20.9 C
Jalandhar
Friday, October 18, 2024
spot_img

ਵੱਡੀਆਂ ਪ੍ਰਾਪਤੀਆਂ ਦੇ ਬਾਵਜੂਦ ਅਜੇ ਅਸੀਂ ਚੁਣੌਤੀਆਂ ਦੇ ਦੌਰ ’ਚ : ਗੋਰੀਆ

ਸ਼ਹੀਦ ਕਾਮਰੇਡ ਅਮੋਲਕ ਸਿੰਘ ਨਗਰ ਫਰੀਦਕੋਟ/ਕੋਟਕਪੂਰਾ (ਗਿਆਨ ਸੈਦਪੁਰੀ/ਰਛਪਾਲ ਭੁੱਲਰ)
‘ਖੇਤੀ ਦੇ ਪੂੰਜੀਵਾਦੀ ਵਿਕਾਸ ਕਾਰਨ ਖੇਤ ਮਜਦੂਰ ਕੰਮ ਤੋਂ ਵਿਹਲੇ ਹੋ ਚੁੱਕੇ ਹਨ ਜਾਂ ਹੋ ਰਹੇ ਹਨ। ਇਸ ਕਾਰਨ ਪੇਂਡੂ ਖੇਤਰ ਵਿੱਚ ਬੇਚੈਨੀ ਦਾ ਆਲਮ ਹੈ। ਅਜਿਹੇ ਹਾਲਾਤ ਵਿੱਚ ਸਰਕਾਰਾਂ ਦੀ ਜੋ ਜੁੰਮੇਵਾਰੀ ਹੁੰਦੀ ਹੈ, ਉਹ ਕੋਈ ਵੀ ਸਰਕਾਰ ਨਿਭਾਅ ਨਹੀਂ ਰਹੀ। ਸੋ ਸਮਾਜ ਦੇ ਇਸ ਮਜਦੂਰ ਤਬਕੇ ਨੂੰ ਇੱਕ ਵਿਸ਼ਾਲ ਮੰਚ ’ਤੇ ਇਕੱਠੇ ਹੋ ਕੇ ਸੰਘਰਸ਼ਾਂ ਦਾ ਪਿੜ ਮੱਲਣ ਦੀ ਸਖਤ ਜਰੂਰਤ ਹੈ’। ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼ਨੀਵਾਰ ਨੂੰ ਪੰਜਾਬ ਖੇਤ ਮਜਦੂਰ ਸਭਾ ਦੇ 33ਵੇਂ ਇਜਲਾਸ ਤੋਂ ਪਹਿਲਾਂ ਹੋਈ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਭਾਰਤੀ ਖੇਤ ਮਜਦੂਰ ਯੂਨੀਅਨ ਦੇ ਕੌਮੀ ਸਕੱਤਰ ਕਾਮਰੇਡ ਗੁਲਜਾਰ ਸਿੰਘ ਗੋਰੀਆ ਨੇ ਕੀਤਾ। ਉਨ੍ਹਾ ਕਿਹਾ ਕਿ ਇਸ ਬੇਚੈਨੀ ਦੇ ਆਲਮ ਵਿੱਚ ਮਜਦੂਰ ਮਰਦ ਤਾਂ ਖੁਦਕੁਸ਼ੀਆਂ ਕਰ ਹੀ ਰਹੇ ਹਨ ਸਗੋਂ ਮਜ਼ਦੂਰ ਮਾਵਾਂ ਤੇ ਭੈਣਾਂ ਵੀ ਇਸ ਰਾਹ ਪੈਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਵੱਡੇ ਕੱਦ ਦੇ ਮਜਦੂਰ ਆਗੂਆਂ ਵੱਲੋਂ 1954 ’ਚ ਬਣਾਈ ਪੰਜਾਬ ਖੇਤ ਮਜਦੂਰ ਸਭਾ ਨੇ ਸ਼ਾਨਦਾਰ ਸੰਘਰਸ਼ਾਂ ਨਾਲ ਗਿਣਨਯੋਗ ਪ੍ਰਾਪਤੀਆਂ ਕੀਤੀਆਂ ਹਨ ਅਤੇ ਇਹ ਜਥੇਬੰਦੀ ਮਜ਼ਦੂਰ ਵਰਗ ਵਿੱਚ ਵੱਡੀ ਧਿਰ ਵਜੋਂ ਉੱਭਰ ਕੇ ਸਾਹਮਣੇ ਆਈ ਹੈ। ਕਾਮਰੇਡ ਗੋਰੀਆ ਨੇ ਕਿਹਾ ਕਿ ਵੱਡੀਆਂ ਪ੍ਰਾਪਤੀਆਂ ਦੇ ਬਾਵਜੂਦ ਅਜੇ ਅਸੀਂ ਚੁਣੌਤੀਆਂ ਦੇ ਦੌਰ ਵਿੱਚ ਹਾਂ।
ਜਦੋਂ ਤੋਂ ਮੋਦੀ ਸਰਕਾਰ ਹੋਂਦ ਵਿੱਚ ਆਈ ਹੈ, ਓਦੋਂ ਤੋਂ ਮਜ਼ਦੂਰ ਵਰਗ ਹੋਰ ਤੰਗ ਹੈ। ਆਰਥਿਕ ਪੱਖ ਤੋਂ ਬਿਨਾਂ ਸਮਾਜਕ ਵਿਤਕਰਾ ਤੇ ਅੱਤਿਆਚਾਰਾਂ ਵਿੱਚ ਵਾਧਾ ਹੋਇਆ ਹੈ। ਕੰਮ ਦੇ ਸਾਰੇ ਵਸੀਲੇ ਖਤਮ ਹੋਣ ਦੇ ਦੌਰ ਵਿੱਚ ਕਮਿਊਨਿਸਟ ਪਾਰਟੀਆਂ ਤੇ ਮਜ਼ਦੂਰ ਜਥੇਬੰਦੀਆਂ ਦੇ ਸੰਘਰਸ਼ ਨਾਲ ਮਨਰੇਗਾ ਸਕੀਮ ਹੋਂਦ ਵਿੱਚ ਆਈ ਸੀ। ਮੋਦੀ ਸਰਕਾਰ ਦੀਆਂ ਨੀਤੀਆਂ ਕਾਰਨ ਮਨਰੇਗਾ ਸਕੀਮ ਕਮਜ਼ੋਰ ਹੋ ਰਹੀ ਹੈ। ਇਸ ਸਕੀਮ ਨਾਲ ਮਜਦੂਰ ਵਰਗ ਨੇ ਕੁਝ ਰਾਹਤ ਮਹਿਸੂਸ ਕੀਤੀ ਸੀ ਪਰ ਇਸ ਸਕੀਮ ਦਾ ਬੱਜਟ ਹਰ ਸਾਲ ਘਟਾ ਦਿੱਤਾ ਜਾਂਦਾ ਹੈ।
ਪੰਜਾਬ ਸਰਕਾਰ ਦੀ ਗੱਲ ਕਰਦਿਆਂ ਕਾਮਰੇਡ ਗੋਰੀਆ ਨੇ ਕਿਹਾ ਕਿ ਮਜ਼ਦੂਰ ਵਰਗ ਦੇ ਬੁਨਿਆਦੀ ਸਵਾਲਾਂ ਤੋਂ ਵੀ ਇਹ ਸਰਕਾਰ ਬੇਮੁੱਖ ਹੈ। ਸੋ ਮਜ਼ਦੂਰ ਵਰਗ ਦੀ ਹੋਣੀ ਬਦਲਣ ਲਈ ਬੱਝਵੇਂ ਸੰਘਰਸ਼ਾਂ ਦੀ ਲੋੜ ਹੈ।
ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ 15 ਲੱਖ ਕਰੋੜ ਰੁਪਇਆ ਮੁਆਫ ਕਰਕੇ ਅਡਾਨੀ ਤੇ ਅੰਬਾਨੀਆਂ ਨਾਲ ਯਾਰੀ ਪੁਗਾਈ ਹੈ। ਇੱਥੇ ਹੀ ਬੱਸ ਨਹੀਂ ਤਿੰਨ ਕਾਲੇ ਕਨੂੰਨਾਂ ਰਾਹੀਂ ਪੰਜਾਬ ਦੀ ਉਪਜਾਊ ਜ਼ਮੀਨ ਵੀ ਉਨ੍ਹਾਂ ਦੇ ਹਵਾਲੇ ਕਰਨ ਦੀ ਨਾ-ਪਾਕ ਯੋਜਨਾ ਸੀ, ਜੋ ਇਤਿਹਾਸਕ ਕਿਸਾਨ ਅੰਦੋਲਨ ਨੇ ਸਿਰੇ ਨਹੀਂ ਚੜ੍ਹਨ ਦਿੱਤੀ। ਕਾਮਰੇਡ ਬਰਾੜ ਨੇ ਪੰਜਾਬ ਖੇਤ ਮਜ਼ਦੂਰ ਸਭਾ ਦੀ ਤਾਕਤ ਦੀ ਗੱਲ ਕਰਦਿਆਂ ਕਿਹਾ ਕਿ ਦੇਸ਼ ਦੇ 48 ਕਰੋੜ ਮਜਦੂਰਾਂ ਵਿੱਚ 25 ਕਰੋੜ ਦੀ ਗਿਣਤੀ ਖੇਤ ਮਜ਼ਦੂਰਾਂ ਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇੱਕ ਵੱਡੇ ਸਿਆਸੀ ਗੱਠਜੋੜ ਰਾਹੀ 2024 ਵਿੱਚ ਮੋਦੀ ਸਰਕਾਰ ਨੂੰ ਮੂਧੇ ਮੂੰਹ ਕਰ ਦੇਵਾਂਗੇ। ਕਾਮਰੇਡ ਬਰਾੜ ਨੇ ਪੰਜਾਬ ਸਰਕਾਰ ਦੀ ਅੱਤ ਦੀ ਮਾੜੀ ਕਾਰਜਕਾਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਰਕਾਰ ਡਰਾਮੇਬਾਜੀ ਤੋਂ ਅੱਗੇ ਨਹੀਂ ਵਧ ਸਕੀ। ਆਪਣੀ ਜ਼ੋਰਦਾਰ ਤਕਰੀਰ ਦੇ ਆਖਰ ਵਿੱਚ ਮਜ਼ਦੂਰ ਵਰਗ ਨੂੰ ਆਪਣੀ ਤਾਕਤ ਪਛਾਣ ਕੇ ਤੇ ਸੰਭਾਲ ਕੇ ਸਰਕਾਰਾਂ ਨੂੰ ਸਬਕ ਸਿਖਾਉਣ ਵਲ ਸੇਧਤ ਹੋਣ ਦਾ ਹੋਕਾ ਦਿੱਤਾ। ਸੂਬਾ ਕਾਨਫਰੰਸ ਦੇ ਇੰਚਾਰਜ ਅਤੇ ਸੀ.ਪੀ.ਆਈ. ਦੇ ਕੌਮੀ ਕੌਂਸਲ ਦੇ ਮੈਂਬਰ ਹਰਦੇਵ ਸਿੰਘ ਅਰਸ਼ੀ ਨੇ ਵਿਸ਼ਾਲ ਇਕੱਠ ਤੋਂ ਗਦਗਦ ਹੁੰਦਿਆਂ ਕਿਹਾ ਕਿ ਇਹ ਕਾਨਫਰੰਸ ਅਗਲੇਰੇ ਸੰਘਰਸ਼ਾਂ ਲਈ ਪੜੁੱਲ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਖੇਤੀ ਦੀ ਮਸ਼ੀਨੀ ਯੁੱਗ ਵਿੱਚ ਮਨਰੇਗਾ ਸਕੀਮ ਮਜਦੂਰ ਵਰਗ ਲਈ ਆਸ ਦੀ ਕਿਰਨ ਸੀ, ਪਰ ਮੋਦੀ ਸਰਕਾਰ ਵੱਲੋਂ ਉਸ ਦਾ ਵੀ ਭੋਗ ਪਾਇਆ ਜਾ ਰਿਹਾ ਹੈ। ਉਨ੍ਹਾਂ ਸਰਕਾਰਾਂ ਨੂੰ ਲਾਹਨਤਾਂ ਪਾਉਂਦਿਆਂ ਕਿਹਾ ਕਿ ਮਜ਼ਦੂਰ ਔਰਤਾਂ ਨੂੰ ਦੋ ਡੰਗ ਵਾਸਤੇ ਚੁੱਲਾ ਤਪਾਉਣਾ ਮੁਸ਼ਕਲ ਹੋਇਆ ਪਿਆ ਹੈ। ਕਾਮਰੇਡ ਅਰਸ਼ੀ ਨੇ ਰੈਲੀ ਦੀ ਸਫਲਤਾ ਲਈ ਜ਼ਿਲ੍ਹਾ ਫਰੀਦਕੋਟ ਦੇ ਪਾਰਟੀ ਤੇ ਸਭਾ ਦੇ ਸਾਥੀਆਂ ਨੂੰ ਵਧਾਈ ਦਿੰਦਿਆਂ ਤਸੱਲੀ ਦਾ ਪ੍ਰਗਟਾਵਾ ਕੀਤਾ। ਪੰਜਾਬ ਖੇਤ ਮਜ਼ਦੂਰ ਸਭਾ ਦੀ ਜਨਰਲ ਸਕੱਤਰ ਕਾਮਰੇਡ ਦੇਵੀ ਕੁਮਾਰੀ ਸਰਾਹਲੀ ਕਲਾਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਵਰਗ ਦੀ ਹਾਲਤ ਬਿਆਨ ਕਰਦਿਆਂ ਸਰਕਾਰਾਂ ਦੀ ਬੇਰੁਖੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨਿਰਾਸਤਾ ਦੇ ਆਲਮ ’ਚ ਹੈ ਅਤੇ ਨਸ਼ਿਆਂ ਦੀ ਦਲਦਲ ਵਿੱਚ ਫਸਦੀ ਜਾ ਰਹੀ ਹੈ। ਸਰਕਾਰ ਇਸ ਪ੍ਰਤੀ ਪੂਰੀ ਢੀਠਤਾਈ ਅਤੇ ਅਣਗਹਿਲੀ ਵਾਲਾ ਕਿਰਦਾਰ ਨਿਭਾਅ ਰਹੀ ਹੈ। ਪਿੰਡਾਂ ਦੀਆਂ ਸ਼ਾਮਲਾਟਾਂ ਦੀ ਡੰਮੀ ਬੋਲੀ ਕਰਵਾ ਕੇ ਮਜਦੂਰਾਂ ਨੂੰ ਜ਼ਮੀਨ ਤੋਂ ਵਾਂਝਿਆਂ ਰੱਖਿਆ ਜਾ ਰਿਹਾ ਹੈ। ਕਾਮਰੇਡ ਸਰਹਾਲੀ ਕਲਾਂ ਨੇ ਪੰਜਾਬ ਵਿੱਚ ਅੱਠ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੰਚ ਵੱਲੋਂ ਮਜ਼ਦੂਰ ਵਰਗ ਦੀ ਬਿਹਤਰੀ ਲਈ ਕੀਤੇ ਜਾ ਰਹੇ ਕਾਰਜਾਂ ਦਾ ਵੀ ਵੇਰਵਾ ਦਿੱਤਾ। ਕੇਂਦਰ ਸਰਕਾਰ ਦੇ ਮਜ਼ਦੂਰ ਵਿਰੋਧੀ ਚਿਹਰੇ ਨੂੰ ਬੇ-ਪਰਦ ਕਰਦਿਆਂ ਕਾਮਰੇਡ ਸਰਾਹਲੀ ਕਲਾਂ ਨੇ ਨੋਟਬੰਦੀ ਤੋਂ ਲੈ ਕੇ ਜੀ ਐੱਸ ਟੀ ਤੱਕ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਨੇ ਮਜਦੂਰਾਂ ਨੂੰ ਪਿੰਡ ਕਮੇਟੀਆਂ ਬਣਾ ਕੇ ਸੰਘਰਸ਼ ਦੇ ਰਾਹ ਪੈਣ ਦਾ ਸੁਨੇਹਾ ਦਿੱਤਾ। ਰੈਲੀ ਨੂੰ ਪੰਜਾਬ ਖੇਤ ਮਜ਼ਦੂਰ ਸਭਾ ਦੇ ਮੀਤ ਪ੍ਰਧਾਨ ਕਾਮਰੇਡ ਕਿ੍ਰਸ਼ਨ ਚੌਹਾਨ ਨੇ ਵੀ ਸੰਬੋਧਨ ਕੀਤਾ। ਕਾਮਰੇਡ ਗੁਰਨਾਮ ਸਿੰਘ ਨੇ ਰੈਲੀ ਵਿੱਚ ਸ਼ਾਮਲ ਹੋਣ ਵਾਲੇ ਸਭ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ।
ਇਸ ਤੋਂ ਪਹਿਲਾਂ ਉੱਘੇ ਲੋਕ ਪੱਖੀ ਗਾਇਕ ਜਗਸੀਰ ਜੀਦਾ ਨੇ ਇਨਕਲਾਬੀ ਸੰਗੀਤ ਦੀ ਛਹਿਬਰ ਲਾਈ। ਕਾਮਰੇਡ ਮੇਜਰ ਸਿੰਘ ਨੇ ਵੀ ਮਜਦੂਰ ਧੀਆਂ ਦੀ ਹਾਲਤ ਬਿਆਨ ਕਰਦਾ ਗੀਤ ਪੇਸ਼ ਕੀਤਾ। ਰੈਲੀ ਦੀ ਪ੍ਰਧਾਨਗੀ ਕਾਮਰੇਡ ਗੁਲਜਾਰ ਸਿੰਘ ਗੋਰੀਆ, ਕਾਮਰੇਡ ਬੰਤ ਸਿੰਘ ਬਰਾੜ, ਕਾਮਰੇਡ ਹਰਦੇਵ ਸਿੰਘ ਅਰਸ਼ੀ, ਕਾਮਰੇਡ ਦੇਵੀ ਕੁਮਾਰੀ ਸਰਾਹਲੀ ਕਲਾਂ, ਕਾਮਰੇਡ ਕਿ੍ਰਸ਼ਨ ਚੌਹਾਨ, ਕਾਮਰੇਡ ਅਸ਼ੋਕ ਕੌਸ਼ਲ, ਕਾਮਰੇਡ ਗੁਰਨਾਮ ਸਿੰਘ, ਕਾਮਰੇਡ ਨਾਨਕ ਚੰਦ ਲੰਬੀ, ਕਾਮਰੇਡ ਪ੍ਰੀਤਮ ਸਿੰਘ ਨਿਆਮਤ ਪੁਰਾ, ਕਾਮਰੇਡ ਤੂੰਬੜ ਭੰਨ, ਨਿਰਮਲ ਸਿੰਘ ਆਦਿ ਦੇ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। ਸਟੇਜ ਸਕੱਤਰ ਦੇ ਫਰਜ ਸੀ ਪੀ ਆਈ ਫਰੀਦਕੋਟ ਦੇ ਸਕੱਤਰ ਕਾਮਰੇਡ ਅਸ਼ੋਕ ਕੌਸ਼ਲ ਨੇ ਨਿਭਾਏ।

Related Articles

LEAVE A REPLY

Please enter your comment!
Please enter your name here

Latest Articles