ਨੂਹ ‘ਚ ਆਗੂਆਂ ਨੇ ਸਥਿਤੀ ਵਿਗੜਨੋਂ ਬਚਾਈ
ਗੁਰੂਗਰਾਮ : ਹਰਿਆਣਾ ਦੇ ਨੂਹ ਕਸਬੇ ਦੇ ਪਾਂਡੂ ਰਾਮ ਚੌਕ ਇਲਾਕੇ ‘ਚ ਵੀਰਵਾਰ ਰਾਤ ਬੱਚਿਆਂ ਵੱਲੋਂ ਕਥਿਤ ਪਥਰਾਅ ਕਾਰਨ ਤਨਾਅ ਪੈਦਾ ਹੋ ਗਿਆ | ਰੋਸ ਵਜੋਂ ਸ਼ੁੱਕਰਵਾਰ ਸਵੇਰੇ ਦੁਕਾਨਦਾਰਾਂ ਨੇ ਦੁਕਾਨਾਂ ਨਹੀਂ ਖੋਲ੍ਹੀਆਂ | ਵਿਧਾਇਕ ਆਫਤਾਬ ਅਹਿਮਦ, ਭਾਜਪਾ ਦੇ ਸਾਬਕਾ ਵਿਧਾਇਕ ਚੌਧਰੀ ਜ਼ਾਕਿਰ ਹੁਸੈਨ, ਜ਼ਿਲ੍ਹਾ ਭਾਜਪਾ ਪ੍ਰਧਾਨ ਨਰਿੰਦਰ ਪਟੇਲ ਤੇ ਕਈ ਹੋਰ ਆਗੂਆਂ ਤੇ ਅਫਸਰਾਂ ਨੇ ਨਵੀਂ ਧਰਮਸ਼ਾਲਾ ਵਿਚ ਦੁਕਾਨਦਾਰਾਂ ਨਾਲ ਮੀਟਿੰਗ ਕਰਕੇ ਆਪਸੀ ਸਹਿਮਤੀ ਨਾਲ ਬਾਜ਼ਾਰ ਖੁਲ੍ਹਵਾਇਆ | ਪੁਲਸ ਨੇ ਦੱਸਿਆ ਕਿ ਰਾਤੀਂ ਕਰੀਬ 8 ਵਜੇ ਰਾਮ ਅਵਤਾਰ ਆਪਣੇ ਪਰਿਵਾਰ ਤੇ 70-80 ਮਹਿਲਾਵਾਂ ਨਾਲ ਨੇੜਲੇ ਕੈਲਾਸ਼ ਮੰਦਰ ਵਿਚ ਕੂਆਂ ਪੂਜਨ ਕਰਨ ਜਾ ਰਿਹਾ ਸੀ | ਜਦੋਂ ਉਹ ਮਦਰੱਸੇ ਕੋਲੋਂ ਲੰਘੇ ਤਾਂ ਬੱਚਿਆਂ ਨੇ ਉਨ੍ਹਾਂ ‘ਤੇ ਪਥਰਾਅ ਕਰ ਦਿੱਤਾ | ਤਿੰਨ ਮਹਿਲਾਵਾਂ ਜ਼ਖਮੀ ਹੋ ਗਈਆਂ | ਨੂਹ ਪੁਲਸ ਦੇ ਲੋਕ ਸੰਪਰਕ ਅਧਿਕਾਰੀ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਮਦਰੱਸਾ ਸਟਾਫ ਨੇ ਮੰਨਿਆ ਕਿ ਬੱਚਿਆਂ ਨੇ ਗਲਤੀ ਕੀਤੀ | ਉਹ ਰੋੜਿਆਂ ਤੇ ਚੱਪਲਾਂ ਨਾਲ ਖੇਡ ਰਹੇ ਸਨ | ਜੁੱਤੀ ਤੇ ਰੋੜੇ ਲੰਘ ਰਹੇ ਲੋਕਾਂ ‘ਤੇ ਡਿੱਗ ਗਏ | ਮੌਲਵੀ ਜ਼ਾਹਿਦ ਹੁਸੈਨ ਨੇ ਕਿਹਾ ਕਿ ਉਹ ਇਸ ਲਈ ਕਈ ਵਾਰ ਮੁਆਫੀ ਮੰਗ ਚੁੱਕੇ ਹਨ | ਉਹ ਭਾਈਚਾਰਾ ਖਰਾਬ ਨਹੀਂ ਹੋਣ ਦੇਣਾ ਚਾਹੁੰਦੇ | ਜੇ ਮੁਆਫੀ ਕਬੂਲ ਨਹੀਂ ਤਾਂ ਉਹ ਬੱਚਿਆਂ ਨੂੰ ਪੁਲਸ ਹਵਾਲੇ ਕਰਨ ਲਈ ਤਿਆਰ ਹਨ | ਪਰ ਸ਼ੋਭਾ ਯਾਤਰਾ ਕੱਢ ਰਹੇ ਲੋਕਾਂ ਨੇ ਦੋਸ਼ ਲਾਇਆ ਕਿ ਉਨ੍ਹਾਂ ‘ਤੇ ਪਥਰਾਅ ਕੀਤਾ ਗਿਆ | ਉਨ੍ਹਾਂ ਦੇ ਕਹਿਣ ‘ਤੇ ਪੁਲਸ ਨੇ ਐੱਫ ਆਈ ਆਰ ਦਰਜ ਕਰਕੇ ਤਿੰਨ ਬੱਚਿਆਂ ਨੂੰ ਹਿਰਾਸਤ ‘ਚ ਲੈ ਲਿਆ ਹੈ | ਨੂਹ ਵਿਚ 31 ਜੁਲਾਈ ਨੂੰ ਹੋਈ ਫਿਰਕੂ ਹਿੰਸਾ ‘ਚ ਦੋ ਹੋਮਗਾਰਡਾਂ ਸਣੇ 6 ਵਿਅਕਤੀ ਮਾਰੇ ਗਏ ਸਨ | ਉਦੋਂ ਬਿ੍ਜਮੰਡਲ ਜਲਾਭਿਸ਼ੇਕ ਯਾਤਰਾ ‘ਤੇ ਪਥਰਾਅ ਹੋਇਆ ਸੀ |