ਚੰਡੀਗੜ੍ਹ : ਮੁਹਾਲੀ ’ਚ ਇਕੱਠੇ ਹੋਏ ਕਿਸਾਨਾਂ ਨੇ ਐਤਵਾਰ ਚੰਡੀਗੜ੍ਹ ਵੱਲ ਮਾਰਚ ਕਰਨ ਦਾ ਫੈਸਲਾ ਟਾਲ ਦਿੱਤਾ। ਸੰਯੁਕਤ ਕਿਸਾਨ ਮੋਰਚਾ ਦੇ ਸਮੂਹ ਕਿਸਾਨ ਏਅਰਪੋਰਟ ਰੋਡ ਧਰਨੇ ਵਾਲੀ ਥਾਂ ’ਤੇ ਇਕੱਠੇ ਹੋਣਗੇ। ਸੋਮਵਾਰ ਸਵੇਰੇ ਇੱਥੇ ਮੀਟਿੰਗ ਹੋਵੇਗੀ, ਜਿਸ ਵਿਚ ਚੰਡੀਗੜ੍ਹ ਵੱਲ ਮਾਰਚ ਬਾਰੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। 26, 27 ਤੇ 28 ਨਵੰਬਰ ਦੇ ਧਰਨੇ ਲਈ ਪੁੱਜੇ ਕਿਸਾਨਾਂ ਨੂੰ ਚੰਡੀਗੜ੍ਹ ਵਿਚ ਦਾਖਲ ਹੋਣ ਤੋਂ ਰੋਕਣ ਲਈ ਮੁਹਾਲੀ ਅਤੇ ਪੰਚਕੂਲਾ ਤੋਂ ਆਉਣ ਵਾਲੇ ਰਸਤਿਆਂ ’ਤੇ ਕਾਫੀ ਚੰਡੀਗੜ੍ਹ ਪੁਲਸ ਤਾਇਨਾਤ ਹੈ। ਮੁਹਾਲੀ ਵਿੱਚ ਵੀ ਬੈਰੀਕੇਡਿੰਗ ਲਗਾ ਕੇ ਨੀਮ ਫੌਜੀ ਬਲ ਤਾਇਨਾਤ ਕੀਤੇ ਗਏ ਹਨ। ਦਿੱਲੀ ਦੇ ਸਿੰਘੂ-ਟਿਕਰੀ ਬਾਰਡਰ ’ਤੇ ਹੋਏ ਅੰਦੋਲਨ ਵਾਂਗ ਕਿਸਾਨ ਪੂਰਾ ਸਾਮਾਨ ਲੈ ਕੇ ਪਹੁੰਚੇ ਹਨ। ਕਿਸਾਨ ਕੇਂਦਰ ਸਰਕਾਰ ’ਤੇ ਆਪਣੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਗਾ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਨੇ ਅੰਦੋਲਨ ਦੌਰਾਨ ਜਿਨ੍ਹਾਂ ਗੱਲਾਂ ਲਈ ਸਹਿਮਤੀ ਦਿੱਤੀ ਸੀ, ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਗਿਆ। ਖਾਸ ਕਰਕੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਨਹੀਂ ਦਿੱਤੀ ਅਤੇ ਕਿਸਾਨਾਂ ਵਿਰੁੱਧ ਦਰਜ ਕੀਤੇ ਕੇਸ ਵਾਪਸ ਨਹੀਂ ਲਏ ਗਏ। ਕਿਸਾਨਾਂ ਦਾ ਕਹਿਣਾ ਹੈ ਕਿ ਜਿੱਥੇ ਵੀ ਪੁਲਸ ਉਨ੍ਹਾਂ ਨੂੰ ਰੋਕੇਗੀ, ਉਹ ਉੱਥੇ ਧਰਨਾ ਦੇਣਗੇ। ਦੇਸ਼ ’ਚ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਵਿਚ ਤਿੰਨ ਦਿਨਾ ਧਰਨੇ ਦਾ ਸੱਦਾ ਸੰਯੁਕਤ ਕਿਸਾਨ ਮੋਰਚਾ ਨੇ ਦਿੱਤਾ ਹੈ।





