ਸ਼ਹੀਦ ਕਾਮਰੇਡ ਅਮੋਲਕ ਸਿੰਘ ਨਗਰ, ਫਰੀਦਕੋਟ/ਕੋਟਕਪੂਰਾ
(ਗਿਆਨ ਸੈਦਪੁਰੀ/ਰਛਪਾਲ ਭੁੱਲਰ)
ਪੰਜਾਬ ਖੇਤ ਮਜ਼ਦੂਰ ਸਭਾ ਦੀ ਹੋਰ ਮਜ਼ਬੂਤੀ ਲਈ ਕੰਮ ਕਰਨ ਦੇ ਵਰਤਾਰੇ ਨੂੰ ਹੋਰ ਸੰਜੀਦਾ ਬਣਾਉਣ ਅਤੇ ਖੇਤ ਮਜ਼ਦੂਰਾਂ ਦੇ ਵਿਹੜਿਆਂ ਨੂੰ ਖੇੜੇ ਪ੍ਰਦਾਨ ਕਰਨ ਦੇ ਅਹਿਦ ਨਾਲ ਸਭਾ ਦਾ 33ਵਾਂ ਸੂਬਾ ਅਜਲਾਸ ਸਫਲਤਾ-ਪੂਰਵਕ ਸੰਪੰਨ ਹੋ ਗਿਆ। ਇਸੇ ਦੌਰਾਨ ਪ੍ਰੀਤਮ ਸਿੰਘ ਨਿਆਮਤਪੁਰਾ ਨਵੇਂ ਪ੍ਰਧਾਨ ਚੁਣੇ ਗਏ ਅਤੇ ਦੇਵੀ ਕੁਮਾਰੀ ਸਰਾਹਲੀ ਕਲਾਂ ਮੁੜ ਜਨਰਲ ਸਕੱਤਰ ਚੁਣੇ ਗਏ। 55 ਮੈਂਬਰੀ ਸੂਬਾ ਵਰਕਿੰਗ ਕਮੇਟੀ ਦਾ ਵੀ ਗਠਨ ਕੀਤਾ ਗਿਆ। ਇਸ ਤੋਂ ਪਹਿਲਾਂ ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਾਹਲੀ ਕਲਾਂ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ’ਤੇ ਨਿੱਠ ਕੇ ਚਰਚਾ ਕੀਤੀ ਗਈ। ਇਸ ਚਰਚਾ ਦੌਰਾਨ ਮਾਹੌਲ ਵਿੱਚ ਕਸ਼ੀਦਗੀ ਵੀ ਪੈਦਾ ਹੋਈ। ਕੁਲ ਮਿਲਾ ਕੇ ਪੇਸ਼ ਕੀਤੀ ਗਈ ਰਿਪੋਰਟ ਸਰਬ-ਸੰਮਤੀ ਨਾਲ ਕੁਝ ਵਾਧਿਆਂ ਸਮੇਤ ਪਾਸ ਕਰ ਦਿੱਤੀ ਗਈ।
ਰਿਪੋਰਟ ’ਤੇ ਹੋਈ ਬਹਿਸ ਦੌਰਾਨ ਉੱਠੇ ਸਵਾਲਾਂ ਦੇ ਜਵਾਬ ਦਿੰਦਿਆਂ ਦੇਵੀ ਕੁਮਾਰੀ ਸਰਾਹਲੀ ਕਲਾਂ ਨੇ ਸਭ ਸਾਥੀਆਂ ਦਾ ਸਹਿਯੋਗ ਮੰਗਦਿਆਂ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ। ਸਰਾਹਲੀ ਕਲਾਂ ਨੇ ਉਨ੍ਹਾਂ ’ਤੇ ਮੁੜ ਭਰੋਸਾ ਪ੍ਰਗਟ ਕਰਨ ’ਤੇ ਡੈਲੀਗੇਟਾਂ ਦਾ ਧੰਨਵਾਦ ਕੀਤਾ। ਚੁਣੇ ਗਏ ਹੋਰ ਅਹੁਦੇਦਾਰਾਂ ਵਿੱਚ ਰਿਸ਼ੀਪਾਲ ਖੁੱਭਣ ਵਿੱਤ ਸਕੱਤਰ, ਗਿਆਨ ਸੈਦਪੁਰੀ ਪ੍ਰੈੱਸ ਸਕੱਤਰ, ਐਡਵੋਕੇਟ ਸੁਰਜੀਤ ਸਿੰਘ ਸੋਹੀ ਮੀਤ ਪ੍ਰਧਾਨ, ਸੁਰਿੰਦਰ ਭੈਣੀ, ਨਾਨਕ ਚੰਦ ਲੰਬੀ ਤੇ ਸਿਮਰਤ ਕੌਰ (ਤਿੰਨੋਂ ਮੀਤ ਸਕੱਤਰ), ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਕੌਮੀ ਆਗੂ ਹਨ, ਪਰ ਸੂਬਾ ਕਮੇਟੀ ਨੇ ਉਨ੍ਹਾਂ ਨੂੰ ਸਤਿਕਾਰ ਵਜੋਂ ਪੰਜਾਬ ਖੇਤ ਮਜ਼ਦੂਰ ਸਭਾ ਦੇ ਮੀਤ ਪ੍ਰਧਾਨ ਵਜੋਂ ਪਹਿਲਾਂ ਵਾਂਗ ਕੰਮ ਕਰਦੇ ਰਹਿਣ ਦੀ ਅਪੀਲ ਕੀਤੀ, ਜੋ ਉਨ੍ਹਾਂ ਨੇ ਸਵੀਕਾਰ ਕਰ ਲਈ। ਸੂਬਾ ਇਜਲਾਸ ਨੂੰ ਕੁਝ ਭਰਾਤਰੀ ਜਥੇਬੰਦੀਆਂ ਨੇ ਵਧਾਈ ਦਿੱਤੀ। ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਕਾਮਰੇਡ ਲਵਪ੍ਰੀਤ ਸਿੰਘ ਮਾੜੀ ਮੇਘਾ ਨੇ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਖੇਤ ਮਜ਼ਦੂਰ ਸਭਾ ਖੇਤ ਮਜ਼ਦੂਰਾਂ ਦੀ ਜੁਝਾਰੂ ਜਥੇਬੰਦੀ ਹੈ। ਇਸ ਦੇ ਮੋਢਿਆਂ ਨੂੰ ਹੋਰ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ। ਇਸੇ ਤਰ੍ਹਾਂ ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਦੇ ਸੂਬਾ ਆਗੂ ਬਲਜੀਤ ਸਿੰਘ ਮੋਦਲਾ ਨੇ ਵਧਾਈ ਦਿੰਦਿਆਂ ਹਮੇਸ਼ਾ ਪੰਜਾਬ ਖੇਤ ਮਜ਼ਦੂਰ ਸਭਾ ਦਾ ਸਹਿਯੋਗ ਕਰਦੇ ਰਹਿਣ ਦਾ ਵਾਅਦਾ ਮੁੜ ਦੁਹਰਾਇਆ। ਪੇਸ਼ ਕੀਤੀ ਗਈ ਰਿਪੋਰਟ ’ਤੇ ਬਹਿਸ ਕਰਨ ਵਾਲਿਆਂ ਵਿੱਚ ਕਿ੍ਰਸ਼ਨ ਚੌਹਾਨ ਮਾਨਸਾ, ਨਿਰੰਜਣ ਦਾਸ ਮੇਹਲੀ, ਮਹਿੰਦਰ ਰਾਮ ਦੋਦਾ, ਰਿਸ਼ੀਪਾਲ ਖੁੱਭਣ, ਗੁਰਨਾਮ ਸਿੰਘ ਮਾਨੀਵਾਲ, ਪਿਆਰੇ ਲਾਲ ਸੰਗਰੂਰ, ਹੰਸ ਰਾਜ ਜਲੰਧਰ, ਵੀਰ ਕੁਮਾਰ ਕੰਮੇਆਣਾ, ਵੀਰ ਕੁਮਾਰ ਜਲੰਧਰ, ਸੀਤਾ ਰਾਮ ਗੋਬਿੰਦਪੁਰਾ, ਰਛਪਾਲ ਸਿੰਘ ਤਰਨ ਤਾਰਨ ਆਦਿ ਸ਼ਾਮਲ ਹਨ। ਪੂਰੇ ਇਜਲਾਸ ਦੌਰਾਨ ਸਟੇਜ ਦੀ ਕਾਰਵਾਈ ਨਾਨਕ ਚੰਦ ਲੰਬੀ ਨੇ ਚਲਾਈ। ਸੀ.ਪੀ.ਆਈ. ਫਰੀਦਕੋਟ ਦੇ ਜ਼ਿਲ੍ਹਾ ਸਕੱਤਰ ਮਾਸਟਰ ਅਸ਼ੋਕ ਕੁਮਾਰ ਕੌਸ਼ਲ ਨੇ ਰੈਲੀ ਤੇ ਡੈਲੀਗੇਟ ਅਜਲਾਸ ਨੂੰ ਸਫਲ ਕਰਨ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਸ਼ਹੀਦ ਕਾਮਰੇਡ ਅਮੋਲਕ ਸਿੰਘ ਦੀ ਲਿਖੀ ਕਵਿਤਾ ‘ਸੋਚਦੇ ਹਾਂ ਦੋਸਤੋ, ਕੁਝ ਇਸ ਤਰ੍ਹਾਂ ਦੀ ਜ਼ਿੰਦਗੀ’ ਤਰੰਨਮ ਵਿੱਚ ਪੇਸ਼ ਕੀਤੀ। ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਨੇ ਰੈਲੀ ਅਤੇ ਇਜਲਾਸ ਦੀ ਸਫਲਤਾ ਲਈ ਪਾਰਟੀ ਦੀ ਸੂਬਾ ਲੀਡਰਸ਼ਿਪ ਅਤੇ ਵਿਸ਼ੇਸ਼ ਕਰਕੇ ਫਰੀਦਕੋਟ ਦੇ ਸਾਥੀਆਂ ਦਾ ਧੰਨਵਾਦ ਕਰਦਿਆਂ ਜਥੇਬੰਦੀ ਦੀ ਮਜ਼ਬੂਤੀ ਦਾ ਅਹਿਦ ਕੀਤਾ।





