ਰਾਂਚੀ : ਝਾਰਖੰਡ ਦੀ ਰਾਜਧਾਨੀ ਰਾਂਚੀ ’ਚ ਬੁੱਧਵਾਰ ਸਵੇਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫਲੇ ਨੇੜੇ ਮਹਿਲਾ ਦੇ ਆਉਣ ਤੋਂ ਬਾਅਦ ਕੁਤਾਹੀ ਦੇ ਦੋਸ਼ ’ਚ ਏ ਐੱਸ ਆਈ ਤੇ ਦੋ ਸਿਪਾਹੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦੇਵਘਰ ਦੀ ਸੰਗੀਤਾ ਝਾਅ ਪ੍ਰਧਾਨ ਮੰਤਰੀ ਕੋਲ ਆਪਣੇ ਪਤੀ ਦੀ ਸ਼ਿਕਾਇਤ ਕਰਨਾ ਚਾਹੁੰਦੀ ਸੀ। ਪੁਲਸ ਨੇ ਪੁੱਛਗਿੱਛ ਕਰਨ ਤੋਂ ਬਾਅਦ ਉਸ ਨੂੰ ਛੱਡ ਦਿੱਤਾ।
ਮੋਦੀ ਰਾਜ ਭਵਨ ਤੋਂ ਜੇਲ੍ਹ ਚੌਕ ਸਥਿਤ ਬਿਰਸਾ ਮੁੰਡਾ ਮੈਮੋਰੀਅਲ ਜਾ ਰਹੇ ਸਨ। ਕਾਫਲੇ ਦੀਆਂ 3 ਗੱਡੀਆਂ ਲੰਘਣ ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ ਦੀ ਕਾਰ ਪਹੁੰਚੀ ਤਾਂ ਮਹਿਲਾ ਦੌੜ ਕੇ ਅੱਗੇ ਆ ਕੇ ਖੜ੍ਹੀ ਹੋ ਗਈ। ਇਸ ਕਾਰਨ ਕੁਝ ਸਮੇਂ ਲਈ ਸੁਰੱਖਿਆ ਮੁਲਾਜ਼ਮਾਂ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮਹਿਲਾ ਨੇ ਦੱਸਿਆ ਕਿ ਉਹ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨੂੰ ਸ਼ਿਕਾਇਤ ਕਰਨ ਦਿੱਲੀ ਵੀ ਗਈ ਸੀ। ਜਦੋਂ ਪਤਾ ਲੱਗਾ ਕਿ ਪ੍ਰਧਾਨ ਮੰਤਰੀ ਰੇਡੀਅਮ ਰੋਡ ਤੋਂ ਲੰਘਣ ਵਾਲੇ ਹਨ ਤਾਂ ਉਹ ਉੱਥੇ ਪੁੱਜ ਗਈ।


