ਲੰਡਨ : ਆਇਰਲੈਂਡ ਦੇ ਲੇਖਕ ਪੌਲ ਲਿੰਚ ਨੂੰ ਇੱਥੇ ਉਨ੍ਹਾ ਦੇ ਨਾਵਲ ‘ਪ੍ਰਾਫੇਟ ਸੌਂਗ’ ਲਈ ਬੁਕਰ ਪੁਰਸਕਾਰ 2023 ਨਾਲ ਸਨਮਾਨਤ ਕੀਤਾ ਗਿਆ। ਲਿੰਚ ਨੇ ਲੰਡਨ ਸਥਿਤ ਭਾਰਤੀ ਮੂਲ ਦੀ ਲੇਖਕਾ ਚੇਤਨਾ ਮਾਰੂ ਦੇ ਪਹਿਲੇ ਨਾਵਲ ‘ਵੈਸਟਰਨ ਲੇਨ’ ਨੂੰ ਹਰਾ ਕੇ ਇਹ ਪੁਰਸਕਾਰ ਜਿੱਤਿਆ। ਲਿੰਚ (46) ਨੇ ‘ਪੈਗੰਬਰ ਗੀਤ’ ਵਿੱਚ ਤਾਨਾਸ਼ਾਹੀ ਦੀ ਪਕੜ ’ਚ ਆਇਰਲੈਂਡ ਦੀ ਤਸਵੀਰ ਪੇਸ਼ ਕੀਤੀ ਹੈ। ਇਹ ਨਾਵਲ ਪਰਵਾਰ ਦੀ ਕਹਾਣੀ ਦੱਸਦਾ ਹੈ, ਜੋ ਭਿਆਨਕ ਨਵੀਂ ਦੁਨੀਆ ਨਾਲ ਜੂਝ ਰਿਹਾ ਹੈ, ਜਿਸ ’ਚ ਲੋਕਤੰਤਰੀ ਮਾਪਦੰਡ ਅਲੋਪ ਹੋਣੇ ਸ਼ੁਰੂ ਹੋ ਜਾਂਦੇ ਹਨ। ਲਿੰਚ ਨੇ 50 ਹਜ਼ਾਰ ਪੌਂਡ ਦਾ ਵਕਾਰੀ ਇਨਾਮ ਜਿੱਤਣ ਤੋਂ ਬਾਅਦ ਕਿਹਾਮੈਂ ਆਧੁਨਿਕ ਬਦਅਮਨੀ ਨੂੰ ਵੇਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਪੱਛਮੀ ਲੋਕਤੰਤਰਾਂ ’ਚ ਅਸ਼ਾਂਤੀ ਨੂੰ ਵੇਖਣ ਦੀ ਕੋਸ਼ਿਸ਼ ਕੀਤੀ। ਸੀਰੀਆ ਦੀ ਸਮੱਸਿਆ, ਸ਼ਰਨਾਰਥੀ ਸੰਕਟ ਦਾ ਪੈਮਾਨਾ ਅਤੇ ਪੱਛਮ ਦੀ ਉਦਾਸੀਨਤਾ। ਲਿੰਚ ਇਹ ਪੁਰਸਕਾਰ ਜਿੱਤਣ ਵਾਲੇ ਪੰਜਵੇਂ ਆਇਰਿਸ਼ ਲੇਖਕ ਬਣ ਗਏ ਹਨ।



