ਚੰਡੀਗੜ੍ਹ : ਪਾਕਿਸਤਾਨੀ ਟੀਮ ਦੇ ਸਾਬਕਾ ਖਿਡਾਰੀ ਇੰਜਮਾਮ ਉਲ ਹੱਕ ਵੱਲੋਂ ਹਰਭਜਨ ਸਿੰਘ ਦੇ ਧਰਮ ਬਦਲਣ ਦੀ ਤਿਆਰੀ ਕਰਨ ਬਾਰੇ ਕੀਤੇ ਦਾਅਵੇ ਤੋਂ ਬਾਅਦ ਭਾਰਤੀ ਟੀਮ ਦੇ ਸਾਬਕਾ ਖਿਡਾਰੀ ਨੇ ਉਸ ਦੀ ਚੰਗੀ ਖਿਚਾਈ ਕੀਤੀ ਹੈ। ਪੰਜਾਬ ਤੋਂ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇੰਜਮਾਮ ਦੀ ਨਿੰਦਾ ਕੀਤੀ ਹੈ। ਦਰਅਸਲ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ’ਚ ਇੰਜਮਾਮ ਨੇ ਦਾਅਵਾ ਕੀਤਾ ਕਿ ਹਰਭਜਨ ਸਿੰਘ ਮੌਲਾਨਾ ਤਾਰਿਕ ਜ਼ਮੀਲ ਨਾਲ ਮੁਲਾਕਾਤ ਤੋਂ ਬਾਅਦ ਇਸਲਾਮ ਧਾਰਨ ਕਰਨ ਦੇ ਕਰੀਬ ਸੀ। ਪਾਕਿਸਤਾਨ ’ਚ ਖਿਡਾਰੀਆਂ ਨੇ ਨਮਾਜ਼ ਅਦਾ ਕਰਨ ਲਈ ਵੱਖਰਾ ਕਮਰਾ ਬਣਾਇਆ ਸੀ, ਜਿਥੇ ਇਰਫਾਨ ਪਠਾਨ, ਮੁਹੰਮਦ ਕੈਫ ਅਤੇ ਜ਼ਹੀਰ ਖਾਨ ਦੇ ਨਾਲ ਹੋਰ ਭਾਰਤੀ ਖਿਡਾਰੀ ਵੀ ਜਾਂਦੇ ਸਨ। ਉਹ ਨਮਾਜ਼ ਨਹੀਂ ਪੜ੍ਹਦੇ ਸਨ, ਪਰ ਮੌਲਾਨਾ ਨੂੰ ਸੁਣਦੇ ਸਨ। ਹਰਭਜਨ, ਜੋ ਮੌਲਾਨਾ ਤੋਂ ਅਣਜਾਣ ਸੀ, ਨੇ ਇੱਕ ਦਿਨ ਮੈਨੂੰ ਕਿਹਾ ਕਿ ਮੇਰਾ ਦਿਲ ਚਾਹੁੰਦਾ ਹੈ ਕਿ ਇਹ ਆਦਮੀ (ਮੌਲਾਨਾ) ਜੋ ਆਖ ਰਿਹਾ ਹੈ, ਮੈਂ ਉਸ ਦੀ ਗੱਲ ਮੰਨ ਲਵਾਂ। ਇਸ ਨੂੰ ਬਕਵਾਸ ਕਰਾਰ ਦਿੰਦਿਆਂ ਹਰਭਜਨ ਸਿੰਘ ਨੇ ਲਿਖਿਆ-ਇਹ (ਇੰਜਮਾਮ) ਕਿਹੜਾ ਨਸ਼ਾ ਪੀ ਕੇ ਗੱਲ ਕਰ ਰਿਹਾ ਹੈ? ਮੈਨੂੰ ਭਾਰਤੀ ਤੇ ਸਿੱਖ ਹੋਣ ’ਤੇ ਮਾਣ ਹੈ। ਇਹ ਬਕਵਾਸ ਬੰਦੇ ਕੁਝ ਵੀ ਕਹਿੰਦੇ ਰਹਿੰਦੇ ਹਨ।





