25.8 C
Jalandhar
Monday, September 16, 2024
spot_img

ਕਿਸਾਨਾਂ ਦਾ ਦਰਦ ਬਿਆਨ ਕਰਨ ਵਾਲੇ ਨੂੰ ਐਮੀ ਐਵਾਰਡ

ਨਵੀਂ ਦਿੱਲੀ : ਕਾਮੇਡੀਅਨ ਵੀਰ ਦਾਸ ਨੇ ਆਪਣੇ ਵਿਸ਼ੇਸ਼ ਸਟੈਂਡ-ਅੱਪ ਕਾਮੇਡੀ ਸ਼ੋਅ ‘ਵੀਰ ਦਾਸ : ਲੈਂਡਿੰਗ’ ਲਈ ਸਰਵੋਤਮ ਕਾਮੇਡੀ ਸੀਰੀਜ਼ ਸ਼੍ਰੇਣੀ ’ਚ ਵਕਾਰੀ ਐਮੀ ਐਵਾਰਡ ਜਿੱਤਿਆ ਹੈ। ਅਮਰੀਕਾ ਦੇ ਨਿਊਯਾਰਕ ’ਚ ਐਵਾਰਡ ਸਮਾਰੋਹ ਹੋਇਆ। ਦਾਸ ਨੂੰ ਦੂਜੀ ਵਾਰ ਐਮੀ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ ਅਤੇ ਉਸ ਨੇ ਇਸ ਸ਼੍ਰੇਣੀ ’ਚ ਪਹਿਲੀ ਵਾਰ ਪੁਰਸਕਾਰ ਜਿੱਤਿਆ। ਦਾਸ ਨੇ ਪ੍ਰਸਿੱਧ ਬਰਤਾਨਵੀ ਅੱਲ੍ਹੜਾਂ ’ਚ ਮਕਬੂਲ ਕਾਮੇਡੀ ਸ਼ੋਅ ‘ਡੈਰੀ ਗਰਲਜ਼’ ਦੇ ਤੀਜੇ ਸੀਜ਼ਨ ਨਾਲ ਟਰਾਫੀ ਸਾਂਝੀ ਕੀਤੀ। ‘ਵੀਰ ਦਾਸ : ਲੈਂਡਿੰਗ’ ਫਿਲਹਾਲ ਨੈੱਟਫਲਿਕਸ ’ਤੇ ਚੱਲ ਰਿਹਾ ਹੈ।
ਵਿਸ਼ਵ ਪੱਧਰ ’ਤੇ ਬਿਹਤਰੀਨ ਟੈਲੀਵੀਯਨ ਪੇਸ਼ਕਾਰੀ ਦਾ ਸਨਮਾਨ ਕਰਨ ਵਾਲੇ ਐਮੀ ਐਵਾਰਡ ਨੇ ਵੀਰ ਦਾਸ ਦੀ ਪ੍ਰਤਿਭਾ ਦਾ ਲੋਹਾ ਮੰਨਿਆ ਹੈ।
ਵੀਰ ਦਾਸ ਦੇ ਨਾਲ ਸ਼ੇਫਾਲੀ ਸ਼ਾਹ ਤੇ ਜਿਮ ਸਰਭ ਵਰਗੇ ਭਾਰਤੀ ਵੀ ਹੋਰਨਾਂ ਸ਼ੇ੍ਰਣੀਆਂ ਵਿਚ ਨਾਮਜ਼ਦ ਸਨ, ਪਰ ਉਹ ਸਫਲ ਨਹੀਂ ਰਹੇ। ਵੀਰ ਦਾਸ ਨੇ ਆਪਣੇ ਸ਼ੋਅ ਵਿਚ ਸਿਆਸਤ ਦੇ ਚਸ਼ਮੇ ਨਾਲ ਭਾਰਤੀ ਤੇ ਅਮਰੀਕੀ ਸੱਭਿਆਚਾਰਾਂ ਦੇ ਅੰਤਰ-ਸੰਬੰਧ ਬਾਰੇ ਗੱਲ ਕੀਤੀ ਹੈ। ਵੀਰ ਦਾਸ ਭਾਰਤ ਵਿਚ ਪੈਦਾ ਹੋਇਆ ਤੇ ਅਮਰੀਕਾ ਵਿਚ ਵੱਡਾ ਹੋਇਆ ਹੈ। ਪੁਰਸਕਾਰ ਸਮਾਰੋਹ ਤੋਂ ਇਕ ਦਿਨ ਪਹਿਲਾਂ ਵੀਰ ਦਾਸ ਨੇ ਇਕ ਕਲਿੱਪ ਪੋਸਟ ਕਰਕੇ ਕਿਹਾ ਸੀ-ਜਿਸ ਦਿਨ ਮੈਨੂੰ ਦਹਿਸ਼ਤਗਰਦ ਗਰਦਾਨਿਆ ਗਿਆ, ਉਸੇ ਦਿਨ ਮੈਨੂੰ ਕੌਮਾਂਤਰੀ ਐਮੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ। ਦੁਨੀਆ ਗੋਲ ਹੈ। ਇਸ ਲਈ ਬਸ ਧੰਨਵਾਦ ਸਹਿਤ ਕਹਿਣਾ ਚਾਹੁੰਦਾ ਹਾਂ ਕਿ ਜੇ ਉਥੇ ਕੋਈ ਵੀ ਕਦੇ ਹਨੇਰੇ ’ਚ ਹੈ ਤਾਂ ਸੂਰਜ ਦੀ ਰੌਸ਼ਨੀ ਤੱਕ ਰੁਕੇ ਅਤੇ ਜਾਨ ਲਵੇ ਕਿ ਪਿਆਰ ਉਸ ਨੂੰ ਲੱਭ ਲਵੇਗਾ ਅਤੇ ਦੁਨੀਆ ਉਸ ਨੂੰ ਮੌਕਾ ਦੇਵੇਗੀ।
ਵੀਰ ਦਾਸ ਨੇ 100 ਤੋਂ ਵੱਧ ਸਟੈਂਡ-ਅੱਪ ਕਾਮੇਡੀ ਸ਼ੋਅ ਕੀਤੇ ਹਨ। 15 ਫਿਲਮਾਂ ਵਿਚ ਵੀ ਕੰਮ ਕੀਤਾ ਹੈ। 2021 ਵਿਚ ਵਾਸ਼ਿੰਗਟਨ ਡੀ ਸੀ ਦੇ ਜੌਹਨ ਐੱਫ ਕੈਨੇਡੀ ਸੈਂਟਰ ਵਿਚ ਪੇਸ਼ ਵੀਰ ਦਾਸ ਦੇ ਮੌਨੋਲੌਗ ‘ਟੂ ਇੰਡੀਆਜ਼’ ਨਾਲ ਵੱਡਾ ਵਿਵਾਦ ਪੈਦਾ ਹੋ ਗਿਆ ਸੀ। ਉਸ ਨੇ ਭਾਰਤ ਦੇ ਦਵੰਦ ’ਤੇ ਟਿੱਪਣੀ ਕੀਤੀ ਸੀ, ਜਿਸ ਵਿਚ ਕੋਰੋਨਾ ਮਹਾਂਮਾਰੀ, ਹਵਾ ਪ੍ਰਦੂਸ਼ਣ, ਕਿਸਾਨ ਅੰਦੋਲਨ, �ਿਕਟ ਤੇ ਬਲਾਤਕਾਰ ਦੀਆਂ ਘਟਨਾਵਾਂ ਵਰਗੇ ਵਿਸ਼ੇ ਚੁੱਕੇ ਸਨ। ਭਾਰਤੀ ਲੋਕਾਂ ਦੇ ਦੋਹਰੇ ਚਰਿੱਤਰ ਦੀ ਗੱਲ ਕਰਨ ’ਤੇ ਕੁਝ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਉਸ ਨੂੰ ਭਾਰਤ ਵਿਰੋਧੀ ਦੱਸਿਆ ਸੀ। ਵੀਰ ਦਾਸ ਨੇ ਸਫਾਈ ਦਿੱਤੀ ਸੀ ਕਿ ‘ਮੈਂ ਦੋ ਭਾਰਤ ਤੋਂ ਆਉਦਾ ਹਾਂ’ ਵਿਚ ਉਸ ਦਾ ਉਦੇਸ਼ ਦੇਸ਼ ਦਾ ਅਪਮਾਨ ਕਰਨਾ ਨਹੀਂ ਸੀ। ਮੇਰਾ ਇਰਾਦਾ ਇਹ ਦੱਸਣਾ ਸੀ ਕਿ ਦੇਸ਼ ਆਪਣੇ ਅਜਿਹੇ ਮੁੱਦਿਆਂ ਦੇ ਬਾਵਜੂਦ ਮਹਾਨ ਹੈ।
ਵੀਰ ਦਾਸ ਨੇ ਕਿਹਾ ਸੀ-ਮੈਂ ਉਸ ਭਾਰਤ ਤੋਂ ਆਉਦਾ ਹਾਂ, ਜਿੱਥੇ ਅਸੀਂ ਦਿਨੇ ਔਰਤਾਂ ਦੀ ਪੂਜਾ ਕਰਦੇ ਹਾਂ ਤੇ ਰਾਤ ਨੂੰ ਗੈਂਗਰੇਪ ਕਰਦੇ ਹਾਂ। ਮੈਂ ਉਸ ਭਾਰਤ ਤੋਂ ਆਉਦਾ ਹਾਂ, ਜਿੱਥੇ ਅਸੀਂ ਸ਼ਾਕਾਹਾਰੀ ਹੋਣ ਵਿਚ ਮਾਣ ਮਹਿਸੂਸ ਕਰਦੇ ਹਾਂ ਪਰ ਕਿਸਾਨਾਂ ਨੂੰ ਕੁਚਲ ਦਿੰਦੇ ਹਾਂ, ਜਿਹੜੇ ਇਹ ਸਬਜ਼ੀਆਂ ਉਗਾਉਦੇ ਹਨ। ਮੈਂ ਉਸ ਭਾਰਤ ਤੋਂ ਆਉਦਾ ਹਾਂ, ਜਿੱਥੇ ਬੱਚੇ ਮਾਸਕ ਲਾ ਕੇ ਇਕ-ਦੂਜੇ ਨਾਲ ਹੱਥ ਮਿਲਾਉਦੇ ਹਨ ਤੇ ਮੈਂ ਉਸ ਭਾਰਤ ਤੋਂ ਆਉਦਾ ਹਾਂ ਜਿੱਥੋਂ ਦੇ ਆਗੂ ਬਿਨਾਂ ਮਾਸਕ ਲਗਾਏ ਗਲੇ ਮਿਲਦੇ ਹਨ। ਮੈਂ ਉਸ ਭਾਰਤ ਤੋਂ ਆਉਦਾ ਹਾਂ, ਜਿੱਥੇ ਹਿੰਦੂ, ਮੁਸਲਮ, ਈਸਾਈ, ਸਿੱਖ, ਪਾਰਸੀ ਤੇ ਯਹੂਦੀ ਵੀ ਹਨ ਤੇ ਜਦੋਂ ਅਸੀਂ ਸਾਰੇ ਆਸਮਾਨ ਵੱਲ ਦੇਖਦੇ ਹਾਂ ਤਾਂ ਸਾਨੂੰ ਸਾਰਿਆਂ ਨੂੰ ਇਕ ਹੀ ਚੀਜ਼ ਦਿਸਦੀ ਹੈ-ਪੈਟਰੋਲ ਦੀਆਂ ਕੀਮਤਾਂ।
ਵਿਵਾਦ ਤੋਂ ਬਾਅਦ ਵੀ ਵੀਰ ਦਾਸ ਨੇ ਕਿਹਾ ਸੀ ਕਿ ਉਹ ਜਦੋਂ ਤੱਕ ਕਾਮੇਡੀ ਕਰੇਗਾ, ਅਜਿਹੇ ਵਿਅੰਗ ਕੱਸਦਾ ਰਹੇਗਾ। ਇਸ ਦਾ ਉਸ ਨੂੰ ਖਮਿਆਜ਼ਾ ਵੀ ਭੁਗਤਣਾ ਪਿਆ ਸੀ। ਪਿਛਲੇ ਸਾਲ ਵੀਰ ਦਾਸ ਦਾ ਬੇਂਗਲੁਰੂ ਦਾ ਸ਼ੋਅ ਰੱਦ ਕਰ ਦਿੱਤਾ ਗਿਆ ਸੀ। ਇਸ ਸ਼ੋਅ ਦਾ ਕੱਟੜਪੰਥੀ ਹਿੰਦੂ ਗਰੁੱਪ ਨੇ ਵਿਰੋਧ ਕੀਤਾ ਸੀ।
ਵੀਰ ਦਾਸ ਦੇ ਨਾਲ ਸ਼ੇਫਾਲੀ ਸ਼ਾਹ ਤੇ ਜਿਮ ਸਰਭ ਵਰਗੇ ਭਾਰਤੀ ਵੀ ਹੋਰਨਾਂ ਸ਼ੇ੍ਰਣੀਆਂ ਵਿਚ ਨਾਮਜ਼ਦ ਸਨ, ਪਰ ਉਹ ਸਫਲ ਨਹੀਂ ਰਹੇ। ਨਿਰਮਾਤਾ-ਨਿਰਦੇਸ਼ਕ ਏਕਤਾ ਕਪੂਰ ਨੂੰ ਡਾਇਰੈਕਟਰੇਟ ਕੈਟੇਗਰੀ ਦਾ ਐਵਾਰਡ ਮਿਲਿਆ। ਉਸ ਨੇ ਇੰਸਟਾਗਰਾਮ ’ਤੇ ਭਾਰਤ ਵਾਸੀਆਂ ਲਈ ਸੁਨੇਹਾ ਪੋਸਟ ਕੀਤਾ-ਇੰਡੀਆ, ਮੈਂ ਤੁਹਾਡਾ ਐਮੀ ਐਵਾਰਡ ਘਰ ਲਿਆ ਰਹੀ ਹਾਂ।

Related Articles

LEAVE A REPLY

Please enter your comment!
Please enter your name here

Latest Articles