ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾ ਕਾਨਫਰੰਸ ਸ਼ਹੀਦ ਕਾਮਰੇਡ ਅਮੋਲਕ ਸਿੰਘ ਔਲਖ ਨੂੰ ਸਮਰਪਤ

0
266

ਫਰੀਦਕੋਟ (ਐਲਿਗਜੈਂਡਰ ਡਿਸੂਜਾ)
ਪੰਜਾਬ ਖੇਤ ਮਜ਼ਦੂਰ ਸਭਾ ਦੀ ਫਰੀਦਕੋਟ ਵਿਖੇ 25-26 ਨਵੰਬਰ ਨੂੰ ਹੋ ਰਹੀ 33ਵੀਂ ਸੂਬਾਈ ਕਾਨਫਰੰਸ ਸ਼ਹੀਦ ਕਾਮਰੇਡ ਅਮੋਲਕ ਸਿੰਘ ਔਲਖ ਦੀ ਯਾਦ ਨੂੰ ਸਮਰਪਿਤ ਕੀਤੀ ਜਾਵੇਗੀ, ਜਿਸ ਵਿੱਚ ਪੇਂਡੂ ਅਤੇ ਖੇਤ ਮਜ਼ਦੂਰਾਂ ਦੇ ਹੱਕਾਂ ਲਈ ਨਵੇਂ ਸੰਘਰਸ਼ਾਂ ਦਾ ਮੁੱਢ ਬੰਨ੍ਹਿਆ ਜਾਵੇਗਾ। ਇਹ ਸ਼ਬਦ ਵੀਰਵਾਰ ਸਥਾਨਕ ਸ਼ਹੀਦ ਅਮੋਲਕ ਭਵਨ ਵਿੱਚ ਪੰਜਾਬ ਖੇਤ ਮਜ਼ਦੂਰ ਸਭਾ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੀ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਕਹੇ। ਉਨ੍ਹਾ ਦੱਸਿਆ ਕਿ ਇਸ ਕਾਨਫਰੰਸ ਦੀ ਅਹਿਮੀਅਤ ਨੂੰ ਵੇਖਦੇ ਹੋਏ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਜਨਰਲ ਸਕੱਤਰ ਡੀ ਰਾਜਾ ਅਤੇ ਸੂਬਾਈ ਆਗੂ ਬੰਤ ਸਿੰਘ ਬਰਾੜ ਅਤੇ ਨਿਰਮਲ ਸਿੰਘ ਧਾਲੀਵਾਲ ਸਮੇਤ ਹੋਰ ਆਗੂ ਵੀ ਇਸ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਫਰੀਦਕੋਟ ਪਹੁੰਚ ਰਹੇ ਹਨ। ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਗੁਲਜ਼ਾਰ ਗੋਰੀਆ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਮੰਗ ਕੀਤੀ ਜਾਵੇਗੀ ਕਿ ਮਨਰੇਗਾ ਸਕੀਮ ਤਹਿਤ ਮਿਲਣ ਵਾਲੀ ਦਿਹਾੜੀ 700 ਰੁਪਏ ਕੀਤੀ ਜਾਵੇ ਅਤੇ ਸਾਲ ਵਿੱਚ 200 ਦਿਨ ਕੰਮ ਦਿੱਤਾ ਜਾਵੇ। ਜਥੇਬੰਦੀ ਦੀ ਸੂਬਾ ਜਨਰਲ ਸਕੱਤਰ ਦੇਵੀ ਕੁਮਾਰੀ ਨੇ ਦੱਸਿਆ ਕਿ ਕਾਨਫਰੰਸ ਵਿੱਚ ਬੇਘਰਿਆਂ ਲਈ ਘਰ ਬਣਾਉਣ ਲਈ 10 ਮਰਲੇ ਦੇ ਪਲਾਟ ਦੇਣ, ਖੇਤ ਮਜ਼ਦੂਰਾਂ ਦੇ ਕਰਜ਼ੇ ਮੁਆਫ ਕਰਨ ਅਤੇ ਸਮਾਜਿਕ ਜਬਰ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਵੀ ਉਭਾਰਿਆ ਜਾਵੇਗਾ। ਮੀਟਿੰਗ ਨੂੰ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਅਸ਼ੋਕ ਕੌਸ਼ਲ, ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਮਾਨੀਵਾਲਾ, ਜਗਤਾਰ ਸਿੰਘ ਭਾਣਾ ਅਤੇ ਦਰਸ਼ਨ ਸਿੰਘ ਜਿਊਣਵਾਲਾ ਨੇ ਵੀ ਸੰਬੋਧਨ ਕਰਦੇ ਹੋਏ ਕਾਨਫਰੰਸ ਦੀ ਸਫਲਤਾ ਲਈ ਇਲਾਕਾ ਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਆਗੂਆਂ ਨੇ ਦੱਸਿਆ ਕਿ ਕਾਨਫਰੰਸ ਦੇ ਪਹਿਲੇ ਦਿਨ 25 ਨਵੰਬਰ ਨੂੰ ਫਰੀਦਕੋਟ ਦੇ ਅਮਰ ਪੈਲੇਸ ਵਿਖੇ 11:00 ਵਜੇ ਖੁੱਲ੍ਹੀ ਪਬਲਿਕ ਰੈਲੀ ਕੀਤੀ ਜਾਵੇਗੀ। ਇਸ ਮੌਕੇ ਪੰਜਾਬ ਇਸਤਰੀ ਸਭਾ ਦੀਆਂ ਪ੍ਰਮੁੱਖ ਆਗੂਆਂ ਸ਼ਸ਼ੀ ਸ਼ਰਮਾ, ਮਨਜੀਤ ਕੌਰ, ਸ਼ੀਲਾ ਮਨਚੰਦਾ ਤੇ ਜੋਤੀ ਬਾਲਾ ਨੇ ਵੀ ਵੱਧ ਤੋਂ ਵੱਧ ਭੈਣਾਂ ਨੂੰ ਰੈਲੀ ਵਿੱਚ ਸ਼ਾਮਲ ਕਰਵਾਉਣ ਦਾ ਐਲਾਨ ਕੀਤਾ। ਇਸ ਮੌਕੇ ਕਿਸਾਨ ਆਗੂ ਸੁਖਜਿੰਦਰ ਸਿੰਘ ਤੂੰਬੜਭੰਨ, ਪੈਨਸ਼ਨਰ ਆਗੂ ਕੁਲਵੰਤ ਸਿੰਘ ਚਾਨੀ, ਗੁਰਦੀਪ ਭੋਲਾ ਪੀ ਆਰ ਟੀ ਸੀ, ਗੁਰਚਰਨ ਸਿੰਘ ਮਾਨ, ਵੀਰ ਸਿੰਘ ਕੰਮੇਆਣਾ, ਚਰਨਜੀਤ ਸਿੰਘ ਚੰਬੇਲੀ, ਜਗਤਾਰ ਸਿੰਘ ਰਾਜੋਵਾਲਾ, ਲਖਵਿੰਦਰ ਸਿੰਘ ਕਾਬਲਵਾਲਾ, ਮੁਖਤਿਆਰ ਸਿੰਘ ਭਾਣਾ ਆਦਿ ਆਗੂਆਂ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ। ਇੱਕ ਵਿਸ਼ੇਸ਼ ਮਤੇ ਰਾਹੀਂ ਗਦਰ ਲਹਿਰ ਦੇ ਮਹਾਨ ਸੂਰਬੀਰਾਂ-ਕਰਤਾਰ ਸਿੰਘ ਸਰਾਭਾ ਸਮੇਤ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਗਾਜ਼ਾ ਪੱਟੀ ਵਿੱਚ ਇਜ਼ਰਾਈਲੀ ਜੰਗਬਾਜ਼ਾਂ ਦੇ ਜ਼ੁਲਮਾਂ ਦੀ ਸਖ਼ਤ ਨਿੰਦਾ ਕਰਦੇ ਹੋਏ ਤੁਰੰਤ ਜੰਗ ਰੋਕਣ ਅਤੇ ਰਾਹਤ ਕੰਮ ਸ਼ੁਰੂ ਕਰਨ ਦੀ ਮੰਗ ਕੀਤੀ।

LEAVE A REPLY

Please enter your comment!
Please enter your name here