ਬਿਜਨੌਰ : ਯੂ ਪੀ ਦੇ ਬਿਜਨੌਰ ਜ਼ਿਲ੍ਹੇ ’ਚ ਲੁਟੇਰਿਆਂ ਨੇ ਘਰ ’ਚ ਦਾਖਲ ਹੋ ਕੇ ਵਪਾਰੀ ਦੀ ਪਤਨੀ ਨਾਲ ਸਮੂਹਕ ਬਲਾਤਕਾਰ ਤੇ ਲੁੱਟਮਾਰ ਕੀਤੀ। ਵਪਾਰੀ ਮਾਂ ਅਤੇ ਦੋ ਬੱਚਿਆਂ ਨਾਲ ਡਾਕਟਰ ਕੋਲ ਗਿਆ ਹੋਇਆ ਸੀ ਕਿ ਪੰਜ ਵਿਅਕਤੀ ਘਰ ’ਚ ਦਾਖਲ ਹੋਏ ਤੇ ਉਸ ਦੀ ਪਤਨੀ ਨੂੰ ਬੰਨ੍ਹ ਕੇ ਸਮੂਹਕ ਬਲਾਤਕਾਰ ਕੀਤਾ। ਵਪਾਰੀ ਨੇ ਇਹ ਵੀ ਦੋਸ਼ ਲਾਇਆ ਕਿ ਲੁਟੇਰਿਆਂ ਨੇ ਸ਼ਰਾਬ ਪੀਤੀ ਅਤੇ ਉਸ ਦੀ ਪਤਨੀ ਨੂੰ ਸਿਗਰਟ ਨਾਲ ਸਾੜਿਆ।
ਇਸ ਤੋਂ ਇਲਾਵਾ ਉਹ ਸੋਨੇ ਦੇ ਗਹਿਣੇ, 2 ਕਿਲੋ ਚਾਂਦੀ ਦਾ ਸਾਮਾਨ, ਡੇਢ ਲੱਖ ਰੁਪਏ ਦੀ ਨਕਦੀ, ਸਕੂਟਰ ਅਤੇ ਐੱਲ ਈ ਡੀ ਟੀ ਵੀ ਵੀ ਲੈ ਗਏ।
ਪੁਲਸ ਨੇ ਪਹਿਲਾਂ ਤਾਂ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ, ਪਰ ਮਾਮਲਾ ਮੀਡੀਆ ’ਚ ਆਉਣ ਤੋਂ ਬਾਅਦ ਸ਼ਿਕਾਇਤ ਦਰਜ ਕਰ ਲਈ। ਇਸ ਤੋਂ ਇਲਾਵਾ ਵਪਾਰੀ ਨੇ ਦਾਅਵਾ ਕੀਤਾ ਕਿ ਉਸ ਨੂੰ 19 ਅਕਤੂਬਰ ਨੂੰ ਵੀ ਲੁਟੇਰਿਆਂ ਨੇ ਬੰਦੀ ਬਣਾ ਕੇ 80 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ ਸੀ।
ਸ਼ਿਕਾਇਤ ਕਰਨ ’ਤੇ ਪੁਲਸ ਨੇ ਭਰੋਸਾ ਦਿਵਾਇਆ ਸੀ ਕਿ ਲੁੱਟ-ਖੋਹ ਕਰਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਐੱਸ ਪੀ ਨੀਰਜ ਜਾਦੌਨ ਨੇ ਥਾਣੇਦਾਰ ਵਿਕਾਸ ਕੁਮਾਰ ਨੂੰ ਹਟਾ ਦਿੱਤਾ ਹੈ, ਕਿਉਂਕਿ ਉਸ ਨੇ 19 ਅਕਤੂਬਰ ਦੇ ਮਾਮਲੇ ’ਚ ਸ਼ਿਕਾਇਤ ਦਰਜ ਕਰਨ ਦੀ ਬਜਾਏ ਵਪਾਰੀਆਂ ਨੂੰ ਸਿਰਫ ਭਰੋਸਾ ਦਿੱਤਾ ਸੀ। ਪੁਲਸ ਵੱਲੋਂ ਹੁਣ ਲੁੱਟ-ਖੋਹ ਤੇ ਬਲਾਤਕਾਰ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।


