ਇੱਕੋ ਪਰਵਾਰ ਦੇ ਤਿੰਨ ਜੀਅ ਕਤਲ

0
209

ਪੱਟੀ (ਬਲਦੇਵ ਸਿੰਘ ਸੰਧੂ, ਸ਼ਮਸ਼ੇਰ ਸਿੰਘ ਯੋਧਾ)
ਬੀਤੀ ਰਾਤ ਤਹਿਸੀਲ ਪੱਟੀ ਦੇ ਪਿੰਡ ਤੁੰਗ ’ਚ ਇੱਕ ਪਰਵਾਰ ਨਾਲ ਸੰਬੰਧਤ ਤਿੰਨ ਜਣਿਆਂ ਇਕਬਾਲ ਸਿੰਘ ਪੁੱਤਰ ਗੁਰਚਰਨ ਸਿੰਘ, ਲਖਵਿੰਦਰ ਕੌਰ ਪਤਨੀ ਇਕਬਾਲ ਸਿੰਘ ਤੇ ਸੀਤਾ ਕੌਰ ਪਤਨੀ ਹਰਦੀਪ ਸਿੰਘ ਦੇ ਗਲੇ ਦਬਾ ਕੇ ਕਤਲ ਕਰ ਦਿੱਤਾ ਗਿਆ। ਪਰਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਮਿ੍ਰਤਕਾਂ ਦੇ ਬੱਚੇ ਆਸਟ੍ਰੇਲੀਆ ਵਿੱਚ ਹਨ ਤੇ ਉਹ ਇੱਕਲੇ ਹੀ ਰਹਿ ਰਹੇ ਸਨ। ਘਟਨਾ ਦੌਰਾਨ ਮਿ੍ਰਤਕਾਂ ਦੇ ਹੱਥਾਂ-ਪੈਰਾਂ ਨੂੰ ਕੱਪੜੇ ਨਾਲ ਬੰਨ੍ਹਿਆ ਗਿਆ ਅਤੇ ਮੂੰਹਾਂ ਉਪਰ ਟੇਪ ਨਾਲ ਚੇਪੀਆਂ ਲਾ ਦਿੱਤੀਆਂ ਗਈਆਂ ਸਨ। ਅਲਮਾਰੀਆਂ ਤੋੜੀਆਂ ਗਈਆਂ। ਇਸ ਦੌਰਾਨ ਸਾਮਾਨ ਵੀ ਖਿੱਲਰਿਆ ਪਿਆ ਸੀ। ਤਰਨ ਤਾਰਨ ਦੇ ਐੱਸ ਐੱਸ ਪੀ ਅਸ਼ਵਨੀ ਕਪੂਰ ਤੇ ਡੀ ਐੱਸ ਪੀ ਜਸਪਾਲ ਸਿੰਘ ਢਿੱਲੋਂ ਨੇ ਮੌਕੇ ’ਤੇ ਪਹੁੰਚ ਕਿ ਘਟਨਾ ਦਾ ਨਿਰੀਖਣ ਕੀਤਾ। ਉਹਨਾਂ ਕਿਹਾ ਕਿ ਮੁੱਢਲੇ ਤੌਰ ’ਤੇ ਇਹ ਘਟਨਾ ਲੁੱਟ-ਖੋਹ ਦੀ ਜਾਪਦੀ ਹੈ। ਪਿਛਲੇ 25 ਸਾਲਾਂ ਤੋਂ ਅਸ਼ੋਕ ਨਾਮੀ ਪਰਵਾਸੀ ਮਜ਼ਦੂਰ ਇਸ ਪਰਵਾਰ ਨਾਲ ਕੰਮ ਕਰ ਰਿਹਾ ਸੀ, ਜੋ ਇਸ ਵਕਤ ਘਰ ਵਿੱਚੋਂ ਗਾਇਬ ਸੀ, ਪਰ ਬਾਅਦ ਵਿੱਚ ਘਰ ਵਾਪਸ ਪਾਇਆ ਗਿਆ। ਪੁਲਸ ਵੱਲੋਂ ਉਸ ਨੂੰ ਜਾਂਚ ਦੇ ਘੇਰੇ ਅੰਦਰ ਲਿਆ ਕੇ ਪੁੱਛ-ਪੜਤਾਲ ਕੀਤੀ ਜਾ ਰਹੀ। ਪੁਲਸ ਵੱਲੋਂ ਪਰਚਾ ਦਰਜ ਕਰਕੇ ਜਾਂਚ ਦੀ ਕਾਰਵਾਈ ਆਰੰਭੀ ਜਾ ਰਹੀ ਹੈ। ਮਿ੍ਰਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਘਟਨਾ ਦੀ ਛਾਣਬੀਣ ਕਰਨ ਲਈ ਫੋਰੈਂਸਿਕ ਟੀਮ ਨੂੰ ਬੁਲਾਇਆ ਜਾ ਰਿਹਾ ਹੈ।

LEAVE A REPLY

Please enter your comment!
Please enter your name here