ਜਲੰਧਰ (ਗਿਆਨ ਸੈਦਪੁਰੀ)
ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਮਜ਼ਦੂਰ ਵਰਗ ਨਾਲ ਨਿਗੂਣੀਆਂ ਜਿਹੀਆਂ ਸਹੂਲਤਾਂ ਦੇ ਨਾਂਅ ’ਤੇ ਕੀਤੇ ਜਾ ਰਹੇ ਅਹਿਸਾਨਾਂ ਨੂੰ ਇਸ ਵਰਗ ਦੇ ‘ਵਿਕਾਸ’ ਦਾ ਧੂੰਆਂਧਾਰ ਪ੍ਰਚਾਰ ਕਰਕੇ ਕੀਤੀ ਜਾਂਦੀ ਮੱਕਾਰੀ ਦਾ ਪਰਦਾ ਫਾਸ਼ ਕਰਦਿਆਂ ਅਤੇ ਇਸ ਵਰਗ ਦੀ ਲਗਾਤਾਰ ਬਦਤਰ ਹੁੰਦੀ ਜਾ ਰਹੀ ਹਾਲਤ ਨੂੰ ਬਦਲਣ ਲਈ ਸੰਘਰਸ਼ ਦੀ ਧਾਰ ਨੂੰ ਤੇਜ਼ ਕਰਕੇ ਵਿਹੜਿਆਂ ਵਿੱਚ ਚਾਨਣ ਦਾ ਛੱਟਾ ਦੇਣ ਦੇ ਹੋਕੇ ਨਾਲ ਅੱਠ ਮਜ਼ਦੂਰ ਜਥੇਬੰਦੀਆਂ ਵੱਲੋਂ ਕੀਤੀ ਖੇਤਰੀ ਕਨਵੈਨਸ਼ਨ ਸਫ਼ਲਤਾ ਨਾਲ ਨੇਪਰੇ ਚੜ੍ਹੀ।
ਸ਼ਨੀਵਾਰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਸਰਵਸਾਥੀ ਹਰਮੇਸ਼ ਮਾਲੜੀ, ਮੂਲ ਚੰਦ ਸਰਹਾਲੀ, ਹੰਸਰਾਜ ਪੱਬਵਾਂ, ਗਿਆਨ ਸੈਦਪੁਰੀ ਅਤੇ ਦਰਸ਼ਨ ਨਾਹਰ ਦੀ ਪ੍ਰਧਾਨਗੀ ਹੇਠ ਨੁਮਾਇੰਦਾ ਮਜ਼ਦੂਰ ਕਨਵੈਨਸ਼ਨ ਕਰਕੇ ਮਜ਼ਦੂਰ ਮੰਗਾਂ ’ਤੇ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ। ਮਜ਼ਦੂਰ ਆਗੂਆਂ ਨੇ ਇਸ ਮੌਕੇ ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲੈਂਦਿਆ ਕਿਹਾ ਕਿ ਪੰਜਾਬ ਸਰਕਾਰ ਨੇ ਮਜ਼ਦੂਰ ਵਰਗ ਨੂੰ ਬਿਲਕੁੱਲ ਦਰਕਿਨਾਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਵਾਅਦੇ ਯਾਦ ਕਰਾਉਣ ਲਈ ਤਿੱਖੇ ਸੰਘਰਸ਼ ਦੀ ਲੋੜ ਹੈ। ਸਾਂਝੇ ਮੋਰਚੇ ਨੇ ਐਲਾਨ ਕੀਤਾ ਕਿ 28-29 ਅਤੇ 30 ਨਵੰਬਰ ਨੂੰ ਸਾਰੇ ਵਿਧਾਇਕਾਂ ਨੂੰ ਮੰਗ ਪੱਤਰ ਦੇਣ ਤੋਂ ਬਾਅਦ 9 ਦਸੰਬਰ ਤੋਂ ਕੈਬਨਿਟ ਮੰਤਰੀ ਬਲਕਾਰ ਸਿੰਘ ਦੀ ਜਲੰਧਰ ਸਥਿਤ ਰਿਹਾਇਸ਼ ਅੱਗੇ ਦੁਆਬਾ ਜ਼ੋਨ ਦਾ ਤਿੰਨ ਦਿਨਾ ਧਰਨਾ ਲਾਇਆ ਜਾਵੇਗਾ। ਆਗੂਆਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਵਾਰ-ਵਾਰ ਮੀਟਿੰਗਾਂ ਦਾ ਸਮਾਂ ਤਹਿ ਕਰਕੇ ਮੀਟਿੰਗਾਂ ਨਾ ਕਰਨਾ ਅਤੇ ਕੈਬਨਿਟ ਸਬ-ਕਮੇਟੀ ਵੱਲੋਂ ਮੰਨੀਆਂ ਮੰਗਾਂ ’ਤੇ ਅਮਲ ਨਾ ਕਰਨਾ ਪੰਜਾਬ ਦੇ ਸਮੁੱਚੇ ਮਜ਼ਦੂਰ ਭਾਈਚਾਰੇ ਦਾ ਨਿਰਾਦਰ ਹੈ। ਉਨ੍ਹਾਂ ਕਿਹਾ ਕਿ ਇਸੇ ਕਰਕੇ ਭਰ ਸਿਆਲ ਦੀਆਂ ਠੰਢੀਆਂ ਰਾਤਾਂ ਵਿੱਚ ਵੀ ਮਜ਼ਦੂਰ ਧਰਨੇ ਲਾਉਣ ਲਈ ਮਜਬੂਰ ਹਨ।
ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਹਰਮੇਸ਼ ਮਾਲੜੀ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਦਰਸ਼ਨ ਨਾਹਰ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਗੁਰਮੇਸ਼ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਸਕੱਤਰ ਗੁਰਨਾਮ ਸਿੰਘ ਦਾਊਦ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਹਰਪਾਲ ਬਿੱਟੂ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਵੀਰ ਕੁਮਾਰ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ, ਕੁੱਲ ਹਿੰਦ ਮਜ਼ਦੂਰ ਯੂਨੀਅਨ ਦੇ ਆਗੂ ਮਹਿੰਦਰ ਰਾਮ ਫੁਗਲਾਣਾ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਨਿਰੰਜਨ ਦਾਸ ਮੇਹਲੀ ਨੇ ਸੰਬੋਧਨ ਕੀਤਾ। ਇਸ ਮੌਕੇ ਸਾਂਝੇ ਮਜ਼ਦੂਰ ਮੋਰਚੇ ਨੇ ਇਜ਼ਰਾਈਲ ਵੱਲੋਂ ਫਲਸਤੀਨੀ ਲੋਕਾਂ ਦੇ ਕੀਤੇ ਜਾ ਰਹੇ ਕਤਲੇਆਮ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦਿਆਂ 16 ਨਵੰਬਰ 1915 ਨੂੰ ਬਰਤਾਨਵੀ ਸਾਮਰਾਜ ਵੱਲੋਂ ਕਰਤਾਰ ਸਿੰਘ ਸਰਾਭਾ ਸਮੇਤ ਛੇ ਹੋਰਨਾਂ ਗਦਰੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਟੇਜ ਸਕੱਤਰ ਦੇ ਫਰਜ਼ ਬਲਦੇਵ ਸਿੰਘ ਨੂਰਪੁਰੀ ਨੇ ਬਾਖੂਬੀ ਨਿਭਾਏ।