ਅਹਿਮਦਾਬਾਦ : ਗੁਜਰਾਤ ਦੀ ਮੋਰਬੀ ਸਿਟੀ ਪੁਲਸ ਨੇ ਮਹਿਲਾ ਬਿਜ਼ਨਸਮੈਨ ਤੇ ਘੱਟੋ ਘੱਟ 6 ਹੋਰਨਾਂ ਖਿਲਾਫ ਕੇਸ ਦਰਜ ਕੀਤਾ ਹੈ ਜਿਨ੍ਹਾਂ ਨੇ ਬੁੱਧਵਾਰ 21 ਸਾਲਾ ਦਲਿਤ ਮਜ਼ਦੂਰ ਤੋਂ ਮੂੰਹ ਵਿਚ ਸੈਂਡਲ ਪੁਆ ਕੇ ਮੁਆਫੀ ਮੰਗਵਾਈ | ਮਜ਼ਦੂਰ ਦਾ ਕਸੂਰ ਇਹ ਸੀ ਕਿ ਉਸਨੇ ਕੀਤੇ ਕੰਮ ਦੇ ਪੈਸੇ ਮੰਗ ਲਏ ਸਨ |
ਪੁਲਸ ਨੇ ਨਿਲੇਸ਼ ਦਲਸਾਨੀਆ ਦੀ ਸ਼ਿਕਾਇਤ ‘ਤੇ ਮਹਿਲਾ ਬਿਜ਼ਨਸਮੈਨ ਵਿਭੂਤੀ ਪਟੇਲ ਉਰਫ ਰਾਨੀਬਾ, ਉਸਦੇ ਭਰਾ ਓਮ ਪਟੇਲ ਤੇ ਮੈਨੇਜਰ ਪ੍ਰੀਕਸ਼ਤ ਪਟੇਲ ਅਤੇ ਹੋਰਨਾਂ ਖਿਲਾਫ ਐੱਫ ਆਈ ਆਰ ਦਰਜ ਕੀਤੀ ਹੈ | ਰਾਨੀਬਾ ‘ਰਾਨੀਬਾ ਇੰਡਸਟ੍ਰੀਜ਼ ਪਾਈਵੇਟ ਲਿਮਟਿਡ’ ਦੀ ਮਾਲਕ ਹੈ | ਅਕਤੂਬਰ ਦੇ ਸ਼ੁਰੂ ਵਿਚ ਉਸਨੇ ਟਾਈਲਜ਼ ਮਾਰਕੀਟਿੰਗ ਵਿਚ ਕੰਮ ਕਰਦੇ ਨਿਲੇਸ਼ ਨੂੰ 12 ਹਜ਼ਾਰ ਰੁਪਏ ਤਨਖਾਹ ‘ਤੇ ਰੱਖਿਆ ਸੀ ਪਰ 18 ਅਕਤੂਬਰ ਨੂੰ ਕੱਢ ਦਿੱਤਾ | ਜਦੋਂ ਨਿਲੇਸ਼ ਨੇ 16 ਦਿਨਾਂ ਦੇ ਪੈਸੇ ਮੰਗੇ ਤਾਂ ਕੋਰਾ ਜਵਾਬ ਦੇ ਦਿੱਤਾ | ਨਿਲੇਸ਼ ਆਪਣੇ ਭਰਾ ਮੇਹੁਲ ਤੇ ਗਵਾਂਢੀ ਭਾਵੇਸ਼ ਨੂੰ ਲੈ ਕੇ ਬੁੱਧਵਾਰ ਸ਼ਾਮੀਂ ਰਾਨੀਬਾ ਦੇ ਦਫਤਰ ਗਿਆ ਤਾਂ ਓਮ ਪਟੇਲ ਆਪਣੇ ਸਾਥੀਆਂ ਨਾਲ ਉੱਥੇ ਪੁੱਜਾ ਤੇ ਉਨ੍ਹਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ | ਰਾਨੀਬਾ ਨੇ ਵੀ ਨਿਲੇਸ਼ ਦੇ ਥੱਪੜ ਮਾਰਿਆ ਤੇ ਉਸਨੂੰ ਖਿੱਚ ਕੇ ਦਫਤਰ ਦੇ ਟੈਰੇਸ ‘ਤੇ ਲੈ ਗਈ | ਪ੍ਰੀਕਸ਼ਤ ਪਟੇਲ, ਓਮ ਪਟੇਲ ਤੇ ਛੇ-ਸੱਤ ਹੋਰਨਾਂ ਨੇ ਉਸਨੂੰ ਬੈਲਟਾਂ ਨਾਲ ਕੁੱਟਿਆ ਤੇ ਠੁੱਡੇ ਮਾਰੇ | ਰਾਨੀਬਾ ਨੇ ਉਸਨੂੰ ਆਪਣਾ ਸੈਂਡਲ ਮੂੰਹ ਵਿਚ ਪੁਆ ਕੇ ਪੈਸੇ ਮੰਗਣ ਦੀ ਗੁਸਤਾਖੀ ਕਰਨ ਲਈ ਮੁਆਫੀ ਮੰਗਣ ਲਈ ਮਜਬੂਰ ਕੀਤਾ | ਉਸਨੇ ਇਹ ਵੀ ਕਿਹਾ ਕਿ ਜੇ ਉਹ ਰਾਵਾਪਾਰ ਕਰਾਸਰੋਡ ਇਲਾਕੇ ਵਿਚ ਦੁਬਾਰਾ ਨਜ਼ਰ ਆਇਆ ਤਾਂ ਉਸਨੂੰ ਖਤਮ ਕਰ ਦਿੱਤਾ ਜਾਵੇਗਾ | ਹਮਲਾਵਰਾਂ ਨੇ ਉਸਦੀ ਇਹ ਕਹਿੰਦਿਆਂ ਦੀ ਵੀਡੀਓ ਵੀ ਬਣਾ ਲਈ ਕਿ ਉਹ ਦਫਤਰ ਵਿਚ ਫਿਰੌਤੀ ਲੈਣ ਆਇਆ ਸੀ | ਵੀਡੀਓ ਵਿਚ ਮੁਲਜ਼ਮ ਉਸਨੂੰ ਤਨਖਾਹ ਮੰਗਣ ਦੀ ਗੁਸਤਾਖੀ ਕਰਨ ਦੀ ਮੁਆਫੀ ਮੰਗਣ ਲਈ ਮਜਬੂਰ ਕਰਦੇ ਨਜ਼ਰ ਆ ਰਹੇ ਹਨ | ਘਰ ਪਹੁੰਚਣ ‘ਤੇ ਘਰਦਿਆਂ ਨੂੰ ਨਿਲੇਸ਼ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਾਇਆ | ਉਹ ਅਜੇ ਹਸਪਤਾਲ ਵਿਚ ਹੀ ਹੈ | ਪੁਲਸ ਨੇ ਕੇਸ ਤਾਂ ਦਰਜ ਕਰ ਲਿਆ ਪਰ ਗਿ੍ਫਤਾਰੀ ਕੋਈ ਨਹੀਂ ਹੋਈ ਸੀ |



