ਨਵੀਂ ਦਿੱਲੀ : ਵਿਸ਼ਵ ਸਿਹਤ ਸੰਗਠਨ (ਡਬਲਿਊ ਐੱਚ ਓ) ਅਤੇ ਅਮਰੀਕੀ ਰੋਕ ਕੰਟਰੋਲ ਰੋਕਥਾਮ ਕੇਂਦਰ (ਸੀ ਡੀ ਸੀ) ਦੀ ਰਿਪੋਰਟ ‘ਵਿਸ਼ਵ ਪੱਧਰ ’ਤੇ ਖਸਰਾ ਉਨਮੂਲਨ ਦੀ ਦਿਸ਼ਾ ’ਚ ਪ੍ਰਗਤੀ 2000-2022’ ਅਨੁਸਾਰ ਪਿਛਲੇ ਸਾਲ ਦੁਨੀਆ ਭਰ ’ਚ ਖਸਰੇ ਦੇ ਮਾਮਲਿਆਂ ’ਚ 18 ਫੀਸਦੀ ਦਾ ਵਾਧਾ ਹੋਇਆ ਹੈ। ਬੀਤੇ ਸਾਲ ’ਚ 2.2 ਕਰੋੜ ਬੱਚੇ ਆਪਣੀ ਪਹਿਲੀ ਅਤੇ 1.1 ਕਰੋੜ ਬੱਚੇ ਆਪਣੀ ਦੂਜੀ ਖੁਰਾਕ ਲੈਣ ਤੋਂ ਵਾਂਝੇ ਰਹਿ ਗਏ। ਉਥੇ ਹੀ ਭਾਰਤ 10 ਪ੍ਰਮੁੱਖ ਦੇਸ਼ਾਂ ’ਚ ਸ਼ਾਮਲ ਹੈ, ਜਿੱਥੇ ਉਨ੍ਹਾ ਬੱਚਿਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ, ਜਿਨ੍ਹਾ ਨੇ ਇਸ ਸੰਕਰਮਣ ਬਿਮਾਰੀ ਤੋਂ ਬਚਾਅ ਦਾ ਪਹਿਲਾ ਟੀਕਾ ਨਹੀਂ ਲਿਆ। ਪਿਛਲੇ ਸਾਲ ਭਾਰਤ ’ਚ 11 ਲੱਖ ਬੱਚੇ ਇਸ ਮਹੱਤਵਪੂਰਨ ਖੁਰਾਕ ਤੋਂ ਵਾਂਝੇ ਰਹਿ ਗਏ। ਖਸਰਾ ਆਮ ਤੌਰ ’ਤੇ ਛੋਟੇ ਬੱਚਿਆਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਕਦੀ-ਕਦੀ ਉਸ ਲਈ ਜਾਨਲੇਵਾ ਵੀ ਸਾਬਿਤ ਹੁੰਦਾ ਹੈ। ਇਸ ਦੇ ਕਾਰਨ 2021 ਤੋਂ 2022 ਤੱਕ ਹੋਣ ਵਾਲੀਆਂ ਮੌਤਾਂ ’ਚ ਵਿਸ਼ਵ ਪੱਧਰ ’ਤੇ 43 ਫੀਸਦੀ ਦਾ ਵਾਧਾ ਹੋਇਆ ਹੈ। ਹਾਲਾਂਕਿ ਕੋਰੋਨਾ ਮਹਾਂਮਾਰੀ ਦੀ ਅਸਫ਼ਲਤਾ ਤੋਂ ਬਾਅਦ ਪਿਛਲੇ ਸਾਲ ਖਸਰਾ ਟੀਕਾਕਰਨ ਕਵਰੇਜ਼ ’ਚ ਕੁਝ ਸੁਧਾਰ ਹੋਇਆ। ਉਥੇ ਹੀ ਦੁਨੀਆ ਦਾ ਕੋਈ ਵੀ ਖੇਤਰ ਖਸਰਾ ਉਨਮੂਲਨ ਲਈ ਦੋਵੇਂ ਡੋਜ਼ ਦੇ 95 ਫੀਸਦੀ ਦੇ ਟੀਚੇ ਨੂੂੰ ਪੂਰਾ ਨਹੀਂ ਕਰ ਸਕਿਆ। ਪਿਛਲੇ ਸਾਲ 37 ਦੇਸ਼ਾਂ ’ਚ ਵਿਆਪਕ ਪੱਧਰ ’ਤੇ ਖਸਰੇ ਦਾ ਪ੍ਰਕੋਪ ਫੈਲਿਆ, ਜਿਨ੍ਹਾਂ ’ਚ ਅਫਰੀਕੀ ਦੇਸ਼ ਸਨ। ਘੱਟ ਇਨਕਮ ਵਾਲੇ ਦੇਸ਼ਾਂ ’ਚ ਜਿੱਥੇ ਖਸਰੇ ਨਾਲ ਮੌਤ ਦਾ ਜੋਖਮ ਵੱਧ ਹੈ, ਜਿੱਥੇ ਟੀਕਾਕਰਨ ਦਰ ਕੇਵਲ 66 ਫੀਸਦੀ ਦੇ ਨਾਲ ਸਭ ਤੋਂ ਘੱਟ ਬਣੀ ਹੋਈ ਹੈ। 2022 ’ਚ ਖਸਰੇ ਦੇ ਟੀਕੇ ਦੀ ਪਹਿਲੀ ਖੁਰਾਕ ਲੈਣ ਤੋਂ ਵਾਂਝੇ ਰਹਿ ਗਏ ਬੱਚਿਆਂ ’ਚੋਂ ਅੱਧੇ ਤੋਂ ਵੱਧ ਸਿਰਫ਼ 10 ਦੇਸ਼ਾਂ ਅੰਗੋਲਾ, ਕਾਗੋ ਲੋਕਤੰਤਰਿਕ ਗਣਰਾਜ, ਇਥੋਪੀਆ, ਭਾਰਤ, ਇੰਡੋਨੇਸ਼ੀਆ, ਮੇਡਾਗਾਸਕਰ, ਨਾਈਜੀਰੀਆ, ਪਾਕਿਸਤਾਨ ਅਤੇ ਫਿਲਪਾਈਨਜ਼ ’ਚ ਰਹਿੰਦੇ ਹਨ।