਾਂ ਮੈਂ ਫਿਰ ਤੋਂ ਮੁਆਫ਼ੀ ਮੰਗਦਾ ਹਾਂ। ਇਸ ਤੋਂ ਬਾਅਦ ਭਾਜਪਾ ਦੇ ਹੰਗਾਮੇ ਨੂੰ ਦੇਖਦੇ ਹੋਏ ਵਿਧਾਨ ਪ੍ਰੀਸ਼ਦ ਦੀ ਕਾਰਵਾਈ ਰੋਕ ਦਿੱਤੀ ਗਈ। ਅਸਲ ’ਚ ਮੰਗਲਵਾਰ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਜਨਸੰਖਿਆ ਨੂੰ ਕੰਟਰੋਲ ਕਰਨ ਲਈ ਮਹਿਲਾਵਾਂ ਵਿਚਾਲੇ ਸਿੱਖਿਆ ਦੇ ਮਹੱਤਵ ’ਤੇ ਜ਼ੋਰ ਦਿੰਦੇ ਹੋਏ ਸੂਬਾ ਵਿਧਾਨ ਸਭਾ ’ਚ ਇੱਕ ਪ੍ਰਸਤਾਵ ਰੱਖਿਆ ਕਿ ਕਿਸ ਤਰ੍ਹਾਂ ਇੱਕ ਸਿੱਖਿਅਤ ਮਹਿਲਾ ਆਪਣੇ ਪਤੀ ਨੂੰ ਸੰਬੰਧ ਬਣਾਉਣ ਤੋਂ ਰੋਕ ਸਕਦੀ ਹੈ। ਉਨ੍ਹਾ ਦੇ ਇਸ ਬਿਆਨ ’ਤੇ ਏਨਾ ਬਖੇੜਾ ਖੜਾ ਹੋ ਗਿਆ ਕਿ ਉਨ੍ਹਾ ਨੂੰ ਆਪਣੀ ਗੱਲ ਵਾਪਸ ਲੈਣੀ ਪਈ ਅਤੇ ਉਨ੍ਹਾ ਹੱਥ ਜੋੜ ਕੇ ਮੁਆਫ਼ੀ ਮੰਗੀ।

LEAVE A REPLY

Please enter your comment!
Please enter your name here