ਨਵੀਂ ਦਿੱਲੀ : ਦਿੱਲੀ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ’ਚ ਹਵਾ ਦੀ ਗੁਣਵੱਤਾ ਬੁੱਧਵਾਰ ਸਵੇਰੇ ਮੁੜ ‘ਗੰਭੀਰ’ ਸ਼੍ਰੇਣੀ ’ਚ ਦਰਜ ਕੀਤੀ ਗਈ। ਰਾਸ਼ਟਰੀ ਰਾਜਧਾਨੀ ’ਚ ਹਵਾ ਪ੍ਰਦੂਸ਼ਣ ਦਾ ਇੱਕ ਤਿਹਾਈ ਹਿੱਸਾ ਗੁਆਂਢੀ ਰਾਜਾਂ ’ਚ ਪਰਾਲੀ ਸਾੜਨ ਕਾਰਨ ਫੈਲੇ ਧੂੰਏਂ ਕਾਰਨ ਹੁੰਦਾ ਹੈ। ਦਿੱਲੀ ’ਚ ਪ੍ਰਦੂਸ਼ਣ ਕਾਰਨ ਸਕੂਲਾਂ ’ਚ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਹੁਣ ਦਿੱਲੀ ਦੇ ਸਾਰੇ ਸਕੂਲ 9 ਤੋਂ 18 ਨਵੰਬਰ ਤੱਕ ਬੰਦ ਰਹਿਣਗੇ। ਸਿੱਖਿਆ ਵਿਭਾਗ ਵੱਲੋਂ ਕਿਹਾ ਗਿਆ ਕਿ ਪ੍ਰਦੂਸ਼ਣ ਨੂੰ ਦੇਖਦੇ ਹੋਏ ਦਸੰਬਰ ਵਿੰਟਰ ਬ੍ਰੇਕ ’ਚ ਬਦਲਾਅ ਕੀਤਾ ਗਿਆ ਹੈ। ਦਿੱਲੀ ’ਚ ਪਿਛਲੇ ਇੱਕ ਹਫ਼ਤੇ ਤੋਂ ਜ਼ਿਆਦਾ ਸਮੇਂ ਤੋਂ ਏਅਰ ਕੁਆਲਿਟੀ ਬਹੁਤ ਖਰਾਬ ਹੈ। ਬੁੱਧਵਾਰ ਦਿੱਲੀ ’ਚ ਐਵਰੇਜ ਏਅਰ ਕੁਆਲਿਟੀ ਇੰਡੈਕਸ 421 ਦਰਜ ਕੀਤੀ ਗਈ। ਕਈ ਇਲਾਕਿਆਂ ’ਚ ਏ ਕਿਊ ਆਈ 450 ਤੋਂ ਉਪਰ ਹੈ। ਇਸ ਤੋਂ ਪਹਿਲਾਂ ਦਿੱਲੀ ਸਰਕਾਰ ਨੇ 10 ਨਵੰਬਰ ਤੱਕ ਸਕੂਲਾਂ ਨੂੰ ਬੰਦ ਰੱਖਣ ਜਾਂ ਆਨਲਾਈਨ ਕਲਾਸਾਂ ਚਲਾਉਣ ਦਾ ਆਦੇਸ਼ ਦਿੱਤਾ ਸੀ।





