ਨਵੀਂ ਦਿੱਲੀ : ਫਲਸਤੀਨੀ ਰਾਜਦੂਤ ਅਦਨਾਨ ਅਬੂ ਅਲਹੈਜਾ ਨੇ ਕਿਹਾ ਹੈ ਕਿ ਇਜ਼ਰਾਈਲੀ ਹਮਲੇ ਨਾਲ ਲੱਗਭੱਗ 14 ਹਜ਼ਾਰ ਲੋਕ ਮਾਰੇ ਗਏ ਹਨ। ਲੱਗਭੱਗ 11300 ਦਾ ਤਾਂ ਰਿਕਾਰਡ ਹੈ, ਜਦਕਿ ਕਰੀਬ ਤਿੰਨ ਹਜ਼ਾਰ ਇਮਾਰਤਾਂ ਦੇ ਮਲਬੇ ਹੇਠ ਹਨ। ਬਹੁਤੇ ਹਸਪਤਾਲਾਂ ਨੂੰ ਇਜ਼ਰਾਈਲੀ ਫੌਜਾਂ ਨੇ ਘੇਰਿਆ ਹੋਇਆ ਹੈ। ਡਾਕਟਰ ਅਪ੍ਰੇਸ਼ਨ ਥੀਏਟਰ ਦੀ ਥਾਂ ਫਰਸ਼ਾਂ ’ਤੇ ਅਪ੍ਰੇਸ਼ਨ ਕਰਨ ਲਈ ਮਜਬੂਰ ਹਨ। ਬਿਜਲੀ ਨਾ ਮਿਲਣ ਕਾਰਨ ਦਰਜਨਾਂ ਨਵਜੰਮੇ ਬੱਚੇ ਮਰ ਗਏ ਹਨ।
ਭਾਰਤ ਦੀ ਸਰਕਰਦਾ ਅਖਬਾਰ ‘ਇੰਡੀਅਨ ਐਕਸਪ੍ਰੈੱਸ’ ਨੇ ਜਦੋਂ ਉਨ੍ਹਾ ਤੋਂ ਪੁੱਛਿਆ ਕਿ ਇਸ ਸਥਿਤੀ ਵਿਚ ਤੁਹਾਨੂੰ ਭਾਰਤ ਤੋਂ ਕੀ ਆਸਾਂ ਹਨ ਤਾਂ ਉਨ੍ਹਾ ਕਿਹਾ-ਮੈਂ ਭਾਰਤ ਤੋਂ ਕੋਈ ਆਸ ਨਹੀਂ ਕਰਦਾ। ਮੈਂ ਅਧਿਕਾਰੀਆਂ ਨਾਲ ਕਈ ਵਾਰ ਗੱਲ ਕੀਤੀ। ਉਨ੍ਹਾਂ ਕੁਝ ਨਹੀਂ ਕੀਤਾ। ਇਸ ਕਰਕੇ ਮੈਂ ਹੁਣ ਕੋਈ ਆਸ ਨਹੀਂ ਰੱਖਦਾ। ਭਾਰਤ ਦੇ ਵਿਦੇਸ਼ ਮੰਤਰੀ ਤੇ ਰੱਖਿਆ ਮੰਤਰੀ ਨੇ ਲੰਘੇ ਸ਼ੁੱਕਰਵਾਰ ਦਿੱਲੀ ਵਿਚ ਅਮਰੀਕਾ ਦੇ ਵਿਦੇਸ਼ ਮੰਤਰੀ ਤੇ ਰੱਖਿਆ ਮੰਤਰੀ ਨਾਲ ਗੱਲ ਕੀਤੀ। ਉਨ੍ਹਾਂ ਇਜ਼ਰਾਈਲ ਦੀ ਹਮਾਇਤ ਕੀਤੀ। ਇਸ ਕਰਕੇ ਮੈਂ ਭਾਰਤ ਤੋਂ ਕੋਈ ਆਸ ਨਹੀਂ ਰੱਖਦਾ।
ਇਸੇ ਦੌਰਾਨ ਅਲ ਸ਼ਿਫਾ ਹਸਪਤਾਲ ਦੇ ਡਾਇਰੈਕਟਰ ਮੁਹੰਮਦ ਸਲੀਮੀਯਾਹ ਨੇ ਕਿਹਾ ਕਿ ਬਿਜਲੀ ਨਾ ਹੋਣ ਕਾਰਨ ਉਹ 7 ਨਵਜੰਮੇ ਬੱਚਿਆਂ ਤੇ 29 ਇੰਟੈਸਿਵ ਕੇਅਰ ਮਰੀਜ਼ਾਂ ਦੀਆਂ ਮਿ੍ਰਤਕ ਦੇਹਾਂ ਨੂੰ ਹਸਪਤਾਲ ਦੇ ਬਾਹਰ ਇੱਕੋ ਕਬਰ ਵਿਚ ਦਫਨਾਉਣ ਲਈ ਮਜਬੂਰ ਹੋਏ ਹਨ।
ਇਜ਼ਰਾਈਲ ਨੇ ਕਿਹਾ ਹੈ ਕਿ ਉਸ ਦੀ ਫੌਜ ਨੇ ਗਾਜ਼ਾ ਸ਼ਹਿਰ ਨੂੰ ਚਾਰੋਂ ਪਾਸਿਓਂ ਘੇਰ ਲਿਆ ਹੈ। ਇਸ ਦੇ ਨਾਲ ਹੀ ਇਕ ਇਜ਼ਰਾਈਲੀ ਫੌਜੀ ਨੇ ਦਾਅਵਾ ਕੀਤਾ ਹੈ ਕਿ ਫੌਜ ਨੇ ਹਮਾਸ ਦੀ ਸੰਸਦ ’ਤੇ ਕਬਜ਼ਾ ਕਰ ਲਿਆ ਹੈ। ਫੌਜ ਨੇ ਸੋਸ਼ਲ ਮੀਡੀਆ ’ਤੇ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ ’ਚ ਦੇਖਿਆ ਜਾ ਸਕਦਾ ਹੈ ਕਿ ਦੀ ਗੋਲਾਨੀ ਬਿ੍ਰਗੇਡ ਦੇ ਫੌਜੀ ਸੰਸਦ ਭਵਨ ਦੇ ਅੰਦਰ ਮੌਜੂਦ ਹਨ ਅਤੇ ਉਹ ਆਪਣੇ ਦੇਸ਼ ਦਾ ਝੰਡਾ ਲਹਿਰਾਅ ਰਹੇ ਹਨ।
ਇਜ਼ਰਾਈਲ ਦੇ ਰੱਖਿਆ ਮੰਤਰੀ ਯੋਆਵ ਗੈਲੈਂਟ ਨੇ ਕਿਹਾ ਕਿ 16 ਸਾਲਾਂ ਤੋਂ ਗਾਜ਼ਾ ਪੱਟੀ ’ਤੇ ਕੰਟਰੋਲ ਕਰਨ ਵਾਲੇ ਹਮਾਸ ਦੇ ਅੱਤਵਾਦੀ ਹੁਣ ਆਪਣਾ ਕੰਟਰੋਲ ਗੁਆ ਚੁੱਕੇ ਹਨ।



