ਸੁਲਤਾਨਪੁਰ ਲੋਧੀ (ਬਲਵਿੰਦਰ ਸਿੰਘ ਧਾਲੀਵਾਲ)
ਗੁਰਪੁਰਬ ਤੋਂ ਚਾਰ ਦਿਨ ਪਹਿਲਾਂ ਵੀਰਵਾਰ ਇੱਥੇ ਗੁਰਦੁਆਰਾ ਅਕਾਲ ਬੁੰਗਾ (ਨਿਹੰਗ ਸਿੰਘਾਂ ਦੀ ਛਾਉਣੀ) ਵਿਖੇ ਗੋਲੀ ਚੱਲਣ ਕਾਰਨ ਹੋਮਗਾਰਡ ਦੀ ਮੌਤ ਹੋ ਗਈ, ਜਦ ਕਿ 4 ਪੁਲਸ ਮੁਲਾਜ਼ਮ ਤੇ ਕੁਝ ਨਿਹੰਗ ਜ਼ਖਮੀ ਹੋ ਗਏ। ਇਹ ਘਟਨਾ ਸਵੇਰੇ 5 ਵਜੇ ਦੇ ਕਰੀਬ ਵਾਪਰੀ। ਮਿ੍ਰਤਕ ਹੋਮਗਾਰਡ ਦੀ ਪਛਾਣ ਜਸਪਾਲ ਸਿੰਘ ਵਾਸੀ ਪਿੰਡ ਮਨਿਆਲਾ ਜ਼ਿਲ੍ਹਾ ਕਪੂਰਥਲਾ ਵਜੋਂ ਹੋਈ। ਬੁੱਢਾ ਦਲ ਦੇ ਦੋ ਧੜੇ ਬਣੇ ਹੋਏ ਹਨ। ਇਨ੍ਹਾਂ ’ਚ ਇਤਿਹਾਸਕ ਗੁਰਦੁਆਰਾ ਬੇਰ ਸਾਹਿਬ ਦੇ ਸਾਹਮਣੇ ਪੈਂਦੇ ਗੁਰਦੁਆਰਾ ਅਕਾਲ ਬੁੰਗਾ ’ਤੇ ਕਬਜ਼ੇ ਨੂੰ ਲੈ ਕੇ ਕਈ ਸਾਲਾਂ ਤੋਂ ਖਿੱਚੋਤਾਣ ਚੱਲਦੀ ਆ ਰਹੀ ਹੈ। ਦੋ-ਤਿੰਨ ਦਿਨ ਤੋਂ ਸੁਲਤਾਨਪੁਰ ’ਚ ਫਿਰ ਦੋਵੇਂ ਧੜੇ ਸਰਗਰਮ ਸਨ। ਝਗੜਾ ਨਾ ਹੋਵੇ, ਇਸ ਦੇ ਮੱਦੇਨਜ਼ਰ ਪੁਲਸ ਦੇ ਤਿੰਨ ਸੌ ਜਵਾਨ ਤਾਇਨਾਤ ਕੀਤੇ ਗਏ ਸਨ। ਪਤਾ ਲੱਗਾ ਹੈ ਕਿ ਦਰੱਖਤ ’ਤੇ ਪੁਜ਼ੀਸ਼ਨ ਲਈ ਬੈਠੇ ਨਿਹੰਗ ਦੀ ਗੋਲੀ ਨਾਲ ਹੌਲਦਾਰ ਦੀ ਮੌਤ ਹੋਈ।
ਗੁਰਦੁਆਰਾ ਕੁਝ ਸਾਲਾਂ ਤੋਂ ਨਿਹੰਗ ਬਲਬੀਰ ਸਿੰਘ ਦੀ ਅਗਵਾਈ ਵਾਲੇ ਬੁੱਢਾ ਦਲ ਦੇ ਕੰਟਰੋਲ ਵਿਚ ਹੈ। ਉਥੇ ਉਸ ਨੇ ਦੋ ਸੇਵਾਦਾਰ ਨਿਰਵੈਰ ਸਿੰਘ ਤੇ ਜਗਜੀਤ ਸਿੰਘ ਤਾਇਨਾਤ ਕੀਤੇ ਹੋਏ ਸਨ। 21 ਨਵੰਬਰ ਦੀ ਸਵੇਰ ਦੂਜੇ ਧੜੇ ਦੇ ਮੁਖੀ ਨਿਹੰਗ ਮਾਨ ਸਿੰਘ ਦਾ ਜੱਥਾ ਗੁਰਦੁਆਰੇ ਵਿਚ ਦਾਖਲ ਹੋਇਆ ਤੇ ਉਸ ਨੇ ਦੋਹਾਂ ਸੇਵਾਦਾਰਾਂ ਨੂੰ ਯਰਗਮਾਲ ਬਣਾ ਕੇ ਗੁਰਦੁਆਰੇ ’ਤੇ ਕਬਜ਼ਾ ਕਰ ਲਿਆ। ਨਿਹੰਗ ਮਾਨ ਸਿੰਘ ਦਾ ਜੱਥਾ ਗੁਰਦੁਆਰੇ ਦੇ ਅੰਦਰ ਹੀ ਸੀ ਤੇ ਬਲਬੀਰ ਸਿੰਘ ਦਾ ਜੱਥਾ ਬਾਹਰ ਆ ਗਿਆ ਸੀ। ਮਾਨ ਸਿੰਘ ਦੇ ਜੱਥੇ ਨੂੰ ਬਾਹਰ ਆਉਣ ਲਈ ਮਨਾਇਆ ਜਾ ਰਿਹਾ ਸੀ। ਤੜਕੇ ਸਾਢੇ ਚਾਰ ਤੋਂ ਸਾਢੇ ਛੇ ਵਜੇ ਤੱਕ ਪੁਲਸ ਤੇ ਨਿਹੰਗਾਂ ਵਿਚਾਲੇ 60 ਤੋਂ ਵੱਧ ਰੌਂਦ ਚੱਲੇ।
ਘਟਨਾ ਤੋਂ ਬਾਅਦ ਬਾਬਾ ਮਾਨ ਸਿੰਘ ਏ ਡੀ ਜੀ ਪੀ ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ, ਡਿਪਟੀ ਕਮਿਸਨਰ ਕੈਪਟਨ ਕਰਨੈਲ ਸਿੰਘ, ਰਾਜਪਾਲ ਸਿੰਘ ਸੰਧੂ ਡੀ ਆਈ ਜੀ ਤੇ ਹੋਰ ਅਧਿਕਾਰੀਆਂ ਵਿਚਾਲੇ ਲੰਮੀ ਮੀਟਿੰਗ ਹੋਈ ਅਤੇ ਨਿਹੰਗ ਸਿੰਘਾਂ ਵੱਲੋਂ ਡੇਰੇ ਨੂੰ ਖਾਲੀ ਕਰ ਦਿੱਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਅੰਦਰ ਸ੍ਰੀ ਅਖੰਡ ਪਾਠ ਸਾਹਿਬ ਦਾ ਪ੍ਰਵਾਹ ਨਿਰੰਤਰ ਚੱਲ ਰਿਹਾ ਹੈ। ਗੁਰਦੁਆਰਾ ਸਾਹਿਬ ਅੰਦਰ ਰਹਿਤ ਮਰਿਆਦਾ ਨੂੰ ਪੂਰੀ ਤਰ੍ਹਾਂ ਨਾਲ ਕਾਇਮ ਰੱਖਿਆ ਜਾਵੇਗਾ।
ਡਿਪਟੀ ਕਮਿਸਨਰ ਕੈਪਟਨ ਕਰਨੈਲ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾਂ ਦਾ ਕਬਜ਼ਾ ਹਟਾ ਕੇ ਇੱਕ ਰਸੀਵਰ ਨਿਯੁਕਤ ਕੀਤਾ ਜਾਵੇਗਾ। ਨਿਹੰਗ ਸਿੰਘਾਂ ਵੱਲੋਂ ਮਹੱਲਾ ਕੱਢਣ ਲਈ ਆਪਸੀ ਵਿਚਾਰ ਵਟਾਂਦਰਾ ਕਰਕੇ ਇਸ ਨੂੰ ਲਾਗੂ ਕੀਤਾ ਜਾਵੇਗਾ। ਉਨਾਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਆਪਣੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਪਾਵਨ ਨਗਰੀ ਦੇ ਦਰਸ਼ਨ ਦੀਦਾਰ ਕਰਨ ਅਤੇ ਪਾਵਨ ਅਸਥਾਨਾਂ ਤੇ ਨਤਮਸਤਕ ਹੋ ਕੇ ਲਾਹਾ ਪ੍ਰਾਪਤ ਕਰਨ। ਸੰਗਤਾਂ ਨੂੰ ਇਸ ਮੌਕੇ ਕਿਸੇ ਵੀ ਪ੍ਰਕਾਰ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਟਰੈਫਿਕ ਦੀ ਸਮੱਸਿਆ ਨਾਲ ਵੀ ਪ੍ਰਸ਼ਾਸਨ ਖਿਆਲ ਰੱਖੇਗਾ
ਲਾਅ ਐਂਡ ਆਰਡਰ ਦੇ ਏ ਡੀ ਜੀ ਪੀ ਗੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਜਾਂਚ ਕਰਕੇ ਕਾਇਦੇ ਕਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਹੋਮਗਾਰਡ ਦੇ ਜਵਾਨ ਜਸਪਾਲ ਸਿੰਘ (50) ਦਾ ਪਿੰਡ ਮਨਿਆਲਾ ਵਿਖੇ ਸਰਕਾਰੀ ਸਨਮਾਨ ਨਾਲ ਅੰਤਿਮ ਸਸਕਾਰ ਕੀਤਾ ਗਿਆ। ਪੰਜਾਬ ਦੇ ਸਪੈਸ਼ਲ ਡੀ ਜੀ ਪੀ ਅਰਪਿਤ ਸ਼ੁਕਲਾ, ਡੀ ਆਈ ਜੀ ਐਸ ਭੂਪਤੀ, ਡੀ ਆਈ ਜੀ ਰਾਜਪਾਲ ਸਿੰਘ ਸੰਧੂ, ਡੀ ਆਈ ਜੀ ਚਰਨਜੀਤ ਸਿੰਘ, ਆਮ ਆਦਮੀ ਪਾਰਟੀ ਦੇ ਆਗੂ ਸੱਜਣ ਸਿੰਘ ਚੀਮਾ ਅਤੇ ਹੋਰਨਾਂ ਅਧਿਕਾਰੀਆਂ ਵਲੋਂ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸਪੈਸ਼ਲ ਡੀ ਜੀ ਪੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹੀਦ ਜਸਪਾਲ ਸਿੰਘ ਦੇ ਇਕ ਪੁੱਤਰ ਨੂੰ ਪੰਜਾਬ ਪੁਲਸ ਵਿਚ ਨੌਕਰੀ ਦਿੱਤੀ ਜਾਵੇਗੀ ਅਤੇ ਦੂਸਰੇ ਨੂੰ ਵੀ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। 5 ਮੁਲਜ਼ਮਾਂ ਨੂੰ ਗਿ੍ਰਫਤਾਰ ਕੀਤਾ ਜਾ ਚੁੱਕਾ ਹੈ ਅਤੇ 3 ਹਥਿਆਰ ਬਰਾਮਦ ਕੀਤੇ ਗਏ ਹਨ। ਸ਼ਹੀਦ ਜਸਪਾਲ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਕਮਲੇਸ਼ ਤੇ ਦੋ ਪੁੱਤਰ ਗੁਰਪ੍ਰੀਤ ਤੇ ਵਿਸ਼ਾਲ ਛੱਡ ਗਏ ਹਨ।