ਮਾਲੇਰਕੋਟਲਾ : ਸੋਮਵਾਰ ਪਿੰਡ ਕਲਿਆਣ ਦੇ ਗੁਰਦੁਆਰਾ ਸਾਹਿਬ ਵਿਖੇ ਮਰਹੂਮ ਕਾਮਰੇਡ ਰਣਜੀਤ ਸਿੰਘ ਕਲਿਆਣ ਨਮਿਤ ਪਾਠ ਦੇ ਭੋਗ ਪਾਏ ਗਏ। ਅੰਤਮ ਅਰਦਾਸ ਸਮੇਂ ਸ਼ਰਧਾਂਜਲੀ ਭੇਟ ਕਰਦੇ ਹੋਏ ਭਰਪੂਰ ਸਿੰਘ ਬੂਲਾਪੁਰ ਨੇ ਕਿਹਾ ਕਿ ਰਣਜੀਤ ਸਿੰਘ ਕਲਿਆਣ ਪੰਜਾਬ ਪੱਲੇਦਾਰ ਯੂਨੀਅਨ (ਏਟਕ) ਦੀ ਜਨਰਲ ਸਕੱਤਰ ਦੇ ਤੌਰ ’ਤੇ ਅਗਵਾਈ ਕਰ ਰਿਹਾ ਸੀ। ਐੱਫ ਸੀ ਆਈ ਪੱਲੇਦਾਰ ਯੂਨੀਅਨ (ਰਜਿ:) ਪੰਜਾਬ ਦਾ ਵੀ ਜਨਰਲ ਸਕੱਤਰ ਸੀ। ਏਟਕ ਦੀ ਕੌਮੀ ਕੌਂਸਲ ਮੀਟਿੰਗ, ਜੋ ਕਿ ਤਿਰੀਪੁਰ (ਤਾਮਿਲਨਾਡੂ) ਵਿਖੇ ਹੋਈ ਸੀ, ਦੌਰਾਨ ਉਸ ਨੇ ਕੇਰਲਾ, ਤਾਮਿਲਨਾਡੂ ਤੇ ਹੋਰ ਰਾਜਾਂ ਦੇ ਪੱਲੇਦਾਰ ਆਗੂਆਂ ਨਾਲ ਵੀ ਗੱਲਬਾਤ ਕੀਤੀ, ਕਿਉਂਕਿ ਉਹਨਾਂ ਰਾਜਾਂ ਵਿੱਚ ਪੱਲੇਦਾਰਾਂ ਦੇ ਬੋਰਡ ਬਣਾਏ ਗਏ ਹਨ। ਉਥੇ ਪੱਲੇਦਾਰਾਂ ਦੇ ਬੋਰੀ ਦੇ ਰੇਟ ਵੀ ਪੰਜਾਬ ਨਾਲੋਂ ਵੱਧ ਹਨ। ਉਸ ਨੇ ਸਾਰੇ ਕਾਗਜ਼ਾਤ ਸੰਘਰਸ਼ ਕਮੇਟੀ ਸਾਹਮਣੇ ਰੱਖੇ ਸਨ। ਪੰਜਾਬ ਸਰਕਾਰ ਅੱਗੇ ਪੇਸ਼ ਕਰਕੇ ਠੇਕੇਦਾਰੀ ਸਿਸਟਮ ਬੰਦ ਕਰਕੇ ਬੋਰਡ ਬਣਾਉਣ ਦੀ ਮੰਗ ਵੀ ਜ਼ੋਰਦਾਰ ਢੰਗ ਨਾਲ ਕੀਤੀ ਗਈ ਸੀ, ਜਿਸ ’ਤੇ ਕਾਰਵਾਈ ਕਰਨ ਲਈ ਪੰਜਾਬ ਸਰਕਾਰ ਵੱਲੋਂ ਡਾਇਰੈਕਟਰ ਫੂਡ ਐਂਡ ਸਿਵਲ ਸਪਲਾਈ ਵਿਭਾਗ ਪੰਜਾਬ ਦੀ ਡਿਊਟੀ ਲਗਾ ਦਿੱਤੀ ਗਈ ਸੀ, ਜੋ ਕਿ ਕਾਰਵਾਈ ਅਧੀਨ ਹੈ।
ਰਣਜੀਤ ਸਿੰਘ ਕਲਿਆਣ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਨਿਰਮਲ ਸਿੰਘ ਧਾਲੀਵਾਲ ਜਨਰਲ ਸਕੱਤਰ ਏਟਕ ਪੰਜਾਬ ਨੇ ਕਿਹਾ ਕਿ ਕਾਮਰੇਡ ਰਣਜੀਤ ਏਟਕ ਦਾ ਨਿਧੜਕ ਆਗੂ ਸੀ। ਸਮੁੱਚੇ ਪੰਜਾਬ ਦੇ ਪੱਲੇਦਾਰਾਂ ਦੀ ਯੋਗ ਅਗਵਾਈ ਕਰ ਰਿਹਾ ਸੀ ਅਤੇ ਪੰਜਾਬ ਦੇ ਪੱਲੇਦਾਰਾਂ ਲਈ ਠੇਕੇਦਾਰੀ ਸਿਸਟਮ ਖਤਮ ਕਰਨ ਦੀ ਲੜਾਈ ਲੜ ਰਿਹਾ ਸੀ, ਪ੍ਰੰਤੂ ਉਹ 62 ਸਾਲਾਂ ਦੀ ਉਮਰ ਵਿੱਚ ਹੀ ਆਪਣੇ ਪਰਵਾਰ ਸਮੇਤ ਪੰਜਾਬ ਦੇ ਪੱਲੇਦਾਰਾਂ ਅਤੇ ਸੀ ਪੀ ਆਈ ਨੂੰ ਨਾ-ਸਹਿਣਯੋਗ ਵਿਛੋੜਾ ਦੇ ਗਿਆ, ਜੋ ਕਿ ਬਹੁਤ ਦੁੱਖਦਾਈ ਹੈ। ਉਸ ਨੇ ਪੂਰੀ ਜ਼ਿੰਮੇਵਾਰੀ ਅਤੇ ਇਮਾਨਦਾਰੀ ਨਾਲ ਪੱਲੇਦਾਰਾਂ ਦੇ ਸੰਘਰਸ਼ ਨੂੰ ਲੜਿਆ ਅਤੇ ਸਾਰੇ ਪੰਜਾਬ ਦੇ ਪੱਲੇਦਾਰਾਂ ਦੀ ਯੋਗ ਅਗਵਾਈ ਕੀਤੀ ਹੈ। ਸਾਥੀ ਕਲਿਆਣ ਏਟਕ ਪੰਜਾਬ ਦੇ ਮੀਤ ਪ੍ਰਧਾਨ ਅਤੇ ਕੌਮੀ ਕੌਂਸਲ ਦੇ ਮੈਂਬਰ ਸਨ। ਕੌਮੀ ਕੌਂਸਲ ਮੀਟਿੰਗ ਵਿੱਚ ਹੀ ਉਹ ਸਾਰੇ ਰਾਜਾਂ ਦੇ ਆਗੂਆਂ ਤੋਂ ਪੱਲੇਦਾਰਾਂ ਦੇ ਬਣੇ ਬੋਰਡਾਂ ਦੇ ਸਾਰੇ ਸਬੂਤ ਆਦਿ ਲੈ ਕੇ ਆਇਆ ਸੀ। ਉਹਨਾਂ ਦੇ ਅਧਾਰ ’ਤੇ ਹੀ ਪੰਜਾਬ ਸਰਕਾਰ ਨਾਲ ਗੱਲਬਾਤ ਸ਼ੁਰੂ ਕੀਤੀ ਗਈ ਸੀ। ਇਸ ਦੌਰਾਨ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ। ਹੁਣ ਅਗਲੀ ਜ਼ਿੰਮੇਵਾਰੀ ਪੰਜਾਬ ਪੱਲੇਦਾਰ ਯੂਨੀਅਨ (ਏਟਕ) ਦੀ ਹੈ, ਜੋ ਉਹਨਾ ਦੀ ਥਾਂ ਆਪਣਾ ਆਗੂ ਮੈਂਬਰ ਦੇਵੇਗੀ, ਪ੍ਰੰਤੂ ਉਹਨਾ ਦੀ ਘਾਟ ਜ਼ਰੂਰ ਮਹਿਸੂਸ ਹੁੰਦੀ ਰਹੇਗੀ।
ਇਸ ਮੌਕੇ ਪੱਲੇਦਾਰਾਂ ਦੇ ਆਗੂ ਅਵਤਾਰ ਸਿੰਘ, ਕਾਕਾ ਸਿੰਘ, ਕੇਵਲ ਸਿੰਘ ਸਾਬਕਾ ਐੱਮ ਪੀ, ਸੀ ਪੀ ਆਈ ਦੇ ਜ਼ਿਲ੍ਹਾ ਸੰਗਰੂਰ ਦੇ ਸਕੱਤਰ ਸੁਖਦੇਵ ਸ਼ਰਮਾ, ਸੀ ਪੀ ਆਈ ਜ਼ਿਲ੍ਹਾ ਲੁਧਿਆਣਾ ਦੇ ਸਕੱਤਰ ਡੀ ਪੀ ਮੌੜ, ਭਗਵਾਨ ਸਿੰਘ ਸੋਮਲ ਖੇੜੀ, ਵਿਯੇ ਕੁਮਾਰ, ਚਮਕੌਰ ਸਿੰਘ ਆਦਿ ਆਗੂਆਂ ਨੇ ਵੀ ਸ਼ਰਧਾਂਜਲੀ ਭੇਟ ਕਰਦੇ ਹੋਏ ਰਣਜੀਤ ਸਿੰਘ ਕਲਿਆਣ ਦੇ ਸੰਘਰਸ਼ੀ ਜੀਵਨ ਨੂੰ ਲਾਲ ਸਲਾਮ ਕਿਹਾ।